ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵੱਲੋਂ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ ਕੀਤੀਆਂ ਬੇਅਦਬੀ ਵਾਲੀਆਂ ਕਾਰਵਾਈਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ 11 ਸਾਲ ਪੁਰਾਣੇ ਬਹਿਬਲ ਕਲਾਂ ਕੇਸ ਵਿਚ ਉਹਨਾਂ ਨੂੰ ਤਲਬ ਕਰ ਰਹੇ ਹਨ ਅਤੇ ਹੁਣ ਤੱਕ ਇਸਦੀ ਜਾਂਚ ਚਲ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਦੋ ਘੰਟੇ ਦੀ ਪੁੱਛ ਗਿੱਛ ਦੌਰਾਨ ਐਸ ਆਈ ਟੀ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ, ਨੇ ਕਿਹਾ ਕਿ ਐਸ ਆਈ ਟੀ ਵਾਰ-ਵਾਰ ਉਹੋ ਹੀ ਸਵਾਲ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਚੌਥੀ ਵਾਰ ਹੈ ਜਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੈਨੂੰ ਪੁੱਛੇ ਗਏ ਸਾਰੇ ਸਵਾਲ ਤੇ ਮੇਰੇ ਜਵਾਬ ਪਹਿਲਾਂ ਹੀ ਪਿਛਲੀਆਂ ਐਸ ਆਈ ਟੀ ਵੱਲੋਂ ਕੈਮਰੇ ਵਿਚ ਰਿਕਾਰਡ ਹਨ ਅਤੇ ਦਸਤਾਵੇਜ਼ੀ ਤੌਰ ’ਤੇ ਉਪਲਬਧ ਹਨ। ਉਹਨਾਂ ਕਿਹਾ ਕਿ ਅੱਜ ਜੋ ਸਵਾਲ ਪੁੱਛੇ ਗਏ, ਉਹ ਸਾਰੇ ਸਿਆਸਤ ਤੋਂ ਪ੍ਰੇਰਿਤ ਸਨ ਤੇ ਦਿੱਲੀ ਦੀ ਆਪ ਟੀਮ ਨੇ ਤਿਆਰ ਕੀਤੇ ਸਨ ਤਾਂ ਜੋ ਇਸ ਮੰਦਭਾਗੀ ਘਟਨਾ ਤੋਂ ਸਿਆਸੀ ਲਾਹਾ ਲਿਆ ਜਾ ਸਕੇ। ਉਹਨਾਂ ਕਿਹਾ ਕਿ ਜਦੋਂ ਵੀ ਮੈਨੂੰ ਤਲਬ ਕੀਤਾ ਗਿਆ, ਮੈਂ ਤੁਰੰਤ ਫੁਰਤੀ ਨਾਲ ਜਵਾਬ ਦਿੱਤਾ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਤੇ ਇਸਨੇ ਐਸ ਆਈ ਟੀ ਦਾ ਗਠਨ ਦੋਸ਼ੀਆਂ ਨੂੰ ਸਜ਼ਾ ਦੁਆਉਣ ਵਾਸਤੇ ਨਹੀਂ ਬਲਕਿ ਮਾਮਲੇ ਦੇ ਸਿਆਸੀਕਰਨ ਵਾਸਤੇ ਕੀਤਾ ਹੈ।
ਸਰਦਾਰ ਬਾਦਲ ਨੇ ਅੱਜ ਉਹਨਾਂ ਨੂੰ ਤਲਬ ਕਰਨ ਦੀ ਕਾਰਵਾਈ ਨੂੰ ਨਿਰੋਲ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਸਿਰਫ ਲੋਕਾਂ ਦਾ ਧਿਆਨ ਪਾਸੇ ਕਰਨ ਵਾਲੀ ਕਾਰਵਾਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲੀ ਦਲ ਤੋਂ ਡਰ ਲੱਗਦਾ ਹੈ। ਇਸੇ ਲਈ ਉਹਨਾਂ ਨੂੰ ਤਲਬ ਕੀਤਾ ਗਿਆ ਤਾਂ ਜੋ ਮੁੱਖ ਮੰਤਰੀ ਵੱਲੋਂ ਗੁਰੂ ਸਾਹਿਬਾਨ ਦੀ ਤਸਵੀਰ ’ਤੇ ਸ਼ਰਾਬ ਦੇ ਛਿੱਟੇ ਮਾਰਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ’ਤੇ ਪਿਸ਼ਾਬ ਕਰਨ ਦੀ ਕੀਤੀ ਕੋਸ਼ਿਸ਼ ਨਾਲ ਕੀਤੀ ਬੇਅਦਬੀ ਤੋਂ ਲੋਕਾਂ ਦਾ ਧਿਆਨ ਪਾਸੇ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਲੋਕਾਂ ਵਿਚ ਮੁੱਖ ਮੰਤਰੀ ਪ੍ਰਤੀ ਗੁੱਸੇ ਤੇ ਰੋਸ ਨੂੰ ਘੱਟ ਨਹੀਂ ਕਰ ਸਕਦੀਆਂ।
ਉਹਨਾਂ ਕਿਹਾ ਕਿ ਅਕਾਲੀ ਦਲ ਉਹਨਾਂ ਦੇ ਗੁਨਾਹਾਂ ਨੂੰ ਬੇਨਕਾਬ ਕਰਦਾ ਰਹੇਗਾ ਅਤੇ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਸਾਰੇ ਗੁਨਾਹਾਂ ਲਈ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਵਾਂਗੇ। ਉਹਨਾਂ ਕਿਹਾਕਿ ਉਹਨਾਂ ਨੂੰ ਇਸੇ ਤਰੀਕੇ ਇਹਨਾਂ ਹੀ ਅਫਸਰਾਂ ਸਾਹਮਣੇ ਤਲਬ ਕੀਤਾ ਜਾਵੇਗਾ ਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਸਰਦਾਰ ਬਾਦਲ ਨੇ ਸਪਸ਼ਟ ਕੀਤਾ ਕਿ ਪੰਜਾਬੀ ਆਪ ਤੋਂ ਅੱਕ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਪਾਰਟੀ ਨੇ ਸੂਬੇ ਅਤੇ ਇਸਦੇ ਸਰੋਤਾਂ ਨੂੰ ਲੁੱਟਣ ਤੋਂ ਇਲਾਵਾ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਪੰਜਾਬੀ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਇਸਨੂੰ ਕਰਾਰਾ ਸਬਕ ਸਿਖਾਇਆ ਜਾ ਸਕੇ।
ਉਹਨਾਂ ਨੇ ਮੁੱਖ ਮੰਤਰੀ ਵੱਲੋਂ ਸੂਬੇ ਵਿਚ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਾਸਤੇ ਕੱਖ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਬੇਅਦਬੀ ਦੀਆਂ 597 ਘਟਨਾਵਾਂ ਵਾਪਰ ਚੁੱਕੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਇਹਨਾਂ ਦੀ ਜਾਂਚ ਵੀ ਨਹੀਂ ਕਰਵਾਈ ਜਿਸ ਕਾਰਨ ਦੋਸ਼ੀ ਬਰੀ ਹੋ ਗਏ ਤੇ ਕੇਸ ਰੱਦ ਹੋ ਗਏ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਤਾਂ ਆਪ ਸੁਲਤਾਨਪੁਰ ਲੋਧੀ ਵਿਚ ਗੁਰੂ ਘਰ ਦੇ ਅੰਦਰ ਪੁਲਿਸ ਭੇਜੀ ਜਿਸ ਕਾਰਨ ਸ੍ਰੀ ਆਖੰਡ ਪਾਠ ਸਾਹਿਬ ਵਿਚ ਵਿਘਨ ਪਿਆ ਤੇ ਉਹਨਾਂ ਵੱਡੀ ਬੇਅਦਬੀ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਗਵੰਤ ਮਾਨ ਨੇ ਇਸ ਸਭ ਨੂੰ ਰੋਕਿਆ ਨਹੀਂ। ਹੁਣ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਰਹੇ ਹਨ। ਉਹਨਾਂ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਕੋਈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਂਦਾ ਹੈ, ਉਸਦਾ ਕੱਖ ਵੀ ਨਹੀਂ ਰਹਿੰਦਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਪਰਮਜੀਤ ਸਿੰਘ ਸਰਨਾ, ਐਨ ਕੇ ਸ਼ਰਮਾ ਅਤੇ ਅਰਸ਼ਦੀਪ ਸਿੰਘ ਕਲੇਰ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।