ਪੰਜਾਬ

ਮਾਲਵਾ 'ਚ ਅਤਿ-ਆਧੁਨਿਕ ਹਸਪਤਾਲ ਦਾ ਮੁੱਖ ਮੰਤਰੀ ਨੇ ਕੀਤਾ ਉਦਘਾਟਨ; ਗੰਭੀਰ ਬਿਮਾਰੀਆਂ ਦੇ ਇਲਾਜ ਦਾ ਕੇਂਦਰ ਬਣਨ ਲਈ ਤਿਆਰ

ਕੌਮੀ ਮਾਰਗ ਬਿਊਰੋ | July 25, 2026 11:23 PM

ਮੋਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਗਾ ਵਿਖੇ 120 ਬੈੱਡਾਂ ਵਾਲੇ ਅਤਿ-ਆਧੁਨਿਕ 'ਕੈਪੀਟਲ ਹਸਪਤਾਲ' ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਸਹੂਲਤ ਮਾਲਵਾ ਖੇਤਰ ਵਿੱਚ ਬਿਹਤਰ ਸਿਹਤ ਸੰਭਾਲ ਸੇਵਾਵਾਂ ਯਕੀਨੀ ਬਣਾਏਗੀ। ਇਸ ਨੂੰ ਮੋਗਾ ਜ਼ਿਲ੍ਹੇ ਦਾ ਪਹਿਲਾ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਹਸਪਤਾਲਜ਼ ਐਂਡ ਹੈਲਥਕੇਅਰ ਪ੍ਰੋਵਾਈਡਰਜ਼ (ਐਨ.ਏ.ਬੀ.ਐਚ.)-ਮਾਨਤਾ ਪ੍ਰਾਪਤ ਮਲਟੀ-ਸਪੈਸ਼ਲਿਟੀ ਹਸਪਤਾਲ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਗੰਭੀਰ ਬਿਮਾਰੀਆਂ ਦਾ ਵਿਸ਼ੇਸ਼ ਇਲਾਜ ਮੁਹੱਈਆ ਕਰਵਾਏਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਯੋਗ ਮਰੀਜ਼ 'ਮੁੱਖ ਮੰਤਰੀ ਸਿਹਤ ਯੋਜਨਾ' ਅਤੇ 'ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ’ ਤਹਿਤ ਕੈਸ਼ਲੇਸ ਇਲਾਜ ਦਾ ਲਾਭ ਲੈ ਸਕਣਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ 1, 090 ਆਮ ਆਦਮੀ ਕਲੀਨਿਕਾਂ ਦੇ ਨੈੱਟਵਰਕ ਰਾਹੀਂ ਪੂਰੇ ਸੂਬੇ ਵਿੱਚ ਕਿਫਾਇਤੀ ਸਿਹਤ ਸੇਵਾਵਾਂ ਦਾ ਵਿਸਥਾਰ ਕਰ ਰਹੀ ਹੈ।

ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਅੱਜ ਮੈਂ ਮੋਗਾ ਵਿਖੇ 120 ਬੈੱਡਾਂ ਵਾਲਾ ਅਤਿ-ਆਧੁਨਿਕ ਕੈਪੀਟਲ ਹਸਪਤਾਲ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਆਧੁਨਿਕ ਡਾਕਟਰੀ ਸਹੂਲਤਾਂ ਨਾਲ ਲੈਸ ਇਹ ਹਸਪਤਾਲ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤਹਿਤ ਮੁਫ਼ਤ ਇਲਾਜ ਵੀ ਪ੍ਰਦਾਨ ਕਰੇਗਾ। ਹੁਣ ਮਾਲਵਾ ਖੇਤਰ ਦੇ ਲੋਕਾਂ ਨੂੰ ਮਿਆਰੀ ਇਲਾਜ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ। ਅਸੀਂ ਹਰ ਪੰਜਾਬੀ ਲਈ ਕਿਫਾਇਤੀ, ਆਧੁਨਿਕ ਅਤੇ ਉੱਚ ਮਿਆਰੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।”

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਕੋਈ ਸਿਆਸੀ ਰੈਲੀ ਨਹੀਂ ਹੈ। ਇਹ ਪੂਰੇ ਪੰਜਾਬ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਸਾਡੇ ਨਿਰੰਤਰ ਯਤਨਾਂ ਦਾ ਹਿੱਸਾ ਹੈ। ਸਿੱਖਿਆ ਅਤੇ ਸਿਹਤ ਸੰਭਾਲ ਸਾਡੀ ਸਰਕਾਰ ਦੀਆਂ ਦੋ ਸਭ ਤੋਂ ਵੱਡੀਆਂ ਤਰਜੀਹਾਂ ਹਨ ਕਿਉਂਕਿ ਇਹ ਸਰਬਪੱਖੀ ਵਿਕਾਸ ਦੇ ਸਭ ਤੋਂ ਮਜ਼ਬੂਤ ਥੰਮ੍ਹ ਹਨ।”

ਮੁੱਖ ਮੰਤਰੀ ਨੇ ਕਿਹਾ, “ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਸਿਹਤ ਸੰਭਾਲ ਅਤੇ ਸਿੱਖਿਆ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਕਿੱਤੇ ਹਨ। ਬਦਕਿਸਮਤੀ ਨਾਲ ਕੁਝ ਲੋਕ ਇਨ੍ਹਾਂ ਪਵਿੱਤਰ ਕਿੱਤਿਆਂ ਨੂੰ ਬਦਨਾਮ ਕਰ ਰਹੇ ਹਨ, ਪਰ ਸਾਡੀ ਸਰਕਾਰ ਦੋਵਾਂ ਖੇਤਰਾਂ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਵਚਨਬੱਧ ਹੈ।”

ਨਿੱਜੀ ਮਲਟੀ-ਸਪੈਸ਼ਲਿਟੀ ਹਸਪਤਾਲ ਦੇ ਉਦਘਾਟਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਥੇ ਆਧੁਨਿਕ ਮਸ਼ੀਨਾਂ ਅਤੇ ਤਕਨਾਲੋਜੀ ਨਾਲ ਲੈਸ ਅਜਿਹਾ ਹਸਪਤਾਲ ਬਣਿਆ ਹੈ। ਮਾਹਿਰ ਡਾਕਟਰ ਲੋਕਾਂ ਨੂੰ ਮਿਆਰੀ ਇਲਾਜ ਦੇਣਗੇ। ਜਦੋਂ 2022 ਵਿੱਚ ਸਾਡੀ ਸਰਕਾਰ ਨੇ ਵਾਗਡੋਰ ਸੰਭਾਲੀ ਸੀ ਤਾਂ ਸਕੂਲੀ ਸਿੱਖਿਆ ਵਿੱਚ ਪੰਜਾਬ 27ਵੇਂ ਨੰਬਰ 'ਤੇ ਸੀ। ਅੱਜ ਨਿਰੰਤਰ ਸੁਧਾਰਾਂ ਅਤੇ ਅਣਥੱਕ ਯਤਨਾਂ ਸਦਕਾ ਪੰਜਾਬ ਸਕੂਲੀ ਸਿੱਖਿਆ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣ ਕੇ ਉੱਭਰਿਆ ਹੈ।”

ਮੁੱਖ ਮੰਤਰੀ ਨੇ ਦੱਸਿਆ, “ਇਸ ਨਵੇਂ ਹਸਪਤਾਲ ਵਿੱਚ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਅਤੇ ਕੇਂਦਰ ਸਰਕਾਰ ਦੀਆਂ ਸਿਹਤ ਬੀਮਾ ਯੋਜਨਾਵਾਂ ਦੋਵੇਂ ਉਪਲਬਧ ਹਨ, ਜਿਸ ਨਾਲ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਮਿਲੇਗਾ। ਸਾਡੀ ਸਰਕਾਰ ਨੇ ਸੜਕੀ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਸੂਬਾਈ ਤੇ ਰਾਸ਼ਟਰੀ ਰਾਜਮਾਰਗਾਂ 'ਤੇ ਕੀਮਤੀ ਜਾਨਾਂ ਬਚਾਉਣ ਲਈ ਦੇਸ਼ ਦੀ ਪਹਿਲੀ ਸਮਰਪਿਤ 'ਸੜਕ ਸੁਰੱਖਿਆ ਫੋਰਸ' ਦੀ ਸ਼ੁਰੂਆਤ ਕੀਤੀ ਹੈ। ਇਸ ਫੋਰਸ ਵਿੱਚ 1, 597 ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਜਵਾਨ ਅਤੇ 144 ਅਤਿ-ਆਧੁਨਿਕ ਵਾਹਨ ਸ਼ਾਮਲ ਹਨ।”

ਮੁੱਖ ਮੰਤਰੀ ਨੇ ਕਿਹਾ, “ਪੰਜਾਬ ਨੇ ਦੇਸ਼ ਦੀ ਪਹਿਲੀ ਸਰਵ-ਵਿਆਪੀ ਸਿਹਤ ਸੰਭਾਲ ਯੋਜਨਾ 'ਮੁੱਖ ਮੰਤਰੀ ਸਿਹਤ ਯੋਜਨਾ' ਵੀ ਸ਼ੁਰੂ ਕੀਤੀ ਹੈ, ਜੋ ਸੂਬੇ ਦੇ ਹਰੇਕ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੇਸ ਇਲਾਜ ਮੁਹੱਈਆ ਕਰਵਾਉਂਦੀ ਹੈ। ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ, ਜੋ ਅਜਿਹਾ ਵਿਆਪਕ ਸਿਹਤ ਕਵਰ ਮੁਹੱਈਆ ਕਰ ਰਿਹਾ ਹੈ, ਜਿਸ ਨਾਲ ਮਿਆਰੀ ਇਲਾਜ ਯਕੀਨੀ ਬਣਾਉਂਦੇ ਹੋਏ ਲੋਕਾਂ 'ਤੇ ਵਿੱਤੀ ਬੋਝ ਕਾਫੀ ਘਟਿਆ ਹੈ।”

ਉਨ੍ਹਾਂ ਕਿਹਾ, “ਇਹ ਇਤਿਹਾਸਕ ਪਹਿਲਕਦਮੀ ਸਾਰਿਆਂ ਲਈ ਸਿਹਤ ਸੰਭਾਲ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਲੋਕ ਇਸ ਯੋਜਨਾ ਤਹਿਤ 650 ਕਰੋੜ ਰੁਪਏ ਤੋਂ ਵੱਧ ਦਾ ਕੈਸ਼ਲੇਸ ਇਲਾਜ ਪ੍ਰਾਪਤ ਕਰ ਚੁੱਕੇ ਹਨ ਅਤੇ ਪੰਜਾਬ ਸਿਹਤ ਖੇਤਰ ਵਿੱਚ ਸਫਲਤਾ ਦੀ ਨਵੀਂ ਇਬਾਰਤ ਲਿਖ ਰਿਹਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਚੇਨਈ ਦਾ ਅਪੋਲੋ ਹਸਪਤਾਲ ਲਿਵਰ ਟ੍ਰਾਂਸਪਲਾਂਟ ਲਈ ਜਾਣਿਆ ਜਾਂਦਾ ਹੈ ਅਤੇ ਉੱਤਰੀ ਭਾਰਤ ਵਿੱਚ ਅਜਿਹੀਆਂ ਬਹੁਤ ਘੱਟ ਸਹੂਲਤਾਂ ਹਨ। ਪੰਜਾਬ ਹੁਣ ਦਿੱਲੀ ਤੋਂ ਬਾਅਦ ਦੂਜਾ ਅਜਿਹਾ ਸੂਬਾ ਬਣ ਗਿਆ ਹੈ, ਜਿਸ ਨੇ ਮੋਹਾਲੀ ਵਿੱਚ ਲਿਵਰ ਟ੍ਰਾਂਸਪਲਾਂਟ ਕੇਂਦਰ ਸਥਾਪਿਤ ਕੀਤਾ ਹੈ। ਵਿਸ਼ਵ ਪੱਧਰੀ ਸਿਹਤ ਸੰਭਾਲ ਪ੍ਰਦਾਨ ਕਰਨ ਅਤੇ ਕੀਮਤੀ ਜਾਨਾਂ ਬਚਾਉਣ ਵੱਲ ਇਹ ਇੱਕ ਹੋਰ ਮਹੱਤਵਪੂਰਨ ਕਦਮ ਹੈ।”

Have something to say? Post your comment

 
 
 
 

ਪੰਜਾਬ

ਪੰਜਾਬ ਦੇ ਲੋਕਾਂ ਨੇ 2027 ਵਿੱਚ ਮੁੜ ‘ਆਪ’ ਸਰਕਾਰ ਲਿਆਉਣ ਦਾ ਮਨ ਬਣਾ ਲਿਆ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਧਰਮੇਂਦਰ ਪ੍ਰਧਾਨ ਦਾ ਅਸਤੀਫਾ ਨੌਜਵਾਨ ਸ਼ਕਤੀ ਦੀ ਇਤਿਹਾਸਕ ਜਿੱਤ ਹੈ; ਪੀਐਮ ਮੋਦੀ ਨੂੰ ਇਸ ਨੂੰ ਜਲਦ ਤੋਂ ਜਲਦ ਪ੍ਰਵਾਨ ਕਰਨਾ ਚਾਹੀਦਾ ਹੈ-ਚੀਮਾ

ਪੰਜਾਬ ਸਰਕਾਰ ਵੱਲੋਂ 100 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੁਰੂਆਤ, ਕੁੱਲ ਗਿਣਤੀ 1,090 'ਤੇ ਪੁੱਜੀ

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਬਾਣੀਕਾਰਾਂ ਬਾਰੇ ਪੁਸਤਕਾਂ ਡਾ. ਸ ਪ ਸਿੰਘ ਤੇ ਪਰਵਾਸੀ ਲੇਖਕ ਗੁਰਬਚਨ ਸਿੰਘ ਨੂੰ ਕ ਕ ਬਾਵਾ ਤੇ ਗੁਰਭਜਨ ਗਿੱਲ ਵੱਲੋਂ ਭੇਂਟ

ਕਿਸੇ ਵੀ ਮੁਲਕ ਦੀ ਜਵਾਨੀ ਨੂੰ ਜਬਰ ਨਾਲ ਨਹੀਂ ਦਬਾਇਆ ਜੀ ਸਕਦਾ- ਪਰਗਟ ਸਿੰਘ ਗਰੇਵਾਲ

ਵਾਤਵਰਣ ਸੰਭਾਲ 'ਤੇ ਸ਼ੁੱਧਤਾ ਲਈ ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋ ਲਗਾਇਆ ਗਿਆ ਬੂਟਿਆਂ ਦਾ ਲੰਗਰ

ਸਰਕਾਰਾਂ ਨੂੰ ਦੇਸ਼ ਦੇ ਭਵਿੱਖ ਨੌਜਵਾਨਾਂ ਦੀ ਗੱਲ ਹਮਦਰਦੀ ਨਾਲ ਸੁਣਨੀ ਚਾਹੀਦੀ ਹੈ- ਰਵੀਇੰਦਰ ਸਿੰਘ

ਮੀਰੀ ਪੀਰੀ ਖ਼ਾਲਸਾ ਮਾਰਚ ਦੂਜੇ ਦਿਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਖ਼ਾਲਸਈ ਜਾਹੋਜਲਾਲ ਨਾਲ ਅਗਲੇ ਪੜਾਅ ਲਈ ਹੋਇਆ ਰਵਾਨਾ

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਲਿਆਂਦਾ ਭਾਰਤ

ਸਫ਼ਾਈ ਸੇਵਕਾਂ ਨਾਲ ਵਾਪਰੀ ਘਟਨਾ ਤੋਂ ਬਾਅਦ ਸੀ.ਐਮ. ਭਗਵੰਤ ਮਾਨ ਨੇ ਬਰਨਾਲਾ ਦੇ ਡੀਐਸਪੀ ਨੂੰ ਤੁਰੰਤ ਮੁਅੱਤਲ ਕਰਨ ਦੇ ਦਿੱਤੇ ਹੁਕਮ: ਮੀਤ ਹੇਅਰ