ਅੰਮ੍ਰਿਤਸਰ-¸ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਵਿਸ਼ਵ ਹੈਪੇਟਾਈਟਿਸ ਦਿਵਸ ਦੇ ਸਬੰਧ ’ਚ ‘ਲੈਟਸ ਬਰੇਕ ਇਟ ਡਾਊਨ’ ਵਿਸ਼ੇ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਐਟਲਾਂਟਿਸ ਹਸਪਤਾਲ ਵਿਖੇ ਕਰਵਾਏ ਉਕਤ ਪ੍ਰੋਗਰਾਮ ਦਾ ਮਕਸਦ ਹੈਪੇਟਾਈਟਿਸ ਬਿਮਾਰੀ, ਇਸ ਦੀ ਰੋਕਥਾਮ ਅਤੇ ਜਿਗਰ ਦੀ ਸਿਹਤ ਪ੍ਰਤੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨਾ ਹੈ। ਇਹ ਪ੍ਰੋਗਰਾਮ ਮੈਡੀਕਲ ਸਰਜੀਕਲ ਨਰਸਿੰਗ ਵਿਭਾਗ ਦੀ ਡਾ. ਤਰਨਦੀਪ ਕੌਰ (ਐਸੋਸੀਏਟ ਪ੍ਰੋਫੈਸਰ), ਸ੍ਰੀਮਤੀ ਵੰਦਨਾ (ਅਸਿਸਟੈਂਟ ਪ੍ਰੋਫੈਸਰ) ਅਤੇ ਸ੍ਰੀਮਤੀ ਦੀਪਤੀ ਸ਼ਰਮਾ (ਨਰਸਿੰਗ ਟਿਊਟਰ) ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਹੈਪੇਟਾਈਟਿਸ ਦੇ ਵੱਖ-ਵੱਖ ਪ੍ਰਕਾਰਾਂ, ਇਸ ਦੇ ਕਾਰਨਾਂ, ਲੱਛਣਾਂ, ਇਲਾਜ ਅਤੇ ਰੋਕਥਾਮ ਦੇ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੀ. ਐੱਚ. ਐੱਚ. ਬੀ. ਸੀ. ਏ. ਅਤੇ ਸੀ. ਓ. ਟੀ. ਏ. ਦੇ ਵਿਦਿਆਰਥੀਆਂ ਨੇ ਹਸਪਤਾਲ ’ਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਹਤ ਸਿੱਖਿਆ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਸਾਫ਼-ਸਫ਼ਾਈ, ਸੁਰੱਖਿਅਤ ਖੂਨ ਚੜ੍ਹਾਉਣਾ, ਸੁਰੱਖਿਅਤ ਟੀਕਾਕਰਨ, ਸਾਫ਼ ਪੀਣ ਵਾਲਾ ਪਾਣੀ ਅਤੇ ਸਮੇਂ ਸਿਰ ਜਾਂਚ ਕਰਵਾਉਣ ਨਾਲ ਹੈਪੇਟਾਈਟਿਸ ਤੋਂ ਕਾਫ਼ੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ।
ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਨਰਸਿੰਗ ਸਿੱਖਿਆ ਦਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੂੰ ਪੇਸ਼ੇਵਰ ਤੌਰ ’ਤੇ ਤਿਆਰ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ’ਚ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਦਾ ਵਿਕਾਸ ਕਰਨਾ ਵੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਜਨ-ਜਾਗਰੂਕਤਾ ਪ੍ਰੋਗਰਾਮਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸੰਤੁਲਿਤ ਖੁਰਾਕ, ਨਸ਼ਿਆਂ ਤੋਂ ਦੂਰ ਰਹਿਣ, ਨਿਯਮਿਤ ਸਿਹਤ ਜਾਂਚ ਅਤੇ ਟੀਕਾਕਰਨ ਦੀ ਮਹੱਤਤਾ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਟਾਫ਼ ਦੀ ਮੌਜੂਦਗੀ ’ਚ ਲਗਭਗ 100 ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਸਮੂਹ ਭਾਗੀਦਾਰਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਸਮਾਜ ’ਚ ਸਿਹਤ ਪ੍ਰਤੀ ਸਹੀ ਜਾਣਕਾਰੀ ਪਹੁੰਚਾਉਣ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ।
ਇਸ ਮੌਕੇ ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਡਾ. ਕੁਲਦੀਪ ਸ਼ਰਮਾ, ਮੁੱਖ ਪ੍ਰਸ਼ਾਸਕ ਡਾ. ਵਿਨੋਦ ਸ਼ਰਮਾ, ਡਾ. ਵੀਰੂ ਅਤੇ ਮੈਡੀਕਲ ਸੁਪਰਡੈਂਟ ਡਾ. ਰਣਜੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਕਾਲਜ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਵਿੱਖ ਦੇ ਨਰਸਿੰਗ ਪੇਸ਼ੇਵਰਾਂ ਵੱਲੋਂ ਅਜਿਹੀਆਂ ਸਮਾਜ ਸੇਵੀ ਗਤੀਵਿਧੀਆਂ ਲੋਕਾਂ ’ਚ ਸਿਹਤ ਸਬੰਧੀ ਜਾਗਰੂਕਤਾ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।