ਨਵੀਂ ਦਿੱਲੀ- ਫਰਾਂਸ ਦੇ ਬੌਬੀਨੀ ਸ਼ਹਿਰ ਦੀ ਮੈਰੀ (ਟਾਊਨ ਹਾਲ) ਵਿੱਚ ਦਮਦਮੀ ਮੰਚ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਹਿਯੋਗ ਨਾਲ ‘ਹਿਉਮਨ ਰਾਇਟਸ ਸੈਮੀਨਾਰ ਪੈਰਿਸ-2026’ ਕਰਵਾਇਆ ਗਿਆ। ਜੂਨ 1984 ਦੀਆਂ ਘਟਨਾਵਾਂ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਇਸ ਸੈਮੀਨਾਰ ਵਿੱਚ ਭਾਰਤ, ਕੈਨੇਡਾ, ਯੂਕੇ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਵਕੀਲਾਂ, ਵਿਦਵਾਨਾਂ, ਲੇਖਕਾਂ, ਪੱਤਰਕਾਰਾਂ ਅਤੇ ਚਿੰਤਕਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆ ਨੇ ਜੂਨ ਅਤੇ ਨਵੰਬਰ 1984 ਦੌਰਾਨ ਵਾਪਰੀਆਂ ਘਟਨਾਵਾਂ ਨੂੰ ਮਨੁੱਖੀ ਅਧਿਕਾਰਾਂ ਦੀਆਂ ਗੰਭੀਰ ਉਲੰਘਣਾਵਾਂ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਮਾਮਲਿਆਂ ’ਤੇ ਵਿਸ਼ਵ ਪੱਧਰ ’ਤੇ ਛਾਈ ਚੁੱਪੀ ਚਿੰਤਾਜਨਕ ਹੈ। ਉਨ੍ਹਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਯੋਗਦਾਨ ਨੂੰ ਹਨੇਰੇ ਵਿੱਚ ਚਾਨਣ ਕਰਨ ਵਾਲੇ ਦੀਵੇ ਨਾਲ ਤੁਲਨਾ ਕਰਦਿਆਂ ਕਿਹਾ ਕਿ ਸੱਚ ਅਤੇ ਇਨਸਾਫ਼ ਲਈ ਉਨ੍ਹਾਂ ਦਾ ਸੰਘਰਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਅਤੇ ਪ੍ਰੇਰਣਾ ਸਰੋਤ ਬਣਿਆ ਰਹੇਗਾ। ਸੈਮੀਨਾਰ ਦੌਰਾਨ ਇਹ ਵਿਚਾਰ ਉਭਰ ਕੇ ਸਾਹਮਣੇ ਆਇਆ ਕਿ ਸਿੱਖ ਕੌਮ ਦੇ ਸਾਂਝੇ ਮਸਲਿਆਂ ਦੇ ਹੱਲ ਲਈ ਇੱਕ ਮਜ਼ਬੂਤ ਕੌਮੀ ਪਲੇਟਫਾਰਮ ਅਤੇ ਪ੍ਰਭਾਵਸ਼ਾਲੀ ਪਾਵਰ ਗਰੁੱਪ ਦੀ ਲੋੜ ਹੈ, ਜੋ ਵਿਸ਼ਵ ਪੱਧਰ ’ਤੇ ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉਠਾ ਸਕੇ। ਬੁਲਾਰਿਆਂ ਨੇ ਸਿੱਖ ਰਾਜਨੀਤੀ ਵਿੱਚ ਜਵਾਬਦੇਹੀ, ਨਿਪੁੰਨਤਾ ਅਤੇ ਏਕਤਾ ਨੂੰ ਸਮੇਂ ਦੀ ਸਭ ਤੋਂ ਵੱਡੀ ਲੋੜ ਦੱਸਿਆ।
ਸੈਮੀਨਾਰ ਵਿੱਚ ਪਾਸ ਕੀਤੀਆਂ ਗਈਆਂ ਸਹਿਮਤੀਆਂ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਸਰਕਾਰਾਂ ਦੀ ਚੁੱਪੀ ਨੂੰ ਸਮਾਜ ਨਾਲ ਵਿਸ਼ਵਾਸਘਾਤ ਕਰਾਰ ਦਿੱਤਾ ਗਿਆ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ, ਲੰਬੀਆਂ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ, ਟਾਰਗਿਟ ਕਿਲਿੰਗਾਂ ’ਤੇ ਰੋਕ ਲਗਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ ਗਈ। ਸੈਮੀਨਾਰ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਵਿਸ਼ਵ ਭਰ ਵਿੱਚ ਸਿੱਖਾਂ ਅਤੇ ਪੰਜਾਬੀਆਂ ਵਿਚਕਾਰ ਸਾਂਝੀ ਰਾਏ ਅਤੇ ਏਕਤਾ ਨੂੰ ਮਜ਼ਬੂਤ ਕਰਨ ਲਈ ਅਜਿਹੇ ਉਪਰਾਲੇ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ। ਪੈਨਲ ਮੈਂਬਰਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੈਮੀਨਾਰਾਂ ਨੂੰ ਲਗਾਤਾਰ ਜਾਰੀ ਰੱਖਣ ਦਾ ਭਰੋਸਾ ਦਿੱਤਾ। ਸੈਮੀਨਾਰ ਨੂੰ ਮਨੁੱਖੀ ਹੱਕਾਂ ਦੇ ਵਕੀਲ ਸ. ਨਵਕਿਰਨ ਸਿੰਘ, ਲੇਖਕ ਅਤੇ ਪੱਤਰਕਾਰ ਸ. ਅਵਤਾਰ ਸਿੰਘ, ਲੇਖਕ ਸ. ਜਸਪਾਲ ਸਿੰਘ ਬੈਂਸ, ਅਕਾਲ ਚੈਨਲ ਦੇ ਪੱਤਰਕਾਰ ਸ. ਚੰਦਰ ਸ਼ੇਖਰ ਸਿੰਘ ਗੁਰੂ, ਬੀਬੀ ਜਸਲੀਨ ਕੌਰ ਸਰੋਆ, ਬੀਬੀ ਅਨਮੋਲ ਕੌਰ ਸੋਡੀ, ਐਡਵੋਕੇਟ ਤਜਿੰਦਰ ਸਿੰਘ ਸੂਦਨ ਅਤੇ ਕੈਨੇਡਾ ਤੋਂ ਵੀਡੀਓ ਜ਼ੂਮ ਰਾਹੀਂ ਸਿੱਖ ਵਿਦਵਾਨ ਸ. ਪ੍ਰਭਸ਼ਰਨਬੀਰ ਸਿੰਘ ਨੇ ਸੰਬੋਧਨ ਕੀਤਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਵੀਡੀਓ ਸੰਦੇਸ਼ ਰਾਹੀਂ ਯੂਰਪ ਵਿੱਚ ਇਸ ਤਰ੍ਹਾਂ ਦੇ ਸੈਮੀਨਾਰ ਦੀ ਪਹਿਲ ਨੂੰ ਸ਼ਲਾਘਾਯੋਗ ਕਰਾਰ ਦਿੰਦਿਆਂ ਦਮਦਮੀ ਮੰਚ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਦਮਦਮੀ ਮੰਚ ਪੈਰਿਸ ਦੇ ਮੁੱਖ ਪ੍ਰਬੰਧਕ ਸ. ਦਲਵਿੰਦਰ ਸਿੰਘ ਘੁੰਮਣ, ਸ. ਹਰਦੀਪ ਸਿੰਘ ਔਜਲਾ, ਸ. ਹਰਜਾਪ ਸਿੰਘ ਸਰੋਆ, ਸ. ਜਸਪਾਲ ਸਿੰਘ ਪੰਨੂ, ਸ. ਮੋਹਤਪ੍ਰੀਤ ਸਿੰਘ ਸਰੋਆ, ਸ. ਰਮਨੀਕ ਸਿੰਘ ਘੁੰਮਣ ਅਤੇ ਹੋਰ ਸੇਵਾਦਾਰਾਂ ਨੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸੈਮੀਨਾਰ ਦੀ ਸਫਲਤਾ ਵਿੱਚ ਸਹਿਯੋਗ ਦੇਣ ਵਾਲਿਆਂ ਪ੍ਰਤੀ ਆਭਾਰ ਪ੍ਰਗਟਾਇਆ।