ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਤਲੁਜ ਫ਼ਿਲਮ 'ਤੇ ਪਾਬੰਦੀ ਦੀ ਕੀਤੀ ਨਿੰਦਾ- ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਨੂੰ ਦਬਾਉਣਾ ਕਰਾਰ ਦਿੱਤਾ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | July 07, 2026 07:51 PM


ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫ਼ਿਲਮ ਸਤਲੁਜ ਦਾ ਪ੍ਰਸਾਰਣ ਭਾਰਤ ਅੰਦਰ ਰੋਕਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਵਿਚਾਰਾਂ ਦੀ ਅਜ਼ਾਦੀ ਨੂੰ ਦਬਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸੰਸਾਰ ਵਿੱਚ ਵਿਚਾਰ ਦੇਣ ਦੀ ਖੁੱਲ੍ਹ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਗੱਲ ਵੀ ਵੱਡੇ ਪੱਧਰ ਉੱਤੇ ਹੁੰਦੀ ਹੈ ਤਾਂ ਦੇਸ਼ ਅੰਦਰ ਘੱਟ-ਗਿਣਤੀ ਸਿੱਖਾਂ ਵਿਰੁੱਧ ਕੀਤੇ ਗਏ ਤਸ਼ੱਦਦ ਨੂੰ ਦੁਨੀਆ ਦੇ ਸਾਹਮਣੇ ਆਉਣ ਤੋਂ ਰੋਕਣਾ ਗ਼ੈਰ-ਸੰਵਿਧਾਨਕ ਅਤੇ ਧੱਕੇ ਵਾਲੀ ਕਾਰਵਾਈ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ 1990 ਦੇ ਦਹਾਕੇ ਅੰਦਰ ਜਦੋਂ ਸਿੱਖ ਨੌਜਵਾਨਾਂ ਦਾ ਕਤਲੇਆਮ ਅਤੇ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਤਾਂ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਸੰਘਰਸ਼ ਅਤੇ ਮਿਹਨਤ ਨਾਲ ਕਤਲ ਕੀਤੇ ਨੌਜਵਾਨਾਂ ਦੇ ਵੇਰਵੇ ਇਕੱਤਰ ਕਰਕੇ ਦੁਨੀਆ ਦੇ ਸਾਹਮਣੇ ਰੱਖੇ। ਉਨ੍ਹਾਂ ਕਿਹਾ ਕਿ ਭਾਈ ਖਾਲੜਾ ਦੀ ਕਹਾਣੀ ਮਨੁੱਖੀ ਅਧਿਕਾਰਾਂ ਦੀ ਹੋਈ ਵੱਡੀ ਉਲੰਘਣਾ ਨੂੰ ਉਜਾਗਰ ਕਰਦੀ ਹੈ ਅਤੇ ਸੱਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਉਹ ਹਮੇਸ਼ਾ ਸਾਹਮਣੇ ਆ ਕੇ ਹੀ ਰਹਿੰਦਾ ਹੈ। ਉਨ੍ਹਾਂ ਜ਼ੋਰ ਦੇ ਕਿ ਕਿਹਾ ਅੱਜ ਜਦੋਂ ਦੇਸ਼ ਅੰਦਰ ਵੱਖ-ਵੱਖ ਭਾਈਚਾਰਿਆਂ ਖ਼ਾਸਕਰ ਬਹੁ-ਗਿਣਤੀ ਉੱਤੇ ਹੋਏ ਤਸ਼ੱਦਦ ਬਾਰੇ ਫ਼ਿਲਮਾਂ ਅਜ਼ਾਦੀ ਨਾਲ ਦਿਖਾਈਆਂ ਜਾ ਸਕਦੀਆਂ ਹਨ ਤਾਂ ਘੱਟ-ਗਿਣਤੀ ਸਿੱਖਾਂ ਉੱਤੇ ਹੋਏ ਤਸ਼ੱਦਦ ਬਾਰੇ ਫ਼ਿਲਮ ਦੀ ਅਵਾਜ਼ ਦਬਾਉਣਾ ਬਿਲਕੁਲ ਉਚਿਤ ਨਹੀਂ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਰਕਾਰ ਨੂੰ ਦਿਲ ਵੱਡਾ ਕਰਦਿਆਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਉਜਾਗਰ ਕੀਤਾ ਸੱਚ ਦੇਸ਼ ਵਾਸੀਆਂ ਦੇ ਸਾਹਮਣੇ ਆਉਣ ਦੇਣਾ ਚਾਹੀਦਾ ਹੈ ਅਤੇ ਸਤਲੁਜ ਫ਼ਿਲਮ ਦਾ ਪ੍ਰਸਾਰਣ ਹੋਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੱਚ ਤੋਂ ਜਿਤਨਾ ਦੂਰ ਭੱਜਿਆ ਜਾਵੇ ਸੱਚ ਉਤਨਾ ਹੀ ਜ਼ੋਰ ਨਾਲ ਦੁਨੀਆ ਦੇ ਸਾਹਮਣੇ ਪ੍ਰਤੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਜੁਰਮ ਕਰਨ ਵਾਲਾ ਕਦੇ ਵੀ ਬਚ ਨਹੀਂ ਸਕਦਾ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਸਮੇਂ-ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਰਾਹੀਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ ਅਦਾਲਤ ਵੱਲੋਂ ਹੁਣ ਤੱਕ ਬਹੁਤ ਸਾਰੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ ਵਿੱਚ ਦੋਸ਼ੀ ਠਹਿਰਾ ਕੇ ਸਜ਼ਾਵਾਂ ਦਿੱਤੀਆਂ ਜਾ ਚੁੱਕੀਆਂ ਹਨ, ਇਸ ਲਈ ਸਰਕਾਰ ਨੂੰ ਸਿੱਖਾਂ ਅਤੇ ਪੰਜਾਬ ਪ੍ਰਤੀ ਆਪਣੀ ਪਹੁੰਚ ਬਦਲਣ ਦੀ ਲੋੜ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਜੂਨ 1984 ਤੋਂ ਬਾਅਦ ਦੇ ਦਹਾਕੇ ਵਿੱਚ ਸਿੱਖ ਕਤਲੇਆਮ ਅਤੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ ਵਿੱਚ ਸੰਜੀਦਾ ਤੇ ਸੁਹਿਰਦ ਪਹੁੰਚ ਅਪਣਾਏ ਅਤੇ ਸਿੱਖਾਂ ਨੂੰ ਇਨਸਾਫ਼ ਦੇ ਕੇ ਉਨ੍ਹਾਂ ਦੇ ਅੱਲ੍ਹੇ ਜਖਮਾਂ ਉੱਤੇ ਮੱਲ੍ਹਮ ਲਗਾਏ। ਉਨ੍ਹਾਂ ਕਿਹਾ ਕਿ ਫ਼ਿਲਮ ਰਾਹੀਂ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਸਿੱਖਾਂ ਵਿਰੁੱਧ ਹੋਏ ਤਸ਼ੱਦਦ ਦੀ ਕਹਾਣੀ ਨੂੰ ਰੋਕਣ ਨਾਲ ਸਿੱਖ ਮਨਾਂ ਨੂੰ ਠੇਸ ਪਹੁੰਚੀ ਹੈ।

Have something to say? Post your comment

 
 
 
 

ਪੰਜਾਬ

ਭਾਜਪਾ ਪੰਜਾਬ ਦੀ ਅਪੀਲ ਤੋਂ ਬਾਅਦ ਕੇਂਦਰ ਨੇ ਫ਼ਿਲਮ 'ਸਤਲੁਜ' ਨੂੰ ਓ.ਟੀ.ਟੀ ਤੋਂ ਹਟਾਉਣ ਦੇ ਮਾਮਲੇ ਦੀ ਸਮੀਖਿਆ ਦੇ ਦਿੱਤੇ ਹੁਕਮ

ਪੰਜਾਬ ਹੋਮ ਗਾਰਡਸ ਦੇ ਜਵਾਨ ਨੂੰ ਜਦੋਂ ਪੰਜਾਬ ਪੁਲਿਸ ਨੇ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ- ਮਿਲਿਆ ਇਨਸਾਫ 32 ਸਾਲਾਂ ਬਾਅਦ

ਪੂਰੀ ਦੁਨੀਆ ਵਿੱਚ ਸਿਰਫ਼ ਬ੍ਰਾਜ਼ੀਲ ਵਿੱਚ ਈ-100 ਦੀ ਵਰਤੋਂ ਹੁੰਦੀ ਹੈ, ਪਰ ਉਸਨੇ ਇਸਦੀ ਤਿਆਰੀ 50 ਸਾਲ ਪਹਿਲਾਂ ਸ਼ੁਰੂ ਕਰ ਦਿੱਤੀ ਸੀ- ਕੇਜਰੀਵਾਲ

ਮੁੱਖ ਮੰਤਰੀ ਦੱਸਣ ਕਿ ਮੂੰਗੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਉਹਨਾਂ ਨੇ ਕਿਉਂ ਵਿਸਾਰਿਆ: ਸੁਖਬੀਰ ਸਿੰਘ ਬਾਦਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਦੀਆਂ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ

ਅਕਾਲੀ ਦਲ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਚੋਣ ਪ੍ਰਕਿਰਿਆ ਵਿਚੋਂ ਸਿੱਖ ਉਮੀਦਵਾਰ ਬਾਹਰ ਰੱਖਣ ’ਤੇ ਚੁੱਕੇ ਸਵਾਲ

ਫ਼ਿਲਮ "ਸਤਲੁਜ" ਨੂੰ ZEE5 ਤੋਂ ਹਟਾਉਣਾ ਇਤਿਹਾਸਕ ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ : ਅਕਾਲੀ ਦਲ ਵਾਰਿਸ ਪੰਜਾਬ ਦੇ

ਸੈਕਟਰ-78 ਵਿੱਚ 2.92 ਏਕੜ ਜ਼ਮੀਨ ਅਲਾਟ; ਜਲਦੀ ਹੀ ਲਿਆ ਜਾਵੇਗਾ ਭੌਤਿਕ ਕਬਜ਼ਾ

ਡਾਕਟਰਾਂ ਦਾ ਕਹਿਣਾ ਹੈ ਕਿ ਕੰਨ, ਨੱਕ ਅਤੇ ਮੂੰਹ ਦੀਆਂ ਜ਼ਿਆਦਾਤਰ ਬੀਮਾਰੀਆਂ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਉਨ੍ਹਾਂ ਦਾ ਸਫਲ ਇਲਾਜ ਸੰਭਵ ਹੈ

ਪੰਜਾਬ ਦੇ ਕਾਲੇ ਦੌਰ ਦਾ ਸੱਚ ਅਤੇ ਕਾਂਗਰਸ ਦੇ ਜ਼ੁਲਮਾਂ ਨੂੰ ਛੁਪਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਫਿਲਮ 'ਤੇ ਲਗਵਾਈ ਰੋਕ: ਧਾਲੀਵਾਲ