ਚੰਡੀਗੜ੍ਹ- ਸ਼੍ਰੋਮਣੀ ਅਕਾਲੀਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ ਰਵੀਇੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਅਪੀਲ ਕੀਤੀ ਕਿ ਉਹ ਦੋ ਦਸੰਬਰ 2024 ਦੇ ਹੁਕਮਨਾਮੇ ਲਾਗੂ ਕਰਵਾਉਣ ਤਾਂ ਜੋ ਇਸ ਮਹਾਨ ਸੰਸਥਾ ਦੀ ਮਾਣ ਮਰਯਾਦਾ ਬਰਕਰਾਰ ਰਹਿ ਸਕੇ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਦੋ ਦਸੰਬਰ 2024 ਨੂੰ ਉਸ ਵੇਲੇ ਇਹ ਹੁਕਮਨਾਮੇ ਜਾਰੀ ਹੋਣ ਨਾਲ ਵਿਸ਼ਵ ਭਰ ਚ ਸਿੰਘ ਸਾਹਿਬਾਨ ਦੇ ਆਦੇਸ਼ ਦੀ ਖੂਬ ਤਾਰੀਫ ਹੋਈ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸਿੱਖ ਪੰਥ ਲਈ ਇਲਾਹੀ ਹੁਕਮ ਹੈ ਅਤੇ ਸਾਰਾ ਪੰਥ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ। ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਨੇ ਸਿੰਘ ਸਾਹਿਬਾਨ ਦੇ ਆਦੇਸ਼ ਇੰਨ ਬਿਨ ਮੰਨਣ ਦੀ ਥਾਂ ਜਥੇਦਾਰ ਸਾਹਿਬਾਨ ਦੇ ਹੁਕਮਾਂ ਨੂੰ ਅਣਡਿੱਠ ਕੀਤਾ। ਸ ਸੁਖਬੀਰ ਸਿੰਘ ਬਾਦਲ ਨੇ ਤਾਂ ਵੱਖ-ਵੱਖ ਮੌਕਿਆਂ 'ਤੇ ਬਿਆਨ ਦੇਕੇ ਇਸ ਮੁਕੱਦਸ ਅਸਥਾਨ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦਿਆਂ, ਇਹਨਾਂ ਫੈਸਲਿਆਂ ਨੂੂੰ ਸਾਜਿਸ਼ ਕਰਾਰ ਦੇ ਦਿੱਤਾ ਸੀ। ਇਸ ਨਾਲ ਹੁਕਮਨਾਮੇ ਜਾਰੀ ਕਰਨ ਦੀ ਮਰਿਆਦਾ 'ਤੇ ਇੱਕ ਤਰਾਂ ਸਵਾਲੀਆ ਨਿਸ਼ਾਨ ਲਗਾਇਆ ਗਿਆ।
ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਕ ਦਹਾਕੇ ਤੋੰ ਵੱਧ ਸਮੇਂ ਤੋਂ ਜੱਥੇਦਾਰ ਅਕਾਲ ਤਖਤ ਸਾਹਿਬ ਦੀਆਂ ਨਿਯੁਕਤੀਆਂ ਕੰਮ ਚਲਾਊ ਭਾਵ ਕਾਰਜਕਾਰੀ ਜੱਥੇਦਾਰ ਵਜੋਂ ਹੀ ਹੋ ਰਹੀਆਂ ਹਨ। ਜਿਸ ਕਾਰਨ ਪੰਥ ਦੇ ਅਹਿਮ ਫੈਸਲਿਆਂ ਤੇ ਮੁਸ਼ਕਲਾਂ ਆਉਣੀਆਂ ਕੁਦਰਤੀ ਹਨ। ਇਸ ਲਈ ਪੂਰੀ ਕੌਮ ਦੀਆਂ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਕੇ ਸ਼ਰੋਮਣੀ ਕਮੇਟੀ ਨੂੰ ਇਸ ਮਹਾਨ ਸੰਸਥਾ ਦੇ ਜਥੇਦਾਰ ਸਾਹਿਬ ਦੀਪੱਕੀ ਨਿਯੁਕਤੀ ਕਰਨੀ ਚਾਹੀਦੀ ਹੈ।