ਅੰਮ੍ਰਿਤਸਰ- ਅਕਾਲੀ ਦਲ ਵਾਰਿਸ ਪੰਜਾਬ ਦੇ ਇਸਤਰੀ ਵਿੰਗ ਵੱਲੋਂ ਅੱਜ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਜੀ ਬੀਬੀ ਬਲਵਿੰਦਰ ਕੌਰ ਜੀ ਦੀ ਅਗਵਾਈ ਹੇਠ ਵੱਡੇ ਜੱਥੇ ਦੇ ਰੂਪ ਵਿੱਚ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਉਚੇਚੇ ਤੌਰ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ, ਸ੍ਰ ਮਨਪ੍ਰੀਤ ਸਿੰਘ ਇਆਲੀ ਅਤੇ ਹੋਰ ਸੀਨੀਅਰ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸਤਰੀ ਵਿੰਗ ਦੇ ਪੰਜਾਬ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਫਿਲੌਰ ਦੇ ਨਾਲ ਮੁੱਖ ਤੌਰ ਤੇ ਪਹੁੰਚੀਆਂ ਇਸਤਰੀ ਵਿੰਗ ਦੀਆ ਅਹੁੱਦੇਦਾਰਾਂ ਵਿੱਚ ਡਾ. ਰਾਜਿੰਦਰ ਕੌਰ, ਬੀਬੀ ਸੰਦੀਪ ਕੌਰ ਖਾਲਸਾ, ਬੀਬੀ ਅਮਨਦੀਪ ਕੌਰ, ਬੀਬੀ ਮਨਜੀਤ ਕੌਰ, ਬੀਬੀ ਬਲਰਾਜ ਕੌਰ, ਬੀਬੀ ਸਤਨਾਮ ਕੌਰ, ਬੀਬੀ ਸਾਜੀਆ ਪ੍ਰਵੀਨ, ਬੀਬੀ ਹਰਪ੍ਰੀਤ ਕੌਰ ਮੋਗਾ, ਬੀਬੀ ਦਵਿੰਦਰ ਕੌਰ, ਬੀਬੀ ਗੁਰਵਿੰਦਰ ਕੌਰ, ਬੀਬੀ ਮੀਤਾ ਵਰਮਾ, ਬੀਬੀ ਪਰਮਿੰਦਰ ਕੌਰ, ਬੀਬੀ ਸਤਵੰਤ ਕੌਰ ਤੁੜ, ਬੀਬੀ ਸਰਬਜੀਤ ਕੌਰ, ਬੀਬੀ ਹਰਮਨਜੀਤ ਕੌਰ, ਬੀਬੀ ਸਵਰਨ ਕੌਰ, ਬੀਬੀ ਰਾਜਵਿੰਦਰ ਕੌਰ ਛੇਹਰਟਾ ਅਤੇ ਬੀਬੀ ਪਰਮਜੀਤ ਕੌਰ ਸਮੇਤ ਹੋਰ ਅਨੇਕਾਂ ਬੀਬੀਆਂ ਸ਼ਾਮਲ ਸਨ ਅਤੇ ਉਹਨਾ ਨੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਚੜ੍ਹਦੀ ਕਲਾ, ਪੰਥਕ ਏਕਤਾ, ਖਾਲਸਾ ਪੰਥ ਦੀ ਮਜ਼ਬੂਤੀ, ਪੰਜਾਬ ਦੀ ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਆਤਮਿਕ ਅਤੇ ਸਿਧਾਂਤਕ ਅਗਵਾਈ ਦਾ ਕੇਂਦਰ ਹੈ ਅਤੇ ਇੱਥੋਂ ਮਿਲਣ ਵਾਲੀ ਪ੍ਰੇਰਣਾ ਹਰ ਸਿੱਖ ਨੂੰ ਆਪਣੇ ਧਾਰਮਿਕ, ਸਮਾਜਿਕ ਅਤੇ ਕੌਮੀ ਫਰਜ਼ਾਂ ਪ੍ਰਤੀ ਜਾਗਰੂਕ ਕਰਦੀ ਹੈ। ਬੀਬੀ ਹਰਪ੍ਰੀਤ ਕੌਰ ਫਿਲੌਰ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਇਸਤਰੀ ਵਿੰਗ ਪੰਜਾਬ ਭਰ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਪੰਥਕ ਲਹਿਰ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰੇਗਾ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਬੀਬੀਆਂ ਨੇ ਹਰ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਅੱਜ ਵੀ ਪੰਜਾਬ ਅਤੇ ਪੰਥ ਦੇ ਭਵਿੱਖ ਨੂੰ ਮਜ਼ਬੂਤ ਕਰਨ ਵਿੱਚ ਇਸਤਰੀ ਸ਼ਕਤੀ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਮਾਤਾ ਬਲਵਿੰਦਰ ਕੌਰ ਜੀ ਨੇ ਇਸ ਮੌਕੇ ਕਿਹਾ ਕਿ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਪੰਥਕ ਕਾਰਜ ਸਫਲ ਹੁੰਦੇ ਹਨ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਜੁੜ ਕੇ ਪੰਜਾਬ, ਪੰਥ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਅੱਜ ਦਾ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਇਸਤਰੀ ਵਿੰਗ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਗੁਰਮਈ, ਪੰਥਕ ਭਾਵਨਾਵਾਂ ਅਤੇ ਚੜ੍ਹਦੀ ਕਲਾ ਦੇ ਜਜ਼ਬੇ ਨਾਲ ਭਰਪੂਰ ਰਿਹਾ।