ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਇਕ ਅਤੇ ਦੋ ਜੂਨ ਨੂੰ ਜਿਲ੍ਹਾ ਹੈਡਕੁਆਰਟਰਾਂ ਤੇ ਡੀ ਸੀਆਂ ਰਾਹੀਂ ਪੰਜਾਬ ਦੀਆਂ ਹੱਕੀ ਮੰਗਾਂ ਦਾ ਇਕ ਚਾਰਟਰ ਗਵਰਨਰ ਪੰਜਾਬ ਦੇ ਨਾਮ ਦਿੱਤਾ ਜਾਵੇਗਾ। ਜਿਸ ਨੂੰ ਮੰਨਵਾਉਣ ਲਈ ਜੇ ਸਰਕਾਰ ਸਹਿਮਤ ਨਾ ਹੋਈ ਤਾਂ ਇਸ ਬਾਰੇ ਜਲਦੀ ਹੀ ਸੰਘਰਸ਼ ਵੀ ਵਿੱਢਿਆ ਜਾਵੇਗਾ। ਤਾਂ ਜੋ ਪੰਜਾਬ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਇਹ ਹੱਕੀ ਮੰਗਾਂ ਪੂਰੀਆਂ ਹੋ ਸਕਣ। ਸ ਵਡਾਲਾ ਨੇ ਕਿਹਾ ਕਿ 1966 ਤੋਂ ਪੁਨਰ ਗਠਿਤ ਹੋਏ ਪੰਜਾਬ ਨੂੰ, ਰਾਜਧਾਨੀ ਤੋਂ ਲੈ ਕੇ ਪੰਜਾਬੀ ਬੋਲਦੇ ਇਲਾਕੇ ਬਾਹਰ ਕਰਕੇ, ਅਧੂਰਾ ਰੱਖਿਆ ਜਾ ਰਿਹਾ ਹੈ। ਇਸਤੋਂ ਇਲਾਵਾ ਪਾਣੀਆ ਅਤੇ ਬਿਜਲਈ ਪ੍ਰਾਜੈਕਟਾਂ ਤੋਂ ਪੰਜਾਬ ਦਾ ਹੱਕ ਮਾਰਿਆ ਜਾ ਰਿਹਾ ਹੈ। ਸ ਵਡਾਲਾ ਨੇ ਕਿਹਾ ਕਿ ਜਥੇਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਵਿੱਚ ਸੋਧ, ਸ਼੍ਰੋਮਣੀ ਕਮੇਟੀ ਚੋਣਾਂ ਜਲਦ ਕਰਾਉਣ, ਕਿਸਾਨੀ ਮਸਲੇ ਹੱਲ ਕਰਨ ਬਾਰੇ ਮੰਗਾਂ ਨੂੰ ਇਸ ਚਾਰਟਰ ਵਿਚ ਰਾਜਪਾਲ ਸਾਹਿਬ ਅੱਗੇ ਰੱਖੇਗੀ। ਸ ਵਡਾਲਾ ਨੇ ਕਿਹਾ ਕਿ ਇਹ ਚਾਰਟਰ ਦੇਣ ਲਈ ਸਾਰੇ ਜਿਲ੍ਹਾ ਜਥੇਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ, ਜੋ ਭਾਰੀ ਵਰਕਰਾਂ ਸਹਿਤ ਡਿਪਟੀ ਕਮਿਸ਼ਨਰਾਂ ਨੂੰ ਮਿਲਕੇ ਇਹ ਮੰਗਾਂ ਦਾ ਚਾਰਟਰ ਦੇਣਗੇ। ਇਸ ਲਈ ਇਕ ਜੂਨ ਨੂੰ ਮੋਹਾਲੀ, ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਬਰਨਾਲਾ, ਮਾਨਸਾ, ਮੋਗਾ, ਬਠਿੰਡਾ, ਫਰੀਦਕੋਟ, ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜਿਲਕਾ ਆਦਿ ਜਿਲ੍ਹੇ ਆਪਣੇ ਜਿਲ੍ਹਾ ਹੈਡਕੁਆਰਟਰ 'ਤੇ ਇਹ ਪੱਤਰ ਡੀ ਸੀ ਨੂੰ ਸੌਂਪਣਗੇ। ਜਦਕਿ ਦੋ ਜੂਨ ਨੂੰ ਲੁਧਿਆਣਾ, ਖੰਨਾ, ਰੋਪੜ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ ਆਦਿ ਜਿਲ੍ਹਿਆਂ ਦੇ ਆਗੂ ਆਪਣੇ ਮੰਗ ਪੱਤਰ ਦੇਣਗੇ।