ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 1746-47 ਦੇ ਛੋਟੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ 21ਵਾਂ ਰਾਗ ਦਰਬਾਰ ਸ਼ਨਿੱਚਰਵਾਰ, 16 ਮਈ 2026 ਨੂੰ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੜੀ ਸ਼ਰਧਾ, ਭਾਵਨਾ ਅਤੇ ਗੁਰਮਤਿ ਮਾਹੌਲ ਵਿੱਚ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਣਗੇ। ਸਮਾਗਮ ਵਿੱਚ ਭਾਈ ਗੁਰੂਸਾਹਿਬ ਸਿੰਘ ਜੀ ਸ੍ਰੀ ਅੰਮ੍ਰਿਤਸਰ ਵਾਲੇ, ਭਾਈ ਜਤਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅਤੇ ਭਾਈ ਸ਼ੌਕੀਨ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਨਗੇ। ਇਸ ਤੋਂ ਇਲਾਵਾ ਸ਼੍ਰੀ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾਵੇਗਾ ਅਤੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜੰਡਿਆਲਾ ਗੁਰੂ ਵੀ ਇਸ ਮੌਕੇ ਹਾਜ਼ਰੀ ਭਰਨਗੇ।
ਸਰਦਾਰ ਕਾਲਕਾ ਨੇ ਦੱਸਿਆ ਕਿ ਇਸ ਰਾਗ ਦਰਬਾਰ ਦਾ ਸਿੱਧਾ ਪ੍ਰਸਾਰਨ "ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ" ਦੀ ਅਧਿਕਾਰਿਕ ਵੈੱਬਸਾਈਟ, ਕਮੇਟੀ ਦੇ ਫੇਸਬੁੱਕ ਪੇਜ ਅਤੇ ਵੱਖ-ਵੱਖ ਧਾਰਮਿਕ ਚੈਨਲਾਂ ਜਿਵੇਂ ਚੜਦੀ ਕਲਾ ਟਾਈਮ ਟੀਵੀ, ਜੀਐਸਪੀਐਸ ਲਾਈਵ, ਕੀਰਤਨ ਪ੍ਰਧਾਨਾ, ਬਾਣੀ ਨੈੱਟ, ਅਕਾਲ ਸਹਾਇ ਗੁਰਬਾਣੀ, ਕੇਸਰੀ ਕਨੈਕਟ ਅਤੇ ਸਿੱਖੀ ਚੈਨਲ ’ਤੇ ਕੀਤਾ ਜਾਵੇਗਾ, ਤਾਂ ਜੋ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਵੀ ਇਸ ਪਵਿੱਤਰ ਸਮਾਗਮ ਨਾਲ ਜੁੜ ਸਕਣ।
ਉਨ੍ਹਾਂ ਕਿਹਾ ਕਿ ਛੋਟਾ ਘੱਲੂਘਾਰਾ ਸਿੱਖ ਕੌਮ ਦੀ ਸ਼ਹਾਦਤ, ਅਟੱਲ ਹੌਸਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸ਼ਹੀਦਾਂ ਦੀ ਯਾਦ ਨੂੰ ਜੀਵੰਤ ਰੱਖਣ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਸ਼ਾਨਦਾਰ ਇਤਿਹਾਸ ਅਤੇ ਗੁਰਸਿੱਖੀ ਮੁੱਲਾਂ ਨਾਲ ਜੋੜਨ ਲਈ ਅਜਿਹੇ ਧਾਰਮਿਕ ਸਮਾਗਮ ਬਹੁਤ ਜ਼ਰੂਰੀ ਹਨ।
ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਮਹਾਨ ਗੁਰਮਤਿ ਸਮਾਗਮ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਛੋਟੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ।