ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵਿਚਲੇ ਮੀਟਿੰਗ ਦੀਆਂ ਖ਼ਬਰਾਂ ਨੇ ਪੰਥਕ ਹਲਕਿਆਂ ਵਿਚ ਤਹਿਲਕਾ ਮਚਾ ਦਿੱਤਾ ਹੈ। ਇਕ ਨਿਜੀ ਚੈਨਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਪੰਜ ਮਹਤਵਪੂਰਨ ਆਗੂਆਂ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵਿਚਾਲੇ ਬੀਤੇ ਦਿਨੀ ਕਰੀਬ ਇਕ ਘੰਟਾ ਮੀਟਿੰਗ ਚਲੀ ਜਿਸ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਨੂੰ ਲੈ ਕੇ ਅਤੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੰਭਾਵੀ ਗਠਜੋੜ ਦੇ ਨਾਲ ਨਾਲ ਪੰਜਾਬ ਦੇ ਨਾਲ ਸੰਬਧਤ ਵਖ ਵਖ ਮੁਦਿਆ ਬਾਰੇ ਚਰਚਾ ਕੀਤੀ ਗਈ।ਚਰਚਾ ਹੈ ਕਿ ਇਸ ਮੀਟਿੰਗ ਤੋ ਬਾਅਦ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਬਾਗੋ ਬਾਗ ਹਨ। ਚੈਨਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਪੰਜ ਮਹਤਵਪੂਰਨ ਆਗੂ ਸ੍ਰ ਪ੍ਰੇਮ ਸਿੰਘ ਚੰਦੂਮਾਜਰਾ, ਸ੍ਰ ਪਰਮਿਦੰਰ ਸਿੰਘ ਢੀਡਸਾ, ਸ੍ਰ ਗੁਰਪ੍ਰਤਾਪ ਸਿੰਘ ਵਡਾਲਾ, ਸ੍ਰ ਗਗਨਦੀਪ ਸਿੰਘ ਬਰਨਾਲਾ ਦੇ ਨਾਲ ਨਾਲ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਅਤਿ ਨੇੜਲੇ ਸਾਥੀ ਅਤੇ ਸਲਾਹਕਾਰ ਗਿਆਨੀ ਹਰਦੀਪ ਸਿੰਘ ਸ਼ਾਮਲ ਸਨ। ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਗਿਆਨੀ ਹਰਪ੍ਰੀਤ ਸਿੰਘ ਸ਼ਾਮਲ ਨਹੀ ਸਨ।ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਹਰ ਹੀਲੇ ਸਰਕਾਰ ਬਣਾਉਣ ਲਈ ਉਤਾਵਲੀ ਹੈ। ਇਸ ਲਈ ਵਖ ਵਖ ਸਮੇ ਤੇ ਵਖ ਵਖ ਮੀਟਿੰਗਾਂ ਦੀ ਚਰਚਾ ਚਲਦੀ ਰਹਿੰਦੀ ਹੈ। ਇਸ ਤੋ ਪਹਿਲਾਂ ਵੀ ਕਈ ਅਕਾਲੀ ਦਲਾਂ ਨਾਲ ਮੀਟਿੰਗ ਦੀ ਚਰਚਾ ਚਲਦੀ ਰਹਿ ਚੁੱਕੀ ਹੈ।ਇਸ ਸੰਬਧੀ ਪਾਰਟੀ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਕਰਨ ਦੀ ਵਾਰ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨਾਂ ਨਾਲ ਸੰਪਰਕ ਨਹੀ ਹੋ ਸਕਿਆ।