ਸ੍ਰੀ ਅੰਮ੍ਰਿਤਸਰ- ਬਹਿਰੀਨ ਵਾਲੀ ਔਰਤ ਨਾਲ ਸਰੀਰਕ ਸੰਬਧ ਬਣਾਉਣ ਵਾਲੇ ਅਮਰਜੀਤ ਸਿੰਘ ਚਾਵਲਾ ਤੇ ਅਸ਼ਲੀਲ ਚੈਟ ਕਰਨ ਵਾਲੇ ਮਲਕੀਤ ਸਿੰਘ ਨੂੰ ਅੱਜ ਜਥੇਦਾਰਾਂ ਨੇ ਪੰਥ ਚੋ ਖਾਰਜ ਕਰ ਦਿੱਤਾ।ਮਲਕੀਤ ਸਿੰਘ ਇਤਿਹਾਸ ਵਿਚ ਪਹਿਲੇ ਹੈਡ ਗ੍ਰੰਥੀ ਹਨ ਜਿੰਨਾ ਤੇ ਖਿਲਾਫ ਇਹ ਕਾਰਵਾਈ ਹੋਈ ਹੈ। ਜਥੇਦਾਰਾਂ ਦੇ ਇਸ ਇਤਿਹਾਸਕ ਫੈਸਲੇ ਦੀ ਪੰਥ ਵਿਚ ਚਾਰੋ ਪਾਸਿਓ ਤਰੀਫ ਹੋ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਅੱਤਲ ਗ੍ਰੰਥੀ ਮਲਕੀਤ ਸਿੰਘ ਵਿਰੁੱਧ ਇੱਕ ਬੀਬੀ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਦੇ ਮਾਮਲੇ ਨੂੰ ਵਿਚਾਰਨ ਲਈ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਇਕੱਤਰਤਾ ਹੋਈ।
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖ਼ਸ਼ੀਸ਼ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਭਾਈ ਮੰਗਲ ਸਿੰਘ ਨੇ ਸ਼ਮੂਲੀਅਤ ਕੀਤੀ।
ਇਕੱਤਰਤਾ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫ਼ਸੀਲ ਤੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਮਰਜੀਤ ਸਿੰਘ ਅਤੇ ਮਲਕੀਤ ਸਿੰਘ ਦੇ ਮਾਮਲਿਆਂ ਸਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਦੋਵਾਂ ਨੂੰ ਖ਼ਾਲਸਾ ਪੰਥ ਵਿੱਚੋਂ ਖਾਰਜ ਕਰਨ ਦਾ ਫ਼ੈਸਲਾ ਸੰਗਤ ਨੂੰ ਸੁਣਾਇਆ।
ਅਮਰਜੀਤ ਸਿੰਘ ਬਾਬਤ ਕੀਤੇ ਗਏ ਫ਼ੈਸਲੇ ਵਿੱਚ ਜਥੇਦਾਰ ਨੇ ਕਿਹਾ ਗਿਆ ਕਿ ਉਹ ਸਿੱਖ ਸੰਸਥਾ ਦੀ ਨੁਮਾਇੰਦਗੀ ਕਰਦਾ ਹੈ, ਇਨ੍ਹਾਂ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗਣ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਢਾਹ ਲੱਗੀ ਹੈ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਮੁਤਾਬਕ ਚਾਰ ਬਜਰ ਕੁਰਹਿਤਾਂ ਵਿੱਚੋਂ ਕੋਈ ਇੱਕ ਵੀ ਕੁਰਹਿਤ ਕਰਨ ਵਾਲਾ ਸਿੱਖ, ਸਿੱਖੀ ਵਿੱਚੋਂ ਖਾਰਜ ਹੋ ਜਾਂਦਾ ਹੈ। ਅਮਰਜੀਤ ਸਿੰਘ ਉੱਤੇ ਬਜਰ ਕੁਰਹਿਤ ਕਰਨ ਦੇ ਗੰਭੀਰ ਦੋਸ਼ ਲੱਗੇ ਹਨ, ਇਸ ਕਰਕੇ ਅੱਜ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਅਮਰਜੀਤ ਸਿੰਘ ਇਸ ਮਾਮਲੇ ਵਿੱਚੋਂ ਨਿਰਦੋਸ਼ ਸਾਬਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਹੀਂ ਹੁੰਦਾ ਉਦੋਂ ਤੱਕ ਖ਼ਾਲਸਾ ਪੰਥ ਵਿੱਚੋਂ ਖਾਰਜ ਕੀਤਾ ਜਾਂਦਾ ਹੈ। ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਅਮਰਜੀਤ ਸਿੰਘ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ ਅਤੇ ਉਸ ਉੱਤੇ ਜੀਵਨ ਭਰ ਲਈ ਸਿੱਖ ਸੰਸਥਾਵਾਂ ਅੰਦਰ ਕੰਮ ਕਰਨ ਦੀ ਮੁਕੰਮਲ ਰੋਕ ਲਗਾਈ ਗਈ ਹੈ।
ਮਲਕੀਤ ਸਿੰਘ ਉੱਤੇ ਲੱਗੇ ਦੋਸ਼ ਬਾਬਤ ਕੀਤੇ ਗਏ ਫ਼ੈਸਲੇ ਵਿੱਚ ਕਿਹਾ ਗਿਆ ਹੈ ਕਿ ਉਹ ਸਿੱਖ ਸੰਸਥਾ ਵਿੱਚ ਬਹੁਤ ਹੀ ਸਤਿਕਾਰਤ ਤੇ ਜ਼ਿੰਮੇਵਾਰੀ ਵਾਲੀ ਪਦਵੀ ਉੱਤੇ ਸੇਵਾ ਨਿਭਾਅ ਰਿਹਾ ਸੀ। ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਭਾਗੀ ਕਾਰਵਾਈ ਕਰਦਿਆਂ ਇਸ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ, ਪਰ ਕਿਉਂਕਿ ਜਦੋਂ ਕੋਈ ਜ਼ਿੰਮੇਵਾਰ ਸਿੱਖ ਅਹੁਦੇ ਉੱਤੇ ਸੇਵਾ ਨਿਭਾਅ ਰਿਹਾ ਹੁੰਦਾ ਹੈ ਤਾਂ ਉਸ ਦੀ ਕੌਮ ਅਤੇ ਧਰਮ ਪ੍ਰਤੀ ਇਹ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਕਿਰਦਾਰ ਅਤੇ ਇਖਲਾਕ ਨੂੰ ਹਮੇਸ਼ਾ ਗੁਰੂ ਆਸ਼ੇ ਅਨੁਸਾਰ ਰੱਖੇ। ਕਿਹਾ ਗਿਆ ਕਿ ਇਸ ਜ਼ਿੰਮੇਵਾਰ ਪਦਵੀ ਉੱਤੇ ਬੈਠੇ ਮਨੁੱਖ ਉੱਤੇ ਦੋਸ਼ ਲੱਗਣੇ ਸਮੂਹਿਕ ਤੌਰ ’ਤੇ ਕੌਮ ਲਈ ਹੇਠੀ ਦਾ ਕਾਰਨ ਬਣਦਾ ਹੈ, ਇਸ ਕਰਕੇ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ਵਿੱਚੋਂ ਖਾਰਜ ਕਰ ਕੀਤਾ ਜਾਂਦਾ ਹੈ। ਸਮੂਹ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਇਸ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ ਅਤੇ ਮਲਕੀਤ ਸਿੰਘ ਉੱਤੇ ਜੀਵਨ ਭਰ ਲਈ ਸਿੱਖ ਸੰਸਥਾਵਾਂ ਅੰਦਰ ਕੰਮ ਕਰਨ ਦੀ ਮੁਕੰਮਲ ਰੋਕ ਲਗਾਈ ਗਈ ਹੈ।
ਇਸ ਉਪਰੰਤ ਪੰਜ ਸਿੰਘ ਸਾਹਿਬਾਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਜਿੱਥੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇੱਕ ਬੀਬੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਅਮਰਜੀਤ ਸਿੰਘ ਵਿਰੁੱਧ ਦੋਸ਼ ਲਗਾਏ ਗਏ ਹਨ ਅਤੇ ਇਸ ਮਾਮਲੇ ਸਬੰਧੀ ਸਿੱਖ ਸੰਗਤਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਈ ਚਿੱਠੀ ਪੱਤਰ, ਸੁਝਾਅ ਤੇ ਸ਼ਿਕਾਇਤਾਂ ਪੁੱਜੀਆਂ ਹਨ। ਇਸ ਮਾਮਲੇ ਨੂੰ ਵਿਚਾਰਿਆ ਗਿਆ ਅਤੇ ਜਦੋਂ ਤੱਕ ਅਮਰਜੀਤ ਸਿੰਘ ਨਿਰਦੋਸ਼ ਸਾਬਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਹੀਂ ਹੁੰਦੇ, ਇਨ੍ਹਾਂ ਨੂੰ ਖ਼ਾਲਸਾ ਪੰਥ ਵਿੱਚੋਂ ਖਾਰਜ ਕੀਤਾ ਗਿਆ ਹੈ। ਦੂਜਾ ਮਾਮਲਾ ਮੁਅੱਤਲ ਗ੍ਰੰਥੀ ਮਲਕੀਤ ਸਿੰਘ ਦਾ ਵਿਚਾਰਿਆ ਗਿਆ ਜਿਨ੍ਹਾਂ ਉੱਤੇ ਬੀਬੀ ਵੱਲੋਂ ਗਲਤ ਸੁਨੇਹੇ ਭੇਜਣ ਦਾ ਦੋਸ਼ ਲਗਾਏ ਹਨ, ਉਨ੍ਹਾਂ ਨੂੰ ਵੀ ਨਿਰਦੋਸ਼ ਸਾਬਤ ਹੋਣ ਤੱਕ ਖ਼ਾਲਸਾ ਪੰਥ ਵਿੱਚੋਂ ਖਾਰਜ ਕੀਤਾ ਗਿਆ ਹੈ। ਦੋਵਾਂ ਉੱਤੇ ਸਿੱਖ ਸੰਸਥਾਵਾਂ ਅੰਦਰ ਕੰਮ ਕਰਨ ਉੱਤੇ ਮੁਕੰਮਲ ਰੋਕ ਲਗਾਈ ਗਈ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਬਹੁਤ ਉੱਚੇ ਸੁੱਚੇ ਕਿਰਦਾਰ ਬਖਸ਼ੇ ਹਨ ਅਤੇ ਸਿੱਖ ਸੰਸਥਾਵਾਂ ਕੌਮ ਦੀ ਜਿੰਦ ਜਾਨ ਹਨ, ਜੇਕਰ ਇਨ੍ਹਾਂ ਅੰਦਰ ਕੋਈ ਜ਼ਿੰਮੇਵਾਰੀ ਵਾਲਾ ਕਾਰਜ ਕਰਦਿਆਂ ਬਦ-ਇਖਲਾਕੀ ਕਰੇਗਾ ਜਾਂ ਉਸ ਉੱਤੇ ਗੰਭੀਰ ਦੋਸ਼ ਲੱਗਣਗੇ ਤਾਂ ਕਾਰਵਾਈ ਜ਼ਰੂਰ ਹੋਵੇਗੀ।
ਮੀਡੀਆ ਵੱਲੋਂ ਇੱਕ ਸਵਾਲ ਦੇ ਜਵਾਬ ਵਿੱਚ - ਕਿ ਬੀਬੀ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਗਈ ਸੀ - ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਪੱਸ਼ਟ ਕੀਤਾ ਉਹ ਹਜ਼ਾਰਾਂ ਸੰਗਤਾਂ ਨੂੰ ਮਿਲਦੇ ਹਨ, ਐਵੇਂ ਹੀ ਉਹ ਬੀਬੀ ਵੀ ਉਨ੍ਹਾਂ ਨੂੰ ਸਰਸਰੀ ਤੌਰ ’ਤੇ ਮਿਲੀ ਹੈ, ਜਿਸ ਦੌਰਾਨ ਉਨ੍ਹਾਂ ਨੇ ਮਲਕੀਤ ਸਿੰਘ ਦੇ ਬਾਰੇ ਜ਼ਿਕਰ ਕੀਤਾ ਸੀ ਕਿ ਉਸ ਨੇ ਕੋਈ ਗਲਤ ਸੁਨੇਹੇ ਭੇਜੇ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੇ ਬੀਬੀ ਨੂੰ ਕਾਰਵਾਈ ਕਰਨ ਲਈ ਮਲਕੀਤ ਸਿੰਘ ਸਬੰਧੀ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਸੀ ਪਰ ਉਨ੍ਹਾਂ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੀਬੀ ਨੇ ਅਮਰਜੀਤ ਸਿੰਘ ਜਾਂ ਹੋਰ ਕਿਸੇ ਮਸਲੇ ਬਾਰੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਧੀ ਵਿਧਾਨ ਅਨੁਸਾਰ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਦਾ ਹੈ ਤਾਂ ਹੀ ਕਾਰਵਾਈ ਅੱਗੇ ਵਧਾਈ ਜਾਂਦੀ ਹੈ ਪਰ ਫਿਰ ਵੀ ਮਾਮਲਾ ਗੰਭੀਰ ਹੋਣ ਕਰਕੇ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਤੁਰੰਤ ਹੀ ਸ਼੍ਰੋਮਣੀ ਕਮੇਟੀ ਨੂੰ ਜਬਾਨੀ ਹਦਾਇਤ ਕੀਤੀ ਕਿ ਮਲਕੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡਿਊਟੀ ਤੋਂ ਹਟਾਇਆ ਜਾਵੇ, ਇਸ ਤੋਂ ਬਾਅਦ ਉਸ ਨੇ ਉੱਥੇ ਡਿਊਟੀ ਨਹੀਂ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਬੀਬੀ ਉਨ੍ਹਾਂ ਨੂੰ ਅਮਰਜੀਤ ਸਿੰਘ ਬਾਰੇ ਦੱਸਦੀ ਤਾਂ ਉਹ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਜ਼ਰੂਰ ਕਰਦੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬੀਬੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਦੋਂ ਤੱਕ ਇਹ ਮਾਮਲਾ ਉੱਧਰੋਂ ਹੱਲ ਨਹੀਂ ਹੋ ਜਾਂਦਾ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਵਿੱਚ ਸਿੱਧਾ ਕੋਈ ਦਖਲ ਨਹੀਂ ਦੇਵੇਗਾ। ਪਰ ਕਿਉਂਕਿ ਮਾਮਲਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਲ ਸਬੰਧਤ ਹੈ ਅਤੇ ਘਟਨਾ ਸ੍ਰੀ ਅਨੰਦਪੁਰ ਸਾਹਿਬ ਦੀ ਹੈ ਜਿੱਥੇ ਸਾਡਾ ਤਖ਼ਤ ਮੌਜੂਦ ਹੈ, ਇਸ ਕਰਕੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਦੋਸ਼ੀਆਂ ਉੱਤੇ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਵਿੱਚ ਦੋਵਾਂ ਜਣੇ ਨਿਰਦੋਸ਼ ਸਾਬਤ ਹੋਣ ਅਤੇ ਆਪਣਾ ਪੱਖ ਰੱਖਣ, ਫਿਰ ਅਗਲੀ ਵਿਚਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਸ਼ਖ਼ਸੀਅਤਾਂ ਖ਼ਾਲਸਾ ਪੰਥ ਅੰਦਰ ਉੱਚੇ ਰੁਤਬੇ ਉੱਤੇ ਕਾਰਜਸ਼ੀਲ ਸਨ, ਸੰਗਤ ਉੱਤੇ ਰੁਤਬਿਆਂ ਦਾ ਪ੍ਰਭਾਵ ਹੁੰਦਾ ਹੈ ਅਤੇ ਰੁਤਬਾ ਇੱਕ ਜ਼ਿੰਮੇਵਾਰੀ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੁੱਚੇ ਮਾਮਲੇ ਦੀ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ, ਇਸ ਵਿੱਚ ਕੋਈ ਵੀ ਵਿਅਕਤੀ ਨਾਜਾਇਜ਼ ਨਹੀਂ ਫਸਣਾ ਚਾਹੀਦਾ ਅਤੇ ਨਾ ਕਿਸੇ ਨਾਲ ਬੇਇਨਸਾਫ਼ੀ ਹੋਣੀ ਚਾਹੀਦੀ ਹੈ। ਮਾਮਲੇ ਵਿੱਚ ਦੋਸ਼ ਬਹੁਤ ਗੰਭੀਰ ਹਨ ਅਤੇ ਘਟਨਾ ਤਖ਼ਤ ਸਾਹਿਬ ਨਾਲ ਸਬੰਧਤ ਹੈ, ਇਸ ਕਰਕੇ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਖੁਦ ਨੋਟਿਸ ਲੈਣਾ ਬਣਦਾ ਸੀ।