ਖਰੜ-ਸ਼ੈਮਰੋਕ ਸਕੂਲ ਤੋਂ ਜੋਸਨ ਹਾਈਟ, ਸਵਾਲਿਕ ਹੋਮਜ਼ ਹੁੰਦੀ ਹੋਈ ਰਿਚ ਹੋਡਲ ਤੱਕ ਜਾਣ ਵਾਲੀ ਮੁੱਖ ਸੜਕ ਪਿਛਲੇ ਲੰਮੇ ਸਮੇਂ ਤੋਂ ਬੇਹੱਦ ਖ਼ਰਾਬ ਹਾਲਤ ਵਿੱਚ ਹੈ। ਸੜਕ ਦੀ ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਇੱਥੋਂ ਕਿਸੇ ਮਰੀਜ਼ ਨੂੰ ਐਂਬੂਲੈਂਸ ਵਿੱਚ ਲੈ ਕੇ ਜਾਣਾ ਵੀ ਬੇਹੱਦ ਮੁਸ਼ਕਿਲ ਹੋ ਗਿਆ ਹੈ। ਇਸ ਗੰਭੀਰ ਸਮੱਸਿਆ ਦੇ ਹੱਲ ਲਈ ਅੱਜ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਸ਼੍ਰੀ ਅਸ਼ੋਕ ਪਥਰੀਆ ਜੀ ਨੇ ਇਲਾਕਾ ਨਿਵਾਸੀਆਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਆਪਣੇ ਦਫ਼ਤਰ ਵਿਖੇ ਬੁਲਾਇਆ।
ਇਸ ਮੁਲਾਕਾਤ ਦੌਰਾਨ ਇਲਾਕੇ ਦੇ ਪ੍ਰਤੀਨਿਧੀਆਂ ਵਜੋਂ ਪਰਵਿੰਦਰ ਕੁਮਾਰ ਪ੍ਰਧਾਨ ਮਦਨਜੀਤ ਸਿੰਘ ਜਨਰਲ ਸਕੱਤਰ ਨਵਕਿਰਨ ਕੌਰ, ਸੁਖਵਿੰਦਰ ਕੌਰ, ਵਿਕਰਮਜੀਤ ਸਿੰਘ ਸੱਚਦੇਵ (ਜੋਸਨ ਹਾਈਟ) ਅਤੇ ਅਰੁਣ ਸ਼ਰਮਾ (ਸ਼ਿਵਾਲਿਕ ਸਿਟੀ) ਵਿਸ਼ੇਸ਼ ਤੌਰ 'ਤੇ ਪਹੁੰਚੇ। ਇਹ ਪਹਿਲਾਂ ਵੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਬਿਹਤਰ ਕਰਨ ਲਈ ਕਾਫੀ ਸਮੇਂ ਤੋਂ ਸੰਘਰਸ਼ ਕਰਦੇ ਰਹੇ ਹਨ। ਪ੍ਰਤੀਨਿਧੀਆਂ ਨੇ ਮੁੱਖ ਤੌਰ 'ਤੇ ਸੜਕ ਦੇ ਨਿਰਮਾਣ ਦੀ ਮੰਗ ਰੱਖੀ ਅਤੇ ਇਸ ਦੇ ਨਾਲ ਹੀ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਭਰਮਾਰ, ਕੂੜੇ-ਕਰਕਟ ਦੇ ਢੇਰ ਅਤੇ ਨਾਜਾਇਜ਼ ਕਬਜ਼ਿਆਂ ਅਤੇ ਲੀਕ ਕਰਦੇ ਕਨੈਕਸ਼ਨ (ਐਨਕਰੋਚਮੈਂਟ) ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਵੀ ਅਧਿਕਾਰੀ ਨੂੰ ਜਾਣੂ ਕਰਵਾਇਆ।
ਮੀਟਿੰਗ ਦੌਰਾਨ ਮੌਕੇ 'ਤੇ ਮੌਜੂਦ ਜੇ.ਈ. ਐਸ.ਡੀ.ਓ. ਅਤੇ ਹੋਰ ਸਬੰਧਤ ਅਫ਼ਸਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਾਰਜਕਾਰੀ ਅਧਿਕਾਰੀ ਨੇ ਸਾਰੀਆਂ ਸਮੱਸਿਆਵਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ:ਇੱਕ ਦਿਨ ਦੇ ਅੰਦਰ-ਅੰਦਰ* ਮੌਕੇ ਦਾ ਨਿਰੀਖਣ ਕੀਤਾ ਜਾਵੇ, 7- ਦਿਨਾਂ ਦੇ ਅੰਦਰ-ਅੰਦਰ ਕੰਮ ਨਾਲ ਸਬੰਧਤ ਸਾਰੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾਵੇ, 10 ਦਿਨਾਂ ਦੇ ਅੰਦਰ ਅੰਦਰ ਟੈਂਡਰ ਅਤੇ ਦੂਸਰੀ ਕਾਰਵਾਈਆਂ ਪੂਰੀ ਕਰਕੇ ਕੰਮ ਸੜਕ ਦੀ ਮੁਰੰਮਤ ਅਤੇ ਬਾਕੀ ਸਮੱਸਿਆਵਾਂ ਦੇ ਹੱਲ ਲਈ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ।
ਕਾਰਜਕਾਰੀ ਅਧਿਕਾਰੀ ਸ਼੍ਰੀ ਅਸ਼ੋਕ ਪਥਰੀਆ ਜੀ ਵੱਲੋਂ ਦਿਖਾਈ ਗਈ ਮੁਸਤੈਦੀ ਅਤੇ ਤੁਰੰਤ ਦਿੱਤੀਆਂ ਹਦਾਇਤਾਂ ਤੋਂ ਬਾਅਦ ਹੁਣ ਇਲਾਕਾ ਨਿਵਾਸੀਆਂ ਵਿੱਚ ਆਸ ਜਗੀ ਹੈ ਕਿ ਇਸ ਖ਼ਰਾਬ ਸੜਕ ਦਾ ਨਿਰਮਾਣ ਅਤੇ ਹੋਰ ਮੁਸ਼ਕਿਲਾਂ ਦਾ ਹੱਲ ਬਹੁਤ ਜਲਦ ਹੋ ਜਾਵੇਗਾ।