ਨਵੀਂ ਦਿੱਲੀ- ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ, ਮਹਾਰਾਸ਼ਟਰ ਸਰਕਾਰ ਦੇ ਚੇਅਰਮੈਨ ਸ. ਬਲ ਮਲਕੀਤ ਸਿੰਘ ਨੇ ਅੱਠਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਪਾਵਨ ਜੀਵਨ ਨਿਮਰਤਾ, ਦਇਆ, ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਣ ਦਾ ਸਦੀਵੀ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਗੁਰਗੱਦੀ ਸੰਭਾਲਣ ਦੇ ਬਾਵਜੂਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਜੀਵਨ ਅਤੇ ਕਾਰਜਾਂ ਰਾਹੀਂ ਇਹ ਸਾਬਤ ਕੀਤਾ ਕਿ ਪਰਮਾਤਮਾ ਦੀ ਭਗਤੀ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਹੀ ਜੀਵਨ ਦੀ ਸਭ ਤੋਂ ਵੱਡੀ ਕਮਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਮਹਾਂਮਾਰੀ ਦੇ ਦੌਰਾਨ ਗੁਰੂ ਸਾਹਿਬ ਨੇ ਜਾਤ-ਪਾਤ, ਧਰਮ ਅਤੇ ਵਰਗ ਦੇ ਹਰ ਭੇਦ ਤੋਂ ਉੱਪਰ ਉੱਠ ਕੇ ਦੁਖੀ ਮਨੁੱਖਤਾ ਦੀ ਸੇਵਾ ਕੀਤੀ ਅਤੇ ਕਰੁਣਾ, ਦਇਆ ਤੇ ਪਰਉਪਕਾਰ ਦੀ ਅਦੁੱਤੀ ਮਿਸਾਲ ਕਾਇਮ ਕੀਤੀ। ਸ. ਬਲ ਮਲਕੀਤ ਸਿੰਘ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਪ੍ਰੇਮ, ਸਹਿਣਸ਼ੀਲਤਾ, ਭਾਈਚਾਰੇ ਅਤੇ ਪਰਉਪਕਾਰ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਸਮਾਜ ਨਫ਼ਰਤ, ਹਿੰਸਾ, ਸਵਾਰਥ ਅਤੇ ਆਪਸੀ ਵੰਡ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ, ਉਦੋਂ ਗੁਰੂ ਸਾਹਿਬ ਦਾ ਸੰਦੇਸ਼ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਿਕ ਬਣ ਗਿਆ ਹੈ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਵੱਲੋਂ ਦਰਸਾਏ ਸੇਵਾ, ਸਿਮਰਨ, ਨਿਮਰਤਾ ਅਤੇ "ਸਰਬੱਤ ਦੇ ਭਲੇ" ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਇਆ ਜਾਵੇ, ਤਾਂ ਜੋ ਮਨੁੱਖਤਾ, ਸਦਭਾਵਨਾ ਅਤੇ ਆਪਸੀ ਭਾਈਚਾਰੇ 'ਤੇ ਆਧਾਰਿਤ ਇੱਕ ਸੁਚੱਜੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।