ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦਿੱਤੇ ਗਏ "ਸੰਗਤ ਸਭ ਤੋਂ ਉੱਪਰ ਹੈ" ਵਾਲੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੰਗਤ ਬਾਰੇ ਪ੍ਰਵਚਨ ਕਰਨ ਤੋਂ ਪਹਿਲਾਂ ਗੁਰਬਾਣੀ ਦਾ ਗੰਭੀਰ ਅਧਿਐਨ ਕਰਨਾ ਚਾਹੀਦਾ ਹੈ। ਸ ਸਰਨਾ ਨੇ ਕਿਹਾ ਕਿ ਗੁਰਬਾਣੀ ਸਿਰਫ਼ ਸੰਗਤ ਦੀ ਮਹਿਮਾ ਹੀ ਨਹੀਂ ਕਰਦੀ, ਸਗੋਂ ਮਾੜੀ ਸੰਗਤ ਤੋਂ ਬਚਣ ਦੀ ਵੀ ਸਖ਼ਤ ਸਿੱਖਿਆ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਗੁਰਬਾਣੀ ਮਾੜੀ ਸੰਗਤ ਦੇ ਮਨੁੱਖ ਦੇ ਵਿਚਾਰਾਂ ਅਤੇ ਕਰਮਾਂ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਕੀ ਸਿੱਖਿਆ ਦਿੰਦੀ ਹੈ। ਸਰਦਾਰ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 345 ਅਤੇ ਅੰਗ 474 ਦੀਆਂ ਪੰਗਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰਬਾਣੀ ਸਪੱਸ਼ਟ ਕਰਦੀ ਹੈ ਕਿ ਬੁਰੀ ਸੰਗਤ ਮਨੁੱਖ ਦੀ ਸੋਚ ਨੂੰ ਭ੍ਰਿਸ਼ਟ ਕਰ ਦਿੰਦੀ ਹੈ ਅਤੇ ਮੂਰਖ ਤੇ ਹੰਕਾਰੀ ਲੋਕਾਂ ਨਾਲ ਨਿਭਾਈ ਦੋਸਤੀ ਕਦੇ ਵੀ ਸਫਲ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦੂਜਿਆਂ ਨੂੰ ਸੰਗਤ ਬਾਰੇ ਸਿੱਖਿਆ ਦੇਣ ਦੀ ਬਜਾਏ ਪਹਿਲਾਂ ਆਪਣੇ ਰਾਜਨੀਤਿਕ ਸਾਥੀਆਂ ਅਤੇ ਸੰਗਤ ਬਾਰੇ ਗੁਰਬਾਣੀ ਦੀ ਸਿੱਖਿਆ ਨੂੰ ਸਮਝਣਾ ਚਾਹੀਦਾ ਹੈ। ਸਰਨਾ ਨੇ ਦੋਸ਼ ਲਾਇਆ ਕਿ ਸੰਗਤ ਦੇ ਸਿਧਾਂਤ ਨੂੰ ਰਾਜਨੀਤਿਕ ਢਾਲ ਵਜੋਂ ਵਰਤਣਾ ਠੀਕ ਨਹੀਂ ਹੈ ਅਤੇ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਹੀ ਪ੍ਰਸੰਗ ਵਿੱਚ ਸਮਝਣਾ ਲਾਜ਼ਮੀ ਹੈ।