ਬਟਾਲਾ- ਸ. ਸੌਭਾ ਸਿੰਘ ਆਰਟਿਸਟ ਦੇ ਸ਼ਾਗਿਰਦ ਅਤੇ ਅੰਤਰ ਰਾਸ਼ਟਰੀ ਪ੍ਰਸਿੰਧੀ ਪ੍ਰਾਪਤ ਫ਼ੋਟੋ ਕਲਾਕਾਰ ਬਟਾਲਾ ਵਾਸੀ ਹਰਭਜਨ ਸਿੰਘ ਬਾਜਵਾ ਦਾ ਅੱਜ ਦੁਪਹਿਰ 12 ਵਜੇ ਦੇਹਾਂਤ ਹੋ ਗਿਆ ਹੈ। ਉਹ ਲਗਪਗ 85 ਵਰ੍ਰਿਆਂ ਦੇ ਸਨ। ਸ. ਬਾਜਵਾ ਦੇ ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਐਤਵਾਰ ਨੂੰ ਬਟਾਲਾ(ਨੇੜੇ ਕਾਦੀਆਂ ਵਾਲੀ ਚੁੰਗੀ) ਸ਼ਮਸ਼ਾਨ ਘਾਟ ਵਿੱਚ ਹੋਵੇਗਾ।
ਸ. ਹਰਭਜਨ ਸਿੰਘ ਬਾਜਵਾ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਫੋਟੋਗਰਾਫਰ ਅਤੇ ਪੰਜਾਬੀ ਲੇਖਕ ਸਨ। ਹਰਭਜਨ ਬਾਜਵਾ ਨੇ ਸ. ਸੋਭਾ ਸਿੰਘ ਆਰਟਿਸਟ ਕੋਲੋਂ ਅੰਦਰੇਟਾ ਜਾ ਕੇ ਚਿੱਤਰਕਾਰੀ ਸਿੱਖੀ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਬਾਜਵਾ ਨੇ ਬਟਾਲਾ ਵਿਖੇ ਹੰਸਲੀ ਨੇੜੇ ਸਿਨੇਮਾ ਰੋਡ ਤੇ ਆਪਣਾ ਸਟੂਡੀਓ ਸਥਾਪਤ ਕਰ ਲਿਆ। ਪਰ ਹੂਣ ਪਿਛਲੇ ਲੰਮੇ ਸਮਾਂ ਤੋਂ ਹੀ ਥਾਹਨੂੰਵਾਨ ਰੋਡ ਤੇ ਆਪਣੇ ਖੇਤਾਂ ਵਿੱਚ ਹੀ ਘਰ ਬਣਾ ਕੇ ਰਹਿ ਰਹੇ ਸਨ ਅਤੇ ਸਟੁਡੀਓ ਚਲਾ ਰਹੇ ਸਨ।
ਸ. ਬਾਜਵਾ ਨੇ ਆਪਣੀਆਂ ਖਿੱਚੀਆਂ ਤਸਵੀਰਾਂ, ਸਲਾਈਡਾਂ ਤੇ ਹੋਰ ਇਤਿਹਾਸਕ ਤਸਵੀਰਾਂ ਪੰਜਾਬੀ ਸੱਥ ਲਾਂਬੜਾ ਨੂੰ ਭੇਂਟ ਕਰ ਦਿੱਤੀਆਂ ਸਨ ਜਦ ਕਿ ਆਪਣੀ ਲਾਇਬਰੇਰੀ ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ (ਗੁਰਦਾਸਪੁਰ) ਨੂੰ ਸੌਂਪ ਦਿੱਤੀ ਸੀ। ਸ. ਬਾਜਵਾ ਨੇ ਬਤੌਰ ਫੋਟੋ ਰੀਪੋਰਟਰ ਕਈ ਉੱਘੇ ਅਖਬਾਰਾਂ ਤੇ ਮੈਗਜ਼ੀਨਾਂ ਲਈ ਕੰਮ ਕੀਤਾ। ਸ. ਬਾਜਵਾ ਪੰਜਾਬੀ ਵਿੱਚ ਕਵਿਤਾ ਵੀ ਲਿਖਦੇ ਸਨ। ਉਨ੍ਹਾਂ ਦੇ ਤਿੰਨ ਕਾਵਿ ਸੰਗ੍ਰਹਿ
ਸੁੱਕੇ ਕੱਖਾਂ ਥੱਲੇ ਅੱਗ, ਮੌਤ ਇੱਕ ਆਸ ਦੀ ਤੇ ਤਰੇਲ ਦੀ ਇੱਕ ਬੂੰਦ ਵੀ ਛਪ ਚੁੱਕੇ ਹਨ।
ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ(ਗੁਰਦਾਸਪੁਰ ) ਵਿਖੇ 14 ਅਪ੍ਰੈਲ 2024 ਨੂੰ ਸ. ਹਰਭਜਨ ਸਿੰਘ ਬਾਜਵਾ ਜੀ ਨੂੰ ਸ. ਉੱਤਮ ਸਿੰਘ ਨਿੱਝਰ ਫਾਉਂਡੇਸ਼ਨ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਵੀ ਕੀਤਾ ਗਿਆ ਸੀ। ਇਸ ਮੌਕੇ ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ ਵੱਲੋਂ ਪ੍ਰਕਾਸ਼ਿਤ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦੀਆਂ ਖਿੱਚੀਆਂ ਤਸਵੀਰਾਂ ਦੀ ਡਾ. ਨਰੇਸ਼ ਕੁਮਾਰ ਤੇ ਗਗਨਦੀਪ ਸਿੰਘ ਵਿਰਕ ਵੱਲੋਂ ਸੰਪਾਦਿਤ ਫੋਟੋ ਚਿਤਰਾਵਲੀ ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਧਰਮਸਾਲਾ ਦੇ ਚਾਂਸਲਰ ਡਾ. ਹਰਮਹਿੰਦਰ ਸਿੰਘ ਬੇਦੀ, ਡਾ. ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸਤਿਨਾਮ ਸਿੰਘ ਨਿੱਝਰ, ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਸਾਬਕਾ ਪੁਲੀਸ ਕਮਿਸ਼ਨਰ ਸ, ਗੁਰਪ੍ਰੀਤ ਸਿੰਘ ਤੂਰ , ਦੋਆਬਾ ਕਾਲਿਜ ਜਲੰਧਰ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਓਮਿੰਦਰ ਜੌਹਲ, ਡਾ. ਕਰਨੈਲ ਸ਼ੇਰਗਿੱਲ ਯੂ ਕੇ, ਡਾ. ਬਿਕਰਮਜੀਤ, ਡਾ. ਗੁਰਨਾਮ ਕੌਰ ਬੇਦੀ, ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਤੇ ਅੰਮ੍ਰਿਤਸਰ, ਡਾ. ਸੁਖਜਿੰਦਰ ਸਿੰਘ ਬਾਠ ਕੈਨੇਡਾ, ਵਿਸ਼ਾਲ ਸੰਪਾਦਕ ਮੰਤਵ , ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਪ੍ਰਬੰਧਕੀ ਬੋਰਡ ਦੇ ਮੈਂਬਰ ਦੀਪ ਜਗਦੀਪ ਸਿੰਘ, “ਸੁਰਤਿ”ਮੈਗਜ਼ੀਨ ਦੇ ਸੰਪਾਦਕ ਡਾ. ਗੁਰਬੀਰ ਸਿੰਘ ਬਰਾੜ, ਤੇ ਪ੍ਰਿੰਸੀਪਲ ਗਗਨਦੀਪ ਸਿੰਘ ਵਿਰਕ ਨੇ ਲੋਕ ਅਰਪਨ ਕੀਤੀ ਸੀ।
ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਦੇ
ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਸ. ਬਾਜਵਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਹੈ ਕਿ ਬਾਜਵਾ ਜੀ ਨੇ ਆਪਣੇ ਹੱਥੀਂ ਆਪਣੀ ਲਾਇਬਰੇਰੀ ਤੇ ਰਸਾਲੇ ਸਾਡੀ ਸੰਸਥਾ ਨੂੰ ਸੌਂਪੇ ਸਨ ਜਿਸ ਨਾਲ ਅਸੀਂ ਆਪਣੀ ਲਾਇਬਰੇਰੀ ਵਿੱਚ ਹਰਭਜਨ ਸਿੰਘ ਬਾਜਵਾ ਵਿੰਗ ਬਣਾ ਦਿੱਤਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਤੇਅਰਮੈਨ ਪ੍ਰੋ. ਗੁਰਭਜਨ ਸਿੰੰਗ ਗਿੱਲ ਨੇ ਸ. ਹਰਭਜਨ ਸਿੰਘ ਬਾਜਵਾ ਨੂੰ ਸ਼ਰਧਾਂਜਲੀ ਭੇ਼ਟ ਕਰਦਿਆਂ ਕਿਹਾ ਹੈ ਕਿ ਡਾ. ਨਰੇਸ਼ ਕੁਮਾਰ ਤੇ ਗਗਨਦੀਪ ਸਿੰਘ ਵਿਰਕ ਨੇ ਪੰਜਾਬੀ ਲੇਖਕਾਂ ਸ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸ਼੍ਰੀ ਗੁਰੂ ਗਰੰਥ ਸਾਹਿਬ ਦੇ ਟੀਕਾਕਾਰ ਤੇ ਮਹਾਨ ਗੁਰਮਤਿ ਵਿਦਵਾਨ ਪ੍ਰੋ. ਸਾਹਿਬ ਸਿੰਘ, ਚਿਤਰਕਾਰ ਸ. ਸੋਭਾ ਸਿੰਘ ਆਰਟਿਸਟ, ਡਾ. ਮਹਿੰਦਰ ਸਿੰਘ ਰੰਧਾਵਾ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਪ੍ਰੋ. ਮੋਹਨ ਸਿੰਘ, ਪ੍ਰਿੰਸੀਪਲ ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਪੁਸਤਕ ਪ੍ਰਕਾਸ਼ਨ ਦੇ ਹੁਸਨਦਾਤਾ ਭਾਪਾ ਪ੍ਰੀਤਮ ਸਿੰਘ ਨਵਯੁਗ, ਲੇਖਕ ਜੋੜੀ ਪ੍ਰਭਜੋਤ ਕੌਰ ਤੇ ਕਰਨਲ ਨਰਿੰਦਰਪਾਲ ਸਿੰਘ ਦੀ ਇੱਕ ਰੋਜ਼ਾ ਜ਼ਿੰਦਗੀ ਦੀ ਸਟਿੱਲ ਫੋਟੋਗਰਾਫ਼ੀ ਨੂੰ ਪੁਸਤਕ ਰੂਪ ਵਿੱਚ ਪ੍ਰਕਾਸ਼ਤ ਕਰਕੇ ਸ. ਹਰਭਜਨ ਸਿੰਘ ਬਾਜਵਾ ਦਾ ਮਹੱਤਵਪੂਰਨ ਕੰਮ ਸੰਭਾਲ ਲਿਆ ਸੀ। ਸ. ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ ਸਿੰਘ , ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਪਿਰਥੀਪਾਲ ਸਿੰਘ ਬਟਾਲਾ ਪ੍ਰਧਾਨ ਸੁਰਜੀਤ ਸਪੋਰਟਸ ਅਸੋਸੀਏਸ਼ਨ, ਡਾ. ਸਤਿਨਾਮ ਸਿੰਘ ਨਿੱਝਰ, ਪ੍ਰੋ. ਸੁਖਵੰਤ ਸਿੰਘ ਗਿੱਲ, ਤੇਜ ਪ੍ਰਤਾਪ ਸਿੰਘ ਸੰਧੂ, ਸ਼ਮਸ਼ੇਰ ਸਿੰਘ ਸੰਧੂ, ਡਾ. ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ, ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ, ਸਤਿਬੀਰ ਸਿੰਘ ਸਿੱਧੂ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾ. ਨਿਰਮਲ ਜੌੜਾ ਤੇ ਕਈ ਹੋਰ ਸ਼ਖ਼ਸੀਅਤਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ।