BREAKING NEWS

ਸੰਸਾਰ

ਸੰਸਦ ਮੈਂਬਰ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ

ਕੌਮੀ ਮਾਰਗ ਬਿਊਰੋ | June 04, 2026 07:50 PM

ਚੰਡੀਗੜ੍ਹ- ਵਿਕਰਮ ਸਿੰਘ ਦਿਗਵਾ ਵੱਲੋਂ ਹੈਨਰੀ ਨੋਵਾਕ ਦੇ ਕੀਤੇ ਕਤਲ ਦੇ ਮਾਮਲੇ ਮਗਰੋਂ ਬਰਤਾਨੀਆ ਦੇ ਸਿੱਖ ਸੰਸਦ ਮੈਂਬਰਾਂ ਨੇ ਹੇਠਲੇ ਸਦਨ ‘ਹਾਊਸ ਆਫ ਕਾਮਨਜ਼’ ਵਿੱਚ ਹੋਈ ਬਹਿਸ ਦੌਰਾਨ ਸਿੱਖਾਂ ਦੇ ਧਾਰਮਿਕ ਕਕਾਰਾਂ ਦੀ ਆਜ਼ਾਦੀ ਦੀ ਰੱਖਿਆ ਲਈ ਮਜ਼ਬੂਤੀ ਨਾਲ ਪੱਖ ਰੱਖਿਆ ਕਿਉਂਕਿ ਇਸ ਮੁੱਦੇ ਨੂੰ ਬੇਵਜ੍ਹਾ ਤੂਲ ਦਿੰਦਿਆਂ ਕੱਟੜ ਦੱਖਣਪੰਥੀ ਗਰੁੱਪਾਂ ਨੇ ਸਿੱਖਾਂ ਵੱਲੋਂ ਧਾਰਨ ਕੀਤੇ ਜਾਣ ਵਾਲੇ ਧਾਰਮਿਕ ਕਕਾਰ ‘ਕਿਰਪਾਨ’ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ ਜਦੋਂ ਕਿ ਇਸ ਅਪਰਾਧ ਮੌਕੇ ਅਸਲ ਵਿੱਚ ਕਿਰਪਾਨ ਦੀ ਵਰਤੋਂ ਹੀ ਨਹੀਂ ਸੀ ਹੋਈ। ਕਤਲ ਮੌਕੇ ਵਰਤਿਆ ਹਥਿਆਰ ‘ਪੇਸ਼-ਕਬਜ਼’ ਸੀ ਜੋ ਕਿ ਇੰਡੋ-ਫ਼ਾਰਸੀ ਸ਼ੈਲੀ ਦਾ ਇੱਕ ਘਾਤਕ ਚਾਕੂ ਹੁੰਦਾ ਹੈ ਜੋ ਸੁਰੱਖਿਆ ਕਵਚ ਨੂੰ ਤੋੜਨ ਲਈ ਤਿਆਰ ਕੀਤਾ ਜਾਂਦਾ ਹੈ।
ਜਿਕਰਯੋਗ ਹੈ ਕਿ ਇਹ ਚਰਚਾ ਉਸ ਵੇਲੇ ਹੋਈ ਜਦੋਂ 23 ਸਾਲਾ ਵਿਕਰਮ ਦਿਗਵਾ ਨੂੰ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਹੋਰ ਸਿੱਖ ਸੰਸਦ ਮੈਂਬਰਾਂ ਨੇ ਇਸ ਬਹਿਸ ਦੌਰਾਨ ਦਖ਼ਲ ਦਿੰਦਿਆਂ ਰਿਫਾਰਮ ਯੂਕੇ ਅਤੇ ਰਿਸਟੋਰ ਬ੍ਰਿਟੇਨ ਪਾਰਟੀਆਂ ਦੀ ਸਿੱਧੀ ਆਲੋਚਨਾ ਕੀਤੀ। ਢੇਸੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਇੱਕ ਹਿੰਸਕ ਕਾਤਲ ਦੀ ਕਾਰਵਾਈ ਦੇ ਆਧਾਰ ’ਤੇ ਪੂਰੀ ਸਿੱਖ ਕੌਮ ਨੂੰ ਬਲੀ ਦਾ ਬੱਕਰਾ ਬਣਾ ਰਹੀਆਂ ਹਨ ਅਤੇ ਬੇਵਜ੍ਹਾ ਦੋਸ਼ੀ ਠਹਿਰਾ ਰਹੀਆਂ ਹਨ।
ਢੇਸੀ ਨੇ ਸਦਨ ਨੂੰ ਯਾਦ ਕਰਵਾਇਆ ਕਿ ਦੋਵੇਂ ਵਿਸ਼ਵ ਯੁੱਧਾਂ ਦੌਰਾਨ ਲੱਖਾਂ ਸਿੱਖ ਸੈਨਿਕਾਂ ਨੇ ਬਰਤਾਨਵੀ ਫੌਜ ਨਾਲ ਮਿਲ ਕੇ ਬਹਾਦਰੀ ਨਾਲ ਯੁੱਧ ਲੜਿਆ ਸੀ ਅਤੇ ਉਹ ਆਪਣੀ ਦਸਤਾਰ ਅਤੇ ਕਿਰਪਾਨ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਲੜੇ ਸਨ। ਉਨ੍ਹਾਂ ਨੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਅਪੀਲ ਕੀਤੀ ਕਿ ਸਿੱਖਾਂ ਨੂੰ ਇਹ ਭਰੋਸਾ ਦੇਣ ਕਿ ਉਹ ਆਪਣੀ ਆਸਥਾ ਦਾ ਆਜ਼ਾਦੀ ਅਤੇ ਸ਼ਾਂਤੀਪੂਰਵਕ ਪਾਲਣ ਕਰ ਸਕਣਗੇ।
ਢੇਸੀ ਨੇ ਕਿਹਾ ਕਿ ਅਜਿਹੀ ਗਲਤ ਕਾਰਵਾਈ ਨੂੰ ਕਿਸੇ ਵੀ ਤਰ੍ਹਾਂ ਧਾਰਮਿਕ ਤੌਰ ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸ ਵਿਚਾਰ ਨਾਲ ਸਮੁੱਚਾ ਸਿੱਖ ਜਗਤ ਸਹਿਮਤ ਹੈ।
ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਮੰਨਿਆ ਕਿ ਕੁਝ ਕੱਟੜ ਦੱਖਣਪੰਥੀਆਂ ਨੇ ਸਿੱਖਾਂ ਵੱਲੋਂ ਕਿਰਪਾਨ ਪਹਿਨਣ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਰਪਾਨ ਨੂੰ “ਸਿੱਖ ਧਰਮ ਦੇ ਪੰਜ ਪਵਿੱਤਰ ਕਕਾਰਾਂ ਵਿੱਚੋਂ ਇੱਕ” ਕਰਾਰ ਦਿੱਤਾ।
ਮੰਤਰੀ ਨੇ ਸਾਲ 2019 ਦੇ ‘ਆਫੈਂਸਿਵ ਵੇਪਨਜ਼ ਐਕਟ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਕਾਨੂੰਨ ਨੇ ਲੰਬੀ ਕਿਰਪਾਨ ਸਬੰਧੀ ਪਹਿਲਾਂ ਤੋਂ ਮੌਜੂਦ ਕਾਨੂੰਨੀ ਸੁਰੱਖਿਆ ਨੂੰ ਸਪੱਸ਼ਟ ਅਤੇ ਮਜ਼ਬੂਤ ਕੀਤਾ ਹੋਇਆ ਹੈ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਸਰਕਾਰ ਕਿਸੇ ਇੱਕ ਵਿਅਕਤੀ ਦੇ ਅਪਰਾਧ ਲਈ ਪੂਰੇ ਸਿੱਖ ਜਗਤ ਨੂੰ ਸਜ਼ਾ ਦੇਣ ਦੇ ਹੱਕ ਵਿੱਚ ਨਹੀਂ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਇਸ ਦੇਸ਼ ਵਿੱਚ ਸਭ ਨੂੰ ਸਜ਼ਾ ਦੇਣ ਦੀ ਧਾਰਨਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ। ਇਸ ਦੀ ਬਜਾਏ ਅਸੀਂ ਇਸ ਭੈੜੀ ਬੁਰਾਈ ਦੀ ਘਟਨਾ ਵਿਰੁੱਧ ਇਕਜੁੱਟ ਹਾਂ। ਅਸੀਂ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੀ ਨਿੰਦਾ ਕਰਦੇ ਹਾਂ ਨਾ ਕਿ ਉਨ੍ਹਾਂ ਸਾਰਿਆਂ ਦੀ ਜੋ ਉਸ ਦੇ ਧਰਮ ਜਾਂ ਨਸਲੀ ਪਿਛੋਕੜ ਨਾਲ ਸਬੰਧਿਤ ਹਨ।
ਮਹਿਮੂਦ ਨੇ ਇਹ ਵੀ ਕਿਹਾ ਕਿ ਇਸ ਕਤਲ ਨੂੰ ਭਾਈਚਾਰਿਆਂ ਵਿੱਚ ਵੰਡ ਪੈਦਾ ਕਰਨ ਦੇ ਸਾਧਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਉਨ੍ਹਾਂ ਨੇ ਦੁਹਰਾਇਆ ਕਿ ਕਿਸੇ ਇੱਕ ਵਿਅਕਤੀ ਦੇ ਘਿਣਾਉਣੇ ਅਪਰਾਧ ਲਈ ਸਾਰੇ ਸਿੱਖਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।
ਇਸ ਚਰਚਾ ਨੇ ਬਰਤਾਨੀਆ ਅਤੇ ਵਿਸ਼ਵ ਭਰ ਦੇ ਸਿੱਖ ਜਗਤ ਦਾ ਵਿਆਪਕ ਧਿਆਨ ਖਿੱਚਿਆ ਹੈ। ਧਾਰਮਿਕ ਅਤੇ ਭਾਈਚਾਰਕ ਆਗੂਆਂ ਨੇ ਇਕਸੁਰ ਹੋ ਕੇ ਨਾ ਸਿਰਫ਼ ਇਸ ਹੱਤਿਆ ਦੀ ਨਿੰਦਾ ਕੀਤੀ ਹੈ ਸਗੋਂ ਉਹਨਾਂ ਰਾਜਨੀਤਿਕ ਕੋਸ਼ਿਸ਼ਾਂ ਦੀ ਵੀ ਸਖ਼ਤ ਨਿੰਦਾ ਕੀਤੀ ਹੈ ਜਿਨ੍ਹਾਂ ਰਾਹੀਂ ਸਦੀਆਂ ਪੁਰਾਣੀ ਧਾਰਮਿਕ ਪਰੰਪਰਾ ’ਤੇ ਪਾਬੰਦੀ ਲਗਾਉਣ ਦਾ ਆਧਾਰ ਬਣਾਉਣ ਦੀ ਘਟੀਆ ਕੋਸ਼ਿਸ਼ ਕੀਤੀ ਜਾ ਰਹੀ ਹੈ।

Have something to say? Post your comment

 
 
 
 

ਸੰਸਾਰ

ਹਰ ਸਿੱਖ ਪਰਿਵਾਰ ਨੇ ਆਪਣੇ ਬੱਚਿਆਂ ਦੇ ਨਾਵਾਂ ਦੇ ਨਾਲ ਸਿੰਘ ਅਤੇ ਕੌਰ ਜ਼ਰੂਰ ਲਗਾਉਣਾ ਹੈ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਸਿੱਖਾਂ ਨੂੰ ਆਪਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਕੌਮ ਦੀ ਭਲਾਈ ਲਈ ਇਕਜੁੱਟ ਹੋਣਾ ਚਾਹੀਦਾ ਹੈ- ਜਥੇਦਾਰ ਕੁਲਦੀਪ ਸਿੰਘ ਗੜਗੱਜ

12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚੋਂ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦਾ ਜੋਰਾ ਸਿੰਘ ਰਿਹਾ ਜੇਤੂ

ਟਰੰਪ ਦਾ ਵੱਡਾ ਐਲਾਨ: ਅਮਰੀਕਾ "ਹੌਰਮੁਜ਼ ਦਾ ਰਖਵਾਲਾ" - ਜਹਾਜ਼ਾਂ ਦੀ ਆਵਾਜਾਈ 'ਤੇ ਲੱਗੇਗੀ 20 ਪ੍ਰਤੀਸ਼ਤ ਫੀਸ

ਪਾਕਿਸਤਾਨ ਅੰਦਰ 125 ਸਾਲ ਪੁਰਾਣਾ ਇਤਿਹਾਸਕ ਗੁਰਦੁਆਰਾ ਸਿੰਘ ਸਭਾ ਲਹਿਰ ਢਾਹਿਆ ਗਿਆ

ਸਰੀ ਵਿਖੇ ਸ਼ਾਇਰ ਪਰਮਜੀਤ ਸੋਹਲ ਦਾ ਨਵਾਂ ਕਾਵਿ-ਸੰਗ੍ਰਹਿ ‘ਪੂਰਬ ਦੇ ਬੱਦਲ’ ਲੋਕ-ਅਰਪਿਤ

ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੌਕੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ

ਗ਼ਜ਼ਲ ਮੰਚ ਸਰੀ ਵੱਲੋਂ ਰੰਗਮੰਚ ਦੀਆਂ ਨਵੀਆਂ ਦਿਸ਼ਾਵਾਂ ਦੇ ਸਿਰਜਣਹਾਰ ‘ਅਜ਼ਲ ਦੁਸਾਂਝ’ ਨਾਲ ਰੂਬਰੂ ਸਮਾਗਮ

ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਪੁਸਤਕ ਇੰਗਲੈਂਡ ਵਿੱਚ ਲੇਖਕ ਪਾਠਕ ਮੰਚ ਵੱਲੋਂ ਲੋਕ ਅਰਪਣ

ਸਰੀ 'ਚ ਉਭਰਦੇ ਨੌਜਵਾਨ ਸ਼ਾਇਰਾਂ ਨੇ ਉਸਤਾਦ ਤਜੰਮੁਲ ਕਲੀਮ ਦੀ ਯਾਦ 'ਚ ਸਜਾਈ ਯਾਦਗਾਰੀ ਮਹਿਫ਼ਿਲ