ਨਵੀਂ ਦਿੱਲੀ- ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦੀ ਰਸੋਈ ਵਿੱਚ ਲੰਗਰ ਸੇਵਾ ਲਈ ਨਵੀਆਂ ਮਸ਼ੀਨਾਂ ਸਥਾਪਤ ਕਰਨ ਵਾਸਤੇ ਉੱਘੇ ਸਮਾਜ ਸੇਵੀ ਸਰਦਾਰ ਸੁਰਿੰਦਰ ਪਾਲ ਸਿੰਘ ਸਲੂਜਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਕਰੋੜ ਰੁਪਏ ਦਾ ਚੈਕ ਭੇਟ ਕੀਤਾ। ਇਹ ਚੈਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੂੰ ਸੌਂਪਿਆ ਗਿਆ। ਇਸ ਮੌਕੇ ਸਰਦਾਰ ਭੁਪਿੰਦਰ ਸਿੰਘ ਭੁੱਲਰ ਦੀ ਮੌਜੂਦਗੀ ਵਿੱਚ ਕਮੇਟੀ ਵੱਲੋਂ ਸਲੂਜਾ ਪਰਿਵਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕਮੇਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਧਾਰਮਿਕ, ਮੈਡੀਕਲ ਅਤੇ ਵਿਦਿਅਕ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਸਲੂਜਾ ਪਰਿਵਾਰ ਨੇ ਇਹ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਕਮੇਟੀ ਅੱਜ 50 ਰੁਪਏ ਵਿੱਚ ਐਮਆਰਆਈ ਅਤੇ ਸੀਟੀ ਸਕੈਨ, 7 ਹਜ਼ਾਰ ਰੁਪਏ ਵਿੱਚ ਪੈਟ ਸਕੈਨ, ਬਾਲਾ ਸਾਹਿਬ ਹਸਪਤਾਲ ਵਿੱਚ ਮੁਫ਼ਤ ਡਾਇਲਸਿਸ ਅਤੇ ਬਾਲਾ ਪ੍ਰੀਤਮ ਦਵਾਖਾਨਿਆਂ ਰਾਹੀਂ ਸਸਤੀਆਂ ਦਵਾਈਆਂ ਵਰਗੀਆਂ ਲੋਕ-ਭਲਾਈ ਸੇਵਾਵਾਂ ਨਿਰੰਤਰ ਚਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਪੂਰਨ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚਿਆਂ ਦੀ ਟਿਊਸ਼ਨ ਫ਼ੀਸ ਦਾ ਭਾਰ ਵੀ ਚੁੱਕ ਰਹੀ ਹੈ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਸਮੇਤ ਹੋਰ ਪੰਥਕ ਵਿਦਿਅਕ ਅਦਾਰਿਆਂ ਰਾਹੀਂ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਸਲੂਜਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਯੋਗਦਾਨ ਗੁਰੂ ਘਰ ਦੀ ਲੰਗਰ ਸੇਵਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੀ ਸੇਵਾ ਦੇ ਇਸ ਕਾਰਜ ਵਿੱਚ ਹਮੇਸ਼ਾ ਵਾਂਗ ਆਪਣਾ ਸਹਿਯੋਗ ਜਾਰੀ ਰੱਖਣ।