ਅੰਮ੍ਰਿਤਸਰ - ਪੰਜਾਬ ਸਰਕਾਰ ਦੁਆਰਾ ਲਾਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਈ ਅਹਿਮ ਐਲਾਨ ਕਰ ਸਕਦੇ ਹਨ। ਜਥੇਦਾਰ ਨੇ ਇਸ ਐਕਟ ਵਿਚਲੇ ਪੰਥ ਵਲੋ ਕੀਤੇ ਇਤਰਾਜ ਦੂਰ ਕਰਨ ਲਈ ਪੰਜਾਬ ਸਰਕਾਰ ਨੂੰ 15 ਦਿਨ ਦਾ ਸਮਾਂ ਦਿੱਤਾ ਸੀ।ਇਸ ਸੰਬਧੀ ਜਥੇਦਾਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੂੰ 9 ਮਈ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਬੁਲਾ ਕੇ ਲਿਖਤੀ ਤੋਰ ਤੇ ਪੰਥ ਵਲੋ ਕੀਤੇ ਇਤਰਾਜਾਂ ਦੀ ਸੂਚੀ ਦਿੱਤੀ ਤੇ ਇਨਾਂ ਇਤਰਾਜਾਂ ਨੂੰ ਦੂਰ ਕਰਨ ਲਈ 15 ਦਿਨ ਦਾ ਸਮਾਂ ਵੀ ਦਿੱਤਾ ਸੀ। ਇਹ ਸਮਾਂ ਖਤਮ ਹੋ ਜਾਣ ਤੋ ਬਾਅਦ ਜਥੇਦਾਰ ਇਸ ਐਕਟ ਤੇ ਪੰਥਕ ਇਤਰਾਜਾਂ ਨੂੰ ਲੈ ਕੇ ਸਖਤ ਐਕਸ਼ਨ ਲੈਣ ਬਾਰੇ ਅਹਿਮ ਐਲਾਨ ਕਰ ਸਕਦੇ ਹਨ। ਇਸ ਐਕਟ ਤੇ ਪੰਥਕ ਵਿਦਵਾਨਾਂ ਵਲੋ ਉਠਾਏ ਨੁਕਤਿਆਂ ਨੂੰ ਲੈ ਕੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਪੰਜਾਬ ਸਰਕਾਰ ਨਾਲ ਦਸਤਪੰਜਾ ਲੈਣ ਦਾ ਮਨ ਬਣਾ ਚੁੱਕੀ ਹੈ।ਐਕਟ ਮਾਮਲੇ ਤੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋ 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਪੰਥਕ ਕਾਨਫਰੰਸ ਬੁਲਾਈ ਹੈ। ਇਸ ਦੇ ਨਾਲ ਹੀ 1 ਜ਼ੂਨ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵੀ ਬੁਲਾ ਲਈ ਗਈ ਹੈ।