ਨਵੀਂ ਦਿੱਲੀ-ਅਮਰੀਕਾ ਦੇ ਮੈਨਹੈਟਨ ਸਥਿਤ ਮੈਡੀਸਨ ਸਕੁਏਅਰ ਗਾਰਡਨ ਵਿਖੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਸਮਾਗਮ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। 'ਲੈਂਡ ਆਫ਼ ਦ ਫ੍ਰੀ, ਹੋਮ ਆਫ਼ ਦ ਬ੍ਰੇਵ' ਦੀ ਧਰਤੀ 'ਤੇ ਸੰਘੀ ਫਾਸ਼ੀਵਾਦ ਅਤੇ ਨਫ਼ਰਤੀ ਏਜੰਡੇ ਦੀਆਂ ਧੱਜੀਆਂ ਉਡਾਉਂਦਿਆਂ ਹਜ਼ਾਰਾਂ ਸਿੱਖਾਂ ਨੇ ਵਿਰੋਧ ਕੀਤਾ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਸੱਦੇ 'ਤੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਪਹੁੰਚੇ ਸਿੱਖਾਂ ਨੇ ਆਰ.ਐੱਸ.ਐੱਸ. ਦੀ ਘੱਟਗਿਣਤੀ-ਵਿਰੋਧੀ ਵਿਚਾਰਧਾਰਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਬੁਲਾਰਿਆਂ ਨੇ ਆਰ.ਐੱਸ.ਐੱਸ. ਨੂੰ ਹਿੰਦੂਤਵੀ ਦਮਨ ਕਰਾਰ ਦਿੰਦਿਆਂ ਭਾਰਤ ਵਿੱਚ ਘੱਟਗਿਣਤੀਆਂ 'ਤੇ ਹੋ ਰਹੇ ਜ਼ੁਲਮਾਂ ਦੀਆਂ ਪਰਤਾਂ ਖੋਲ੍ਹ ਕੇ ਰੱਖ ਦਿੱਤੀਆਂ। ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਆਰ.ਐੱਸ.ਐੱਸ. ਦੇ ਏਜੰਡੇ 'ਤੇ ਸਿੱਧਾ ਵਾਰ ਕਰਦਿਆਂ ਕਿਹਾ ਕਿ ਇਸ ਫਾਸ਼ੀਵਾਦੀ ਸੋਚ ਅਤੇ ਭਾਰਤੀ ਜਬਰ ਤੋਂ ਮੁਕਤੀ ਦਾ ਇੱਕੋ-ਇੱਕ ਰਸਤਾ ਪੰਜਾਬ ਦੀ ਪੂਰਨ ਰਾਜਨੀਤਕ ਆਜ਼ਾਦੀ ਅਤੇ ਸਵੈ-ਨਿਰਣਾ ਹੈ। ਉਨ੍ਹਾਂ ਭਾਰਤੀ ਹਕੂਮਤ ਅਤੇ ਆਰ.ਐੱਸ.ਐੱਸ. ਦੇ ਗਠਜੋੜਤੇ ਲਾਇਆ ਕਿ ਜੇਲ੍ਹਾਂ ਵਿੱਚ ਬੰਦ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀ ਵਰਤੋਂ ਕਰਕੇ ਵਿਦੇਸ਼ਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਅਤੇ ਹਿੰਸਕ ਹਮਲੇ ਕਰਵਾਏ ਜਾ ਰਹੇ ਹਨ, ਜਿਸ ਦੀ ਅੰਤਰਰਾਸ਼ਟਰੀ ਪੱਧਰ 'ਤੇ ਜਾਂਚ ਹੋਣੀ ਲਾਜ਼ਮੀ ਹੈ। ਡਾ. ਅਮਰਜੀਤ ਸਿੰਘ ਅਤੇ ਮੀਡੀਆ ਸਪੋਕਸਮੈਨ ਹਰਜਿੰਦਰ ਸਿੰਘ ਨੇ ਆਰ.ਐੱਸ.ਐੱਸ. ਦੀ ਸਰਹੱਦ-ਪਾਰ ਦਹਿਸ਼ਤਗਰਦੀ ਅਤੇ 'ਟਰਾਂਸਨੈਸ਼ਨਲ ਰਿਪਰੈਸ਼ਨ' ਦਾ ਪੋਲ- ਖੋਲ੍ਹਦਿਆਂ ਕਿਹਾ ਕਿ ਸਿੱਖ ਡਾਇਸਪੋਰਾ ਅਮਰੀਕਾ ਵਰਗੇ ਲੋਕਤੰਤਰੀ ਮੁਲਕਾਂ ਦੀ ਧਰਤੀ 'ਤੇ ਆਰ.ਐੱਸ.ਐੱਸ. ਦੇ ਚਿਹਰੇ ਨੂੰ ਸੰਸਾਰ ਸਾਹਮਣੇ ਬੇਨਕਾਬ ਕਰਦਾ ਰਹੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਕੌਮ ਆਪਣੇ ਮਨੁੱਖੀ ਅਤੇ ਰਾਜਨੀਤਕ ਹੱਕਾਂ ਲਈ ਆਰ.ਐੱਸ.ਐੱਸ. ਵਿਰੁੱਧ ਜੰਗ ਅੰਤਰਰਾਸ਼ਟਰੀ ਅਦਾਲਤਾਂ ਅਤੇ ਮਨੁੱਖੀ ਅਧਿਕਾਰ ਮੰਚਾਂ 'ਤੇ ਹੋਰ ਤੇਜ਼ ਕਰੇਗੀ। ਅੰਤ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਆਰ.ਐੱਸ.ਐੱਸ. ਦੀਆਂ ਕੌਮ-ਵਿਰੋਧੀ ਨੀਤੀਆਂ ਖ਼ਿਲਾਫ਼ ਮੈਦਾਨ 'ਚ ਨਿੱਤਰੀਆਂ ਸਮੂਹ ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਨੌਜਵਾਨਾਂ ਦਾ ਧੰਨਵਾਦ ਕੀਤਾ।