ਲੁਧਿਆਣਾ - ਸਮੁੱਚੇ ਸੰਸਾਰ ਅੰਦਰ ਗੁਰਮਤਿ ਸੰਗੀਤ ਦੀ ਪ੍ਰਫੁੱਲਤਾਂ ਅਤੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਸੰਸਥਾ ਜਵੱਦੀ ਟਕਸਾਲ, ਲੁਧਿਆਣਾ ਵੱਲੋ ਅੱਜ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ " ਬੇਗਮਪੁਰਾ ਦੇ ਸੰਕਲਪ " ਵਿਸ਼ੇ ਤੇ ਕਰਵਾਏ ਗਏ ਇੱਕ ਰੋਜ਼ਾ ਵਿਸੇਸ਼ ਸੈਮੀਨਾਰ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਨਾਲ ਕਰਦਿਆਂ ਹੋਇਆ ਡਾ. ਜਸਪਾਲ ਸਿੰਘ ਸਾਬਕਾ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਬਾਣੀ ਜਿੱਥੇ ਸਾਨੂੰ ਕਿਰਤ ਕਰਨ, ਬਰਾਬਰਤਾ, ਪ੍ਰੇਮ ਭਾਈਚਾਰਾ, ਦੁੱਖ ਰਹਿਤ ਮਨੁੱਖੀ ਸਮਾਜ, ਆਜ਼ਾਦੀ ਅਤੇ ਅਧਿਆਤਮਿਕਤਾ ਦੇ ਨਾਲ ਜੋੜਨ ਦਾ ਸੰਦੇਸ਼ ਦੇਦੀ ਹੈ, ਉੱਥੇ ਬੇਗਮਪੁਰਾ ਦੇ ਸੰਕਲਪ ਰਾਹੀਂ ਮਨੁੱਖਤਾ ਨੂੰ ਇਕ ਨਵੀਂ ਸੇਧ ਦੇ ਕੇ ਆਪਣੇ ਹੱਕਾ ਪ੍ਰਤੀ ਜਾਗਰੂਕ ਹੋਣ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਸਿਧਾਂਤ ਨਾਲ ਜੋੜਦੀ ਹੈ! ਅੱਜ ਸਮੇ ਦੀ ਮੁੱਖ ਲੋੜ ਹੈ ਕਿ ਉਨ੍ਹਾਂ ਵੱਲੋ ਦੇਖੇ ਬੇਗਮਪੁਰਾ ਦੇ ਸਕੰਲਪ ਨੂੰ ਸਮਾਜ ਅੰਦਰ ਹਕੀਕੀ ਰੂਪ ਵਿੱਚ ਲਾਗੂ ਕਰਵਾਉਣ ਦੀ ਤਾਂ ਹੀ ਸਾਡਾ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਮਨਾਉਣਾ ਸਫਲਾ ਹੋ ਸਕਦਾ ਹੈ!
ਡਾ. ਜਸਪਾਲ ਸਿੰਘ ਨੇ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋ ਕਰਵਾਏ ਗਏ ਉਕਤ ਵਿਸੇਸ਼ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਹਿਰਦਤਾ ਤੇ ਯੋਗ ਅਗਵਾਈ ਦੇ ਹੇਠ ਜਵੱਦੀ ਟਕਸਾਲ ਦੇ ਵੱਲੋ ਸਮਾਜ ਦੇ ਲੋਕਾਂ ਨੂੰ ਆਪਸੀ ਭਾਈਚਾਂਰਕ ਸਾਂਝ ਮਜ਼ਬੂਤ ਕਰਨ ਤੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਵੱਲੋ ਲੋਕ ਕਲਿਆਣ ਨਾਲ ਔਤ-ਪ੍ਰੋਤ ਬਖਸੇ਼ ਬੇਗਮਪੁਰਾ ਦੇ ਸਿਧਾਂਤ ਨੂੰ ਉਭਾਰਨ ਲਈ ਕੀਤਾ ਗਿਆ ਵੱਡਾ ਉਪਰਾਲਾ ਇੱਕ ਮਿਸਾਲੀ ਕਾਰਜ ਹੈ!ਇਸ ਦੌਰਾਨ ਸੈਮੀਨਾਰ ਵਿੱਚ ਪੁੱਜੇ ਸ. ਹਰਿੰਦਰ ਸਿੰਘ ਖਾਲਸਾ ਸਾਬਕਾ ਮੈਬਰ ਪਾਰਲੀਮੈਂਟ ਨੇ ਆਪਣੇ ਖੋਜ ਭਰਪੂਰ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕਿਹਾ ਕਿ ਜਿੰਨ੍ਹੀ ਦੇਰ ਤੱਕ ਅਸੀ ਸਮਾਜ ਅੰਦਰੋਂ ਜਾਤ ਪਾਤ ਦੇ ਵਿਖਰੇਵਾਇਆ ਦਾ ਕੋਹੜ ਖਤਮ ਨਹੀਂ ਕਰਾਂਗੇ ਉਨ੍ਹੀ ਦੇਰ ਤੱਕ ਅਸੀ ਭਗਤ ਰਵਿਦਾਸ ਜੀ ਦੇ ਵੱਲੋ ਦਿੱਤੇ ਬੇਗਮ ਪੁਰਾ ਦੇ ਸਿਧਾਂਤ ਨੂੰ ਸਹੀ ਅਰਥਾਂ ਵਿੱਚ ਲਾਗੂ ਨਹੀ ਕਰ ਸਕਦੇ! ਇਸ ਦੌਰਾਨ ਸੈਮੀਨਾਰ ਅੰਦਰ ਬਹੁਪੱਖੀ ਵਿਚਾਰਾਂ ਦੀ ਸਾਂਝ ਕਰਨ ਲਈ ਪੁੱਜੇ ਪ੍ਰੋ: ਗੁਰਨੇਕ ਸਿੰਘ ਸਾਬਕਾ ਵਾਈਸ ਚਾਂਸਲਰ (ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ) ਪ੍ਰੋ. ਅਮਰ ਸਿੰਘ ਡਾਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ, ਪ੍ਰੋ: ਰੌਣਕੀ ਰਾਮ ਸਾਬਕਾ ਪ੍ਰੋਫੈਸਰ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਿਹਾ ਕਿ ਸ਼੍ਰੋਮਣੀ ਭਗਤ ਰਵਿਦਾਸ ਜੀ ਵੱਲੋ ਬੇਗਮਪੁਰਾ ਨਗਰੀ ਦਾ ਸੰਕਲਪ ਬਿਲਕੁਲ ਨਵਾਂ, ਅਜਬ ਅਤੇ ਕਰੁਣਾਮਈ ਭਾਵਨਾ ਨਾਲ ਰੰਗਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਭਗਤ ਰਵਿਦਾਸ ਜੀ ਦੇ ਸਮੇਂ ਟੈਕਸਾਂ ਕਾਰਨ ਲੋਕਾਂ ਵਿਚ ਖੌਫ਼ ਅਤੇ ਹਰ ਪਾਸੇ ਆਪੋ-ਧਾਪੀ ਸੀ। ਰਾਜਿਆਂ ਦੇ ਮਹਿਲਾਂ ਵਿਚ ਜਾਣ ਦੀ ਮਨਾਹੀ ਸੀ ਤੇ ਆਮ ਲੋਕਾਂ ਨੂੰ ਇਨਸਾਫ ਨਹੀਂ ਸੀ ਮਿਲਦਾ। ਇਸੇ ਲਈ ਭਗਤ ਰਵਿਦਾਸ ਜੀ ਨੇ ਬੇਗਮਪੁਰੇ ਦੇ ਸਕੰਲਪ ਦੀ ਉਸਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਸਾਰੇ ਤੱਥਾਂ ਅਤੇ ਅਲਾਮਤਾਂ ਨੂੰ ਚੰਗੀ ਤਰ੍ਹਾਂ ਘੋਖ ਕੇ ਨਿਸ਼ਾਨਦੇਈ ਕਰ ਲਈ ਸੀ। ਉਨ੍ਹਾਂ ਨੇ ਇਸੇ ਕਰਕੇ ਬੇਗਮਪੁਰੇ ਨਗਰੀ ਦਾ ਬਹੁਤ ਹੀ ਸੁੰਦਰ ਚਿੱਤਰਣ ਕੀਤਾ ਹੈ। ਇਸ ਬਚਿੱਤਰ ਨਗਰੀ ਵਿਚ ਵਸਨੀਕਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ, ਦਰਦ, ਡਰ, ਗਮ, ਪ੍ਰੇਸ਼ਾਨੀ ਨਹੀਂ ਹੋ ਸਕਦੀ। ਰਾਜਨੀਤਿਕ ਪ੍ਰਬੰਧ ਵਿਚ ਕਿਸੇ ਤਰ੍ਹਾਂ ਦੇ ਟੈਕਸ, ਖੌਫ਼, ਤਰਸ, ਖਤਾ ਦੀ ਕੋਈ ਥਾਂ ਨਹੀਂ ਹੈ। ਇਹ ਤਾਂ ਅਜਿਹੀ ਨਗਰੀ ਹੈ, ਜਿੱਥੇ ਖੁਸ਼ੀਆਂ ਦਾ ਵਾਸਾ ਹੋਵੇਗਾ ਅਤੇ ਸਦਾ ਹੀ ਅਕਾਲ ਪੁਰਖ ਦੀ ਰਹਿਮਤ ਦੀ ਵਰਖਾ ਨਿਰੰਤਰ ਹੋਣ ਨਾਲ ਹਰ ਪ੍ਰਕਾਰ ਦਾ ਖੈਰ-ਸੁੱਖ ਹੋਵੇਗਾ। ਇਸ ਨਗਰੀ ਦੇ ਵਸਨੀਕ ਹਰ ਤਰ੍ਹਾਂ ਦੀ ਗੁਲਾਮੀ ਤੋਂ ਮੁਕਤ ਹੋਣਗੇ ਅਤੇ ਸਭ ਨੂੰ ਮਹਿਲਾਂ ਵਿਚ ਜਾਣ ਦੀ ਆਜ਼ਾਦੀ ਹੋਵੇਗੀ। ਸਮਾਜ ਵਿੱਚ ਸੁੱਖ-ਸ਼ਾਂਤੀ ਅਤੇ ਸਾਰਾ ਹੀ ਮਾਨਵ-ਸਮਾਜ ਗ਼ਮ-ਰਹਿਤ ਹੋਵੇਗਾ। ਪਿਆਰ ਅਤੇ ਪ੍ਰੇਮ ਦੀ ਗੰਗਾ ਵਹਿੰਦੀ ਨਜ਼ਰ ਆਵੇਗੀ, ਜਾਤੀ-ਪ੍ਰਥਾ ਤੋਂ ਦੂਰ ਸਮਾਜ ਬਰਾਬਰਤਾ ਦਾ ਸੁੱਖ ਭੋਗੇਗਾ।ਇਸ ਸਬੰਧੀ ਉਨ੍ਹਾਂ ਨੇ ਬਹੁਤ ਹੀ ਸੁੰਦਰ ਸ਼ਬਦਾਂ ਵਿਚ ਦੱਸਿਆ ਹੈ! ਬੇਗਮ ਪੁਰਾ ਸਹਰ ਕੋ ਨਾਉ || ਦੂਖੁ ਅੰਦੋਹੁ ਨਹੀ ਤਿਹਿ ਠਾਉ ||, ਸੈਮੀਨਾਰ ਅੰਦਰ ਉੱਘੇ ਸਿੱਖ ਚਿੰਤਕ ਸ੍ਰ: ਅਨੁਰਾਗ ਸਿੰਘ ਤੇ ਪ੍ਰੋ: ਰਵੇਲ ਸਿੰਘ, ਨੇ ਜਿੱਥੇ ਆਪਣੇ ਖੋਜ ਭਰਪੂਰ ਪਰਚੇ ਪੜ੍ਹੇ ਉੱਥੇ ਨਾਲ ਹੀ ਕਿਹਾ ਕਿ ਸ੍ਰੌਮਣੀ ਭਗਤ ਰਵਿਦਾਸ ਜੀ ਨੇ ਮਨੁੱਖਤਾ ਲਈ ਪਿਆਰ, ਅਧਿਆਤਮਿਕਤਾ ਪ੍ਰਮੁੱਖ ਅਤੇ ਮਨੁੱਖਾਂ ਦੇ ਦੁੱਖਾਂ ਤੋਂ ਛੁਟਕਾਰੇ ਲਈ ‘ਬੇਗਮਪੁਰਾ ਨਗਰੀ’ ਦਾ ਸੰਕਲਪ ਬਣਾਇਆ ਪਰ ਉਹ ਇਸ ਸੰਕਲਪ ਦੇ ਹਾਮੀ ਹੋਣ ਦੇ ਨਾਲ ਕਿਸੇ ਤਰ੍ਹਾਂ ਦੀ ਵਿਸ਼ੇਸ਼ ਉਤੇਜਨਾ ਜਾਂ ਭੜਕਾਹਟ ਦਾ ਸੰਦੇਸ਼ ਨਹੀਂ ਦਿੰਦੇ। ਉਹ ਤਾਂ ਸੰਤੁਲਤ ਮਨ ਨਾਲ ਆਪਣੇ ਪਿਆਰ ਭਰੀ ਜੁਗਤ ਨੂੰ ਨਿਰੰਤਰ ਜਾਰੀ ਰੱਖਦੇ ਹਨ। ਦਰਅਸਲ ਉਨ੍ਹਾਂ ਦੇ ਇਸ ਸੰਕਲਪ ਦਾ ਵਿਚਾਰ ਪੇਸ਼ ਕਰਨ ਦਾ ਮੁੱਖ ਕਾਰਨ ਵੀ ਇਹ ਹੀ ਸੀ ਕਿ ਮੱਧਕਾਲੀ ਭਾਰਤ ਵਿੱਚ ਸਿੱਖ ਗੁਰੂ-ਕਾਲ ਤੋਂ ਪਹਿਲਾਂ ਜਿੰਨੇ ਵੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ ਹੈ, ਉਨ੍ਹਾਂ ਬਾਣੀਕਾਰਾਂ ਅਤੇ ਭਗਤਾਂ ਨੇ ਅਖੌਤੀ ਨੀਵੀ ਜਾਤ ਕਾਰਨ ਆਪਣੇ ਸਮੇਂ ਦਾ ਨਰਕਮਈ ਜੀਵਨ ਭੋਗਿਆ ਸੀ। ਉਨ੍ਹਾਂ ਨੂੰ ਇਨ੍ਹਾਂ ਦੁੱਖਾਂ ਦਾ ਨਿੱਜੀ ਤੌਰ ’ਤੇ ਪਤਾ ਹੈ ਅਤੇ ਸਮਾਜ ਦੀ ਦੁਰਦਸ਼ਾ ਉਨ੍ਹਾਂ ਨੇ ਆਪਣੇ ਅੱਖੀਂ ਦੇਖੀ ਹੋਈ ਸੀ। ਇਸ ਲਈ ਉਨ੍ਹਾਂ ਨੇ ਬੇਗਮਪੁਰਾ ਦੇ ਸਕੰਲਪ ਨੂੰ ਇੱਕ ਨਵੇਂ ਕ੍ਰਾਂਤੀਕਾਰੀ ਸਕੱੰਲਪ ਵੱਜੋ ਆਪਣੀ ਬਾਣੀ ਰਾਹੀ ਸਮੁੱਚੀ ਲੋਕਾਈ ਅੱਗੇ ਪੇਸ਼ ਕਰਨ ਦਾ ਮਿਸਾਲੀ ਉਪਰਾਲਾ ਕੀਤਾ! ਸੈਮੀਨਾਰ ਦੀ ਸਮਾਪਤੀ ਮੌਕੋ ਸਮੂਹ ਵਿਦਵਾਨ ਸ਼ਖਸੀਅਤਾਂ ਦਾ ਧੰਨਵ ਪ੍ਰਗਟ ਕਰਦਿਆਂ ਤੇ ਆਯੋਜਿਤ ਸੈਮੀਨਾਰ ਦੀ ਪੜਚੋਲ ਕਰਦਿਆਂ ਹੋਇਆ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਆਪਣੇ ਪ੍ਰਭਾਵਸਾਲੀ ਬੋਲਾਂ ਵਿੱਚ ਕਿਹਾ ਕਿ ਭਗਤ ਰਵਿਦਾਸ ਜੀ ਇੱਕ ਅਧਿਆਤਮਵਾਦੀ ਪੁਰਸ਼ ਸਨ, ਜਿੰਨ੍ਹਾਂ ਦੀਆਂ ਸਿੱਖਿਆਵਾਂ, ਸਿਧਾਂਤ ਤੇ ਫਲਾਸਫੀ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਹਨ! ਪਰ ਮੌਜੂਦਾ ਸਮੇਂ ਅੰਦਰ ਸਮਾਜ ਅੰਦਰ ਵੱਧ ਰਿਹਾ ਰਾਜਨੀਤਕ ਗਲਬਾ ਤੇ ਹਉਮੈ ਵਾਦੀ ਸੋਚ ਸਾਨੂੰ ਭਗਤ ਰਵਿਦਾਸ ਜੀ ਵੱਲੋ ਬਖਸੇ ਬੇਗਮ ਪੁਰਾ ਦੇ ਸਿਧਾਂਤ ਨਾਲ ਤੋੜ ਰਹੀ ਹੈ! ਜਿਸ ਦੇ ਪ੍ਰਤੀ ਕੌਮ ਤੇ ਸਮਾਜ ਨੂੰ ਜਾਗਰੂਕ ਹੋਣ ਦੀ ਲੋੜ ਹੈ! ਉਨ੍ਹਾਂ ਨੇ ਕਿਹਾ ਜਵੱਦੀ ਟਕਸਾਲ ਇਸੇ ਸਿਧਾਂਤ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਹਿੱਤ ਆਉਣ ਵਾਲੇ ਸਮੇ ਅੰਦਰ ਭਗਤ ਰਵਿਦਾਸ ਜੀ ਦੇ 650 ਸਾਲਾਂ ਜਨਮ ਦਿਵਸ ਨੂੰ ਸਮਰਪਿਤ ਵਿਸੇਸ਼ ਵਿਚਾਰ ਗੌਸ਼ਟੀਆਂ, ਰਾਗ ਦਰਬਾਰ ਆਦਿ ਦਾ ਆਯੋਜਨ ਵੱਡੇ ਪੱਧਰ ਤੇ ਕਰੇਗੀ ਤਾਂ ਕਿ ਬੇਗਮ ਪੁਰਾ ਦੇ ਸੁਪਨੇ ਨੂੰ ਹਕੀਕੀ ਰੂਪ ਵਿੱਚ ਸਾਕਾਰ ਕਰ ਸਕੀਏ! ਇਸ ਮੌਕੇ ਸੰਤ ਅਮੀਰ ਸਿੰਘ ਜੀ ਨੇ ਸੈਮੀਨਾਰ ਵਿੱਚ ਭਾਗ ਲੈਣ ਵਾਲੀਆਂ ਸਮੂਹ ਸ਼ਖਸਿਅਤਾਂ ਨੂੰ ਦੁਸਾਲੇ ਭੇਟ ਕਰਕੇ ਸਨਮਾਨਿਤ ਵੀ ਕੀਤਾ! ਇਸ ਮੌਕੇ ਉਨ੍ਹਾਂ ਦੇ ਨਾਲ, ਭਾਈ ਸੁਖਵਿੰਦਰ ਸਿੰਘ ਆਗਵਾਨ, ਸਟੇਜ ਸਕੱਤਰ ਡਾ. ਹਰਜੋਤ ਸਿੰਘ, ਸ. ਰਣਜੋਧ ਸਿੰਘ, ਇੰਜੀ. ਡੀ. ਐਮ ਸਿੰਘ, ਭਾਈ ਮੇਜਰ ਸਿੰਘ ਖਾਲਸਾ, ਤੇਜ ਪ੍ਰਕਾਸ਼ ਸਿੰਘ ਸੰਧੂ, ਚਰਨਜੀਤ ਸਿੰਘ, ਐਡਵੋਕੇਟ ਕ੍ਰਿਪਲ ਸਿੰਘ ਕਾਲੜਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ!