ਫਤਿਹਗੜ੍ਹ ਸਾਹਿਬ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੀਆਂਪੁਰ, ਰਸੀਦਪੁਰ ਤੇ ਮਾਧੋ ਪੁਰ ਪਿੰਡਾਂ ਦੇ 17 ਪ੍ਰਭਾਵਤ ਪਰਿਵਾਰਾਂ ਜਿਹਨਾਂ ਦੀ ਕਣਕ ਦੀ ਫਸਲ ਤਿੰਨ ਮਹੀਨੇ ਪਹਿਲਾਂ ਅੱਗ ਕਾਰਨ ਸੜ ਕੇ ਸੁਆਹ ਹੋ ਗਈ ਸੀ, ਨੂੰ 200 ਕੁਇੰਟਲ ਕਣਕ ਵੰਡੀ।
ਅਕਾਲੀ ਦਲ ਦੇ ਪ੍ਰਧਾਨ ਨੇ ਹਰ ਪ੍ਰਭਾਵਤ ਪਰਿਵਾਰ ਨੂੰ ਪੰਜ-ਪੰਜ ਕੁਇੰਟਲ ਕਣਕ ਵੰਡੀ। ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ ਵਿਚ ਤਿੰਨ ਪਿੰਡਾਂ ਵਿਚ 40 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ।
ਪ੍ਰਭਾਵਤ ਪਰਿਵਾਰਾਂ ਨੇ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕੀਤਾ ਅਤੇ ਜ਼ੋਰ ਦੇ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਆਪ ਸਰਕਾਰ ਤੋਂ ਕੋਈ ਮੁਆਵਜ਼ਾ ਨਹੀਂ ਮਿਲਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਭਾਵੇਂ ਅਸੀਂ ਇਸ ਸੇਵਾ ਰਾਹੀਂ ਆਪਣਾ ਵਾਅਦਾ ਪੂਰਾ ਕੀਤਾ ਹੈ, ਪਰ ਇਹ ਵੇਖ ਕੇ ਮਨ ਨਿਰਾਸ਼ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਭਾਵੇਂ ਉਹ ਕਿਸਾਨਾਂ ਨੂੰ ਇਸ ਸਾਲ ਅਗਜ਼ਨੀ ਨਾਲ ਜਾਂ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਦਾ ਮੁਆਵਜ਼ਾ ਦੇਦ ਦੀ ਗੱਲ ਹੋਵੇ ਜਾਂ ਫਿਰ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਝੋਨੇ ਦੇ ਹੋਏ ਨੁਕਸਾਨ ਦੀ ਗੱਲ ਹੋਵੇ। ਉਹਨਾਂ ਕਿਹਾ ਕਿ ਜਿਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਸੀ ਤੇ ਹਮੇਸ਼ਾ ਲੋੜ ਵੇਲੇ ਨਾਲ ਡਟੇ ਰਹਾਂਗੇ।
ਇਸ ਤੋਂ ਪਹਿਲਾਂ ਪੀੜਤ ਕਿਸਾਨਾਂ ਦੀ ਮਦਦ ਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਮੁਕਤਸਰ ਸਾਹਿਬ ਵਿਚ 140 ਪ੍ਰਭਾਵਤ ਕਿਸਾਨ ਪਰਿਵਾਰਾਂ ਨੂੰ 600 ਕੁਇੰਟਲ ਕਣਕ ਵੰਡੀ ਸੀ ਤੇ ਮਲੋਟ ਦੇ ਗੰਧਾਰ ਦੇ ਕਿਸਾਨਾਂ ਨੂੰ 300 ਕੁਇੰਟਲ ਕਣਕ ਵੰਡੀ ਸੀ ਜਿਹਨਾਂ ਦੀਆਂ ਖੜ੍ਹੀਆਂ ਫਸਲਾਂ ਗੜ੍ਹੇਮਾਰਨ ਕਾਰਨ ਤਬਾਹ ਹੋ ਗਈਆਂ ਸਨ।
ਇਸ ਮੌਕੇ ਸੀਨੀਅਰ ਆਗੂ ਬਲਜੀਤ ਸਿੰਘ ਭੁੱਟਾ, ਦਰਬਾਰਾ ਸਿੰਘ ਗੁਰੂ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ ਅਤੇ ਸ਼ਰਨਜੀਤ ਸਿੰਘ ਚਨਾਰਥਲ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।