ਨਵੀਂ ਦਿੱਲੀ - ਬ੍ਰਿਕਸ ਦੇਸ਼ਾਂ ਵਿੱਚ ਖੇਤੀਬਾੜੀ ਵਪਾਰ, ਤਕਨਾਲੋਜੀ ਅਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਬ੍ਰਿਕਸ ਐਗਰੀ ਪੋਰਟਲ ਜਲਦ ਲਾਂਚ ਕੀਤਾ ਜਾਵੇਗਾ। ਬ੍ਰਿਕਸ ਵਪਾਰ ਪ੍ਰੀਸ਼ਦ ਦੇ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਹੇਠ ਹੋਏ ਸੈਸ਼ਨ ਵਿੱਚ ਇਹ ਫੈਸਲਾ ਲਿਆ ਗਿਆ। ਡਾ. ਸਾਹਨੀ ਨੇ ਕਿਹਾ ਕਿ ਪੋਰਟਲ ਰਾਹੀਂ ਬ੍ਰਿਕਸ ਦੇਸ਼ਾਂ ਦੇ ਕਿਸਾਨਾਂ, ਐਗਰੀ-ਟੈਕ ਸਟਾਰਟਅੱਪਸ, ਖੋਜਕਰਤਾਵਾਂ, ਨਿਵੇਸ਼ਕਾਂ ਅਤੇ ਕਾਰੋਬਾਰਾਂ ਨੂੰ ਇੱਕ ਸਾਂਝੇ ਮੰਚ ’ਤੇ ਜੋੜਿਆ ਜਾਵੇਗਾ। ਇਸ ਨਾਲ ਬਾਜ਼ਾਰਾਂ ਤੱਕ ਪਹੁੰਚ, ਤਕਨਾਲੋਜੀ ਦਾ ਆਦਾਨ-ਪ੍ਰਦਾਨ, ਖੇਤੀਬਾੜੀ ਮਸ਼ੀਨੀਕਰਨ ਲਈ ਵਿੱਤੀ ਸਹਾਇਤਾ ਅਤੇ ਵਾਢੀ ਤੋਂ ਬਾਅਦ ਮੁੱਲ ਵਧਾਉਣ ਦੇ ਮੌਕੇ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਬ੍ਰਿਕਸ ਵਿਸ਼ਵ ਖੇਤੀਬਾੜੀ ਉਤਪਾਦਨ ਦਾ ਲਗਭਗ 42 ਫੀਸਦੀ ਹਿੱਸਾ ਪੈਦਾ ਕਰਦਾ ਹੈ। ਏਆਈ, ਰਿਮੋਟ ਸੈਂਸਿੰਗ, ਸ਼ੁੱਧਤਾ ਖੇਤੀ ਅਤੇ ਡਿਜੀਟਲ ਬਾਜ਼ਾਰਾਂ ਰਾਹੀਂ ਕਿਸਾਨਾਂ ਦੀ ਉਤਪਾਦਕਤਾ ਵਧਾਉਣ ਅਤੇ ਟਿਕਾਊ ਖੁਰਾਕ ਪ੍ਰਣਾਲੀ ਬਣਾਉਣ ’ਤੇ ਸਹਿਯੋਗ ਵਧਾਉਣ ਦੀ ਲੋੜ ਹੈ।