ਅੰਮ੍ਰਿਤਸਰ - ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਔਰਤਾਂ ਨੂੰ ਰਾਜਨੀਤੀ ਵਿਚ ਆ ਕੇ ਸੇਵਾ ਕਰਨੀ ਚਾਹੀਦੀ ਹੈ। ਅੱਜ ਪਾਰਟੀ ਦੇ ਦਫਤਰ ਵਿੱਚ ਪੱਤਰਕਾਰਾਂ ਨਾਲ ਗਲ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਔਰਤਾਂ ਨੂੰ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਔਰਤਾਂ ਪਾਇਲਟ, ਪੀ ਸੀ ਐਸ ਤੇ ਆਈ ਏ ਐਸ ਅਤੇ ਖੇਡਾਂ ਸਮੇਤ ਹਰ ਖੇਤਰ ਵਿੱਚ ਸਫਲ ਹੋ ਸਕਦੀਆਂ ਹਨ ਤਾਂ ਰਾਜਨੀਤੀ ਵਿੱਚ ਵੀ ਵੱਡਾ ਯੋਗਦਾਨ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਔਰਤਾਂ ਨੂੰ ਵੱਡੀ ਭੂਮਿਕਾ ਦੇਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਹਰ ਵਾਰਡ ਵਿੱਚ ਘੱਟੋ-ਘੱਟ 11 ਮੈਂਬਰੀ ਟੀਮ ਬਣਾਉਣ ਦੀ ਯੋਜਨਾ ਹੈ।ਹੁਣ ਸਿਰਫ ਵੱਡੀਆਂ ਰੈਲੀਆਂ ਨਾਲ ਨਹੀਂ, ਸਗੋਂ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਲੋੜ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹੋਰ ਪਾਰਟੀਆਂ ਦੀ ਤਰ੍ਹਾਂ ਔਰਤਾਂ ਨੂੰ ਹਰ ਘਰ ਦੀ ਜਾਣਕਾਰੀ ਇਕੱਠੀ ਕਰਕੇ ਟੈਕਨੀਕਲ ਤਰੀਕੇ ਨਾਲ ਲੜਾਈ ਲੜਨੀ ਪਵੇਗੀ, ਤਾਂ ਹੀ ਕਾਮਯਾਬੀ ਮਿਲੇਗੀ। ਗਠਜੋੜ ਦੇ ਸਵਾਲ ‘ਤੇ ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਪਾਰਟੀ ਨਾਲ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਗਠਜੋੜ ਇੱਕ ਗੰਭੀਰ ਮਸਲਾ ਹੁੰਦਾ ਹੈ ਜਿਸ ਲਈ ਸਾਰੀਆਂ ਪਾਰਟੀਆਂ ਵਿਚਾਲੇ ਬੈਠਕਾਂ ਅਤੇ ਸਾਂਝੀ ਰਾਏ ਜ਼ਰੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਥਕ ਸੋਚ ਵਾਲੀਆਂ ਸਾਰੀਆਂ ਧਿਰਾਂ ਨੂੰ ਇਕੱਠੇ ਆ ਕੇ ਪੰਜਾਬ ਅਤੇ ਪੰਥਕ ਮੁੱਦਿਆਂ ਲਈ ਕੰਮ ਕਰਨਾ ਚਾਹੀਦਾ ਹੈ। ਬੀਬੀ ਜਗੀਰ ਕੌਰ ਨੇ ਸੋਸ਼ਲ ਮੀਡੀਆ ਦੇ ਵਧ ਰਹੇ ਪ੍ਰਭਾਵ ‘ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਨੌਜਵਾਨ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਗੁਮਰਾਹ ਹੋ ਰਹੇ ਹਨ ਅਤੇ ਸਿਆਸਤ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਕਿ ਗਲਤ ਜਾਣਕਾਰੀ ਅਤੇ ਏ ਆਈ ਰਾਹੀਂ ਬਣਾਈਆਂ ਜਾ ਰਹੀਆਂ ਫੇਕ ਵੀਡੀਓਜ਼ ਤੋਂ ਬਚਿਆ ਜਾਵੇ। ਇਸ ਦੌਰਾਨ ਉਨ੍ਹਾਂ ਕੁਝ ਆਗੂਆਂ ਦੇ ਪਾਰਟੀ ਛੱਡਣ ਦੇ ਮਾਮਲੇ ‘ਤੇ ਵੀ ਕਿਹਾ ਕਿ ਸਿਆਸਤ ਵਿੱਚ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਪਰ ਹਰ ਲੀਡਰ ਨੂੰ ਆਪਣੀ ਪਾਰਟੀ ਨਾਲ ਡੱਟ ਕੇ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਤੋਂ ਮਿਲੀ ਕਾਮਯਾਬੀ ਹੀ ਅਸਲ ਵਿਚ ਕਾਮਯਾਬੀ ਹੁੰਦੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਥਕ ਅਤੇ ਧਾਰਮਿਕ ਮਸਲਿਆਂ ‘ਤੇ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ ਅਤੇ ਸ਼੍ਰੋਮਣੀ ਕਮੇਟੀ ਵਰਗੀਆਂ ਵੱਡੀਆਂ ਸੰਸਥਾਵਾਂ ਦੇ ਕੰਮਾਂ ਵਿੱਚ ਬਿਨਾਂ ਲੋੜ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ।