ਨਵੀਂ ਦਿੱਲੀ- ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅਪੂਰਨ ਸਬੰਧਾਂ ਦੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਵਫ਼ਦ ਦੇ ਪਾਕਿਸਤਾਨ ਹਾਈ ਕਮਿਸ਼ਨ ਪਹੁੰਚਣ ’ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਬੁਲਾਰੇ ਹਰਪਾਲ ਸਿੰਘ ਜੌਹਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਪੁੱਛਿਆ ਕਿ ਇਸ ਮੁਲਾਕਾਤ ਦਾ ਅਸਲ ਏਜੰਡਾ ਕੀ ਸੀ? ਜੌਹਲ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਧਾਰਮਿਕ ਯਾਤਰਾਵਾਂ ਲਈ ਪਹਿਲਾਂ ਤੋਂ ਨਿਰਧਾਰਤ ਕੂਟਨੀਤਕ ਪ੍ਰਕਿਰਿਆ ਮੌਜੂਦ ਹੈ। ਜੇਕਰ ਮਾਮਲਾ ਸਿਰਫ਼ ਧਾਰਮਿਕ ਯਾਤਰਾਵਾਂ ਅਤੇ ਸ਼ਰਧਾਲੂਆਂ ਦੇ ਵੀਜ਼ਿਆਂ ਨਾਲ ਸਬੰਧਤ ਸੀ ਤਾਂ ਸਿੱਧੇ ਹਾਈ ਕਮਿਸ਼ਨ ਜਾਣ ਦੀ ਲੋੜ ਕਿਉਂ ਪਈ, ਇਹ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਮੀਟਿੰਗ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਪਾਕਿਸਤਾਨ ਤੋਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਬਾਰੇ ਕੋਈ ਚਰਚਾ ਹੋਈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਨਿੱਜੀ ਪੱਧਰ ’ਤੇ ਪਾਕਿਸਤਾਨ ਸਥਿਤ ਸਿੱਖ ਸੰਸਥਾਵਾਂ ਨਾਲ ਸੰਪਰਕ ਅਤੇ ਨਿੱਜੀ ਜਥਿਆਂ ਨੂੰ ਪਾਕਿਸਤਾਨ ਭੇਜਣ ਸਬੰਧੀ ਸਵਾਲ ਉੱਠਦੇ ਰਹੇ ਹਨ। ਜੇਕਰ ਅਜਿਹੀ ਕਿਸੇ ਵਿਵਸਥਾ ਨੂੰ ਕਿਸੇ ਨਵੇਂ ਰੂਪ ਵਿੱਚ ਮੁੜ ਸਰਗਰਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਇਸ ਦੀ ਜਾਣਕਾਰੀ ਸੰਗਤ ਸਾਹਮਣੇ ਆਉਣੀ ਚਾਹੀਦੀ ਹੈ। ਜੌਹਲ ਨੇ ਸਿੱਖ ਰਾਜਨੀਤੀ ਵਿੱਚ ਪਾਕਿਸਤਾਨ ਨਾਲ ਸੰਪਰਕਾਂ ਨੂੰ ਲੈ ਕੇ ਉੱਠਦੇ ਰਹੇ ਸਵਾਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਭਾਰਤ ਦੀ ਸੁਰੱਖਿਆ ਅਤੇ ਰਾਸ਼ਟਰੀ ਹਿੱਤ ਸਭ ਤੋਂ ਉੱਪਰ ਹਨ ਤਾਂ ਪਾਕਿਸਤਾਨ ਨਾਲ ਸੰਪਰਕਾਂ ਦੇ ਮਾਮਲੇ ਵਿੱਚ ਵੱਖ-ਵੱਖ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸੇ ਵਿਅਕਤੀ ਜਾਂ ਸਿਆਸੀ ਪਾਰਟੀ ਦੀ ਨਿੱਜੀ ਜਾਇਦਾਦ ਨਹੀਂ, ਸਗੋਂ ਸਿੱਖ ਸੰਗਤ ਦੀ ਧਾਰਮਿਕ ਸੰਸਥਾ ਹੈ। ਇਸ ਲਈ ਪਾਕਿਸਤਾਨ ਹਾਈ ਕਮਿਸ਼ਨ ਨਾਲ ਹੋਈ ਮੁਲਾਕਾਤ ਦਾ ਏਜੰਡਾ ਅਤੇ ਗੱਲਬਾਤ ਦੇ ਮੁੱਖ ਬਿੰਦੂ ਸੰਗਤ ਸਾਹਮਣੇ ਰੱਖੇ ਜਾਣੇ ਚਾਹੀਦੇ ਹਨ।