ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਹੈ ਕਿ ਸੂਬਾ ਕਾਂਗਰਸ ਵਿੱਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨਹੀਂ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਨਿਵਾਸ 'ਤੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਵਿੱਚ ਕੋਈ ਵੀ ਗਲਤ ਗੱਲ ਨਹੀਂ ਹੈ।
ਇੱਥੇ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ, ਵੜਿੰਗ ਨੇ ਕਿਹਾ ਕਿ ਚੰਨੀ ਸਾਬਕਾ ਮੁੱਖ ਮੰਤਰੀ ਹਨ ਅਤੇ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਵੀ ਹਨ। ਉਨ੍ਹਾਂ ਵੱਲੋਂ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕਰਨ ਵਿੱਚ ਕੀ ਗਲਤ ਜਾਂ ਧੜੇਬੰਦੀ ਵਾਲੀ ਗੱਲ ਹੈ? ਵੜਿੰਗ ਨੇ ਕਿਹਾ ਕਿ ਉਸ ਮੀਟਿੰਗ ਵਿੱਚ ਮੌਜੂਦ ਸਾਰੇ ਸੀਨੀਅਰ ਆਗੂਆਂ ਨੇ ਸਿਰਫ਼ ਪਾਰਟੀ ਦੇ ਹੱਕ ਵਿੱਚ ਹੀ ਆਪਣੀ ਗੱਲ ਰੱਖੀ ਸੀ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਵੜਿੰਗ ਨੇ ਮੁੜ ਤੋਂ ਸਪੱਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਨਹੀਂ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਿਆ ਜਾਣਾ ਚਾਹੀਦਾ ਹੈ, ਤਾਂ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕਰਨ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ, ਸਗੋਂ ਪਾਰਟੀ ਹਾਈਕਮਾਂਡ ਦਾ ਹੈ, ਜਿਸ ਵਿੱਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਸ਼ਾਮਲ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ, ਕਿਹਾ ਕਿ ਉਨ੍ਹਾਂ ਦਾ ਇਕੋ-ਇੱਕ ਮਕਸਦ ਪੰਜਾਬ ਵਿੱਚ ਕਾਂਗਰਸ ਦੀ ਮੁੜ ਸਰਕਾਰ ਬਣਾਉਣਾ ਹੈ, ਕਿਉਂਕਿ ਸੂਬੇ ਦੇ ਲੋਕ ਪਾਰਟੀ ਨੂੰ ਮੁੜ ਸੱਤਾ ਵਿੱਚ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਹੈ, ਉਨ੍ਹਾਂ ਨੇ ਹਮੇਸ਼ਾ ਆਪਣੀ ਪੂਰੀ ਸਮਰੱਥਾ ਨਾਲ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਇੱਕ ਵਫ਼ਾਦਾਰ ਅਤੇ ਸਮਰਪਿਤ ਸਿਪਾਹੀ ਵਜੋਂ ਅੱਗੇ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ। ਉਨ੍ਹਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਅੱਜ ਅਸੀਂ ਜੋ ਵੀ ਹਾਂ, ਆਪਣੀ ਪਾਰਟੀ ਕਰਕੇ ਹੀ ਹਾਂ, ਨਹੀਂ ਤਾਂ ਸਾਡੀ ਕੋਈ ਪਛਾਣ ਨਹੀਂ ਹੈ। ਪਾਰਟੀ ਸਭ ਤੋਂ ਪਹਿਲਾਂ ਹੈ ਅਤੇ ਹਰ ਚੀਜ਼ ਤੋਂ ਉੱਪਰ ਹੈ।
ਜਦਕਿ ਪਾਰਟੀ ਵਿੱਚ ਧੜੇਬੰਦੀ ਦੀਆਂ ਅਟਕਲਾਂ ਨੂੰ ਰੱਦ ਕਰਦਿਆਂ, ਵੜਿੰਗ ਨੇ ਕਿਹਾ ਕਿ ਬਹੁਤ ਜਲਦੀ ਸਾਰੇ ਸੀਨੀਅਰ ਆਗੂ ਇੱਕੋ ਮੰਚ 'ਤੇ ਇਕੱਠੇ ਨਜ਼ਰ ਆਉਣਗੇ। ਉਨ੍ਹਾਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਇੱਕੋ-ਇੱਕ ਸਾਂਝਾ ਮਕਸਦ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਮੁੜ ਸਰਕਾਰ ਬਣਾਉਣਾ, ਇਸ ਤੋਂ ਇਲਾਵਾ ਹੋਰ ਕੋਈ ਗੱਲ ਮਹੱਤਵ ਨਹੀਂ ਰੱਖਦੀ ਹੈ।