ਨਵੀਂ ਦਿੱਲੀ- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਇੱਕ ਮੈਡੀਏਸ਼ਨ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਇਸ ਸੈੱਲ ਰਾਹੀਂ ਵਕੀਲਾਂ ਵੱਲੋਂ ਲੋੜ ਪੈਣ 'ਤੇ ਸੰਗਤ ਨੂੰ ਬਿਨਾਂ ਕਿਸੇ ਫੀਸ ਦੇ ਕਾਨੂੰਨੀ ਸਲਾਹ ਦਿੱਤੀ ਜਾਵੇਗੀ ਅਤੇ ਪਰਿਵਾਰਕ ਝਗੜਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਉਣ ਲਈ ਮੱਧਸਥਤਾ (ਮੈਡੀਏਸ਼ਨ) ਕਰਵਾਈ ਜਾਵੇਗੀ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਸੰਗਤ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਅੱਜਕੱਲ੍ਹ ਪਰਿਵਾਰਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਪਸੀ ਰਿਸ਼ਤਿਆਂ ਵਿੱਚ ਦੂਰੀਆਂ ਪੈਦਾ ਹੋ ਜਾਂਦੀਆਂ ਹਨ। ਅਜਿਹੇ ਮਾਮਲਿਆਂ ਵਿੱਚ ਮੱਧਸਥਤਾ ਰਾਹੀਂ ਰਿਸ਼ਤਿਆਂ ਨੂੰ ਦੁਬਾਰਾ ਜੋੜਨ ਲਈ ਇੱਕ ਮੈਡੀਏਸ਼ਨ ਸੈੱਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਮੁੱਚੀ ਕਮੇਟੀ ਨੇ ਗੁਰਦੁਆਰਾ ਸਾਹਿਬ ਵਿੱਚ ਮੈਡੀਏਸ਼ਨ ਸੈੱਲ ਸਥਾਪਤ ਕਰਨ ਦਾ ਫੈਸਲਾ ਲਿਆ। ਇਸ ਲਈ ਵਕੀਲਾਂ ਦਾ ਇੱਕ ਪੈਨਲ ਵੀ ਬਣਾਇਆ ਗਿਆ ਹੈ, ਜਿਸ ਵਿੱਚ ਐਡਵੋਕੇਟ ਰਸ਼ਮੀ ਗੁਲਾਟੀ, ਜਪਨੀਤ ਕੌਰ ਚਾਵਲਾ, ਸੁਸ਼ੀ ਸੂਦ, ਮਨਦੀਪ ਕੌਰ, ਹੇਮੰਤ ਗੁਲਾਟੀ, ਸਵਰਨਦੀਪ ਸਿੰਘ, ਅਮਿਤ ਮਜੂਮਦਾਰ, ਰਮਨੀਕ ਕੌਰ ਸਮੇਤ ਹੋਰ ਵਕੀਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਸਾਰੇ ਵਕੀਲ ਬਿਨਾਂ ਕਿਸੇ ਫੀਸ ਦੇ ਲੋੜਵੰਦ ਸੰਗਤ ਨੂੰ ਕਾਨੂੰਨੀ ਪਰਾਮਰਸ਼ ਦੇਣਗੇ ਅਤੇ ਪਰਿਵਾਰਕ ਵਿਵਾਦਾਂ ਦਾ ਆਪਸੀ ਸਹਿਮਤੀ ਨਾਲ ਹੱਲ ਕਰਵਾਉਣ ਅਤੇ ਮੱਧਸਥਤਾ ਸਥਾਪਤ ਕਰਨ ਵਿੱਚ ਸਹਿਯੋਗ ਦੇਣਗੇ।