ਨਵੀਂ ਦਿੱਲੀ- ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਗੁਰਪ੍ਰੀਤ ਸਿੰਘ ਨੂੰ ਇੱਕ ਅੰਤਰਰਾਸ਼ਟਰੀ ਸੰਗਠਿਤ ਅਪਰਾਧਿਕ ਗਿਰੋਹ ਨਾਲ ਕਥਿਤ ਸਬੰਧਾਂ ਦੇ ਮਾਮਲੇ ਵਿੱਚ 'ਵਾਂਟੇਡ' ਐਲਾਨਿਆ ਹੈ। ਐਫਬੀਆਈ ਅਨੁਸਾਰ, ਗੁਰਪ੍ਰੀਤ ਸਿੰਘ ਉੱਤੇ ਰੈਕਟੀਅਰ ਇਨਫਲੂਐਂਸਡ ਐਂਡ ਕਰਪਟ ਆਰਗੇਨਾਈਜ਼ੇਸ਼ਨਜ਼ ਸਾਜ਼ਿਸ਼, ਬਿਨਾਂ ਲਾਇਸੈਂਸ ਹਥਿਆਰਾਂ ਦੇ ਕਾਰੋਬਾਰ ਦੀ ਸਾਜ਼ਿਸ਼, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਉਨ੍ਹਾਂ ਦੀ ਵੰਡ ਕਰਨ ਦੀ ਸਾਜ਼ਿਸ਼ ਸਮੇਤ ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਵੰਡ ਕਰਨ ਦੇ ਦੋਸ਼ ਹਨ। ਐਫਬੀਆਈ ਦਾ ਕਹਿਣਾ ਹੈ ਕਿ ਇਹ ਕਥਿਤ ਅਪਰਾਧਿਕ ਨੈੱਟਵਰਕ 'ਜੱਗੂ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ' ਨਾਲ ਸਬੰਧਤ ਹੈ, ਜਿਸ ਦੀ ਸ਼ੁਰੂਆਤ ਭਾਰਤ ਦੇ ਪੰਜਾਬ ਰਾਜ ਤੋਂ ਹੋਈ ਅਤੇ ਜਿਸ ਦੀਆਂ ਗਤੀਵਿਧੀਆਂ ਅਮਰੀਕਾ ਦੇ ਕੈਲੀਫ਼ੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਸਮੇਤ ਹੋਰ ਥਾਵਾਂ ਤੱਕ ਫੈਲੀਆਂ ਹੋਈਆਂ ਸਨ।
ਐਫਬੀਆਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਗੁਰਪ੍ਰੀਤ ਸਿੰਘ ਜਾਂ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਆਪਣੇ ਨਜ਼ਦੀਕੀ ਐਫਬੀਆਈ ਦਫ਼ਤਰ, ਜਾਂ ਸਭ ਤੋਂ ਨੇੜਲੇ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕਰੇ। ਦਸਣਯੋਗ ਹੈ ਕਿ ਇਹ ਦੋਸ਼ ਐਫਬੀਆਈ ਵੱਲੋਂ ਲਗਾਏ ਗਏ ਹਨ। ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਗੁਰਪ੍ਰੀਤ ਸਿੰਘ ਨੂੰ ਕਾਨੂੰਨੀ ਤੌਰ 'ਤੇ ਦੋਸ਼ੀ ਨਹੀਂ ਮੰਨਿਆ ਜਾਂਦਾ ਹੈ ।