ਮਾਨਸਾ-ਮਾਨਸਾ ਦੇ ਗਊਸ਼ਾਲਾ ਰੋਡ ਦਾ ਨਿਰਮਾਣ ਕਾਰਜ ਪਿਛਲੇ 42 ਦਿਨਾਂ ਤੋਂ ਅੱਧ ਵਿਚਾਲੇ ਲਮਕਣ ਕਾਰਨ ਇੱਥੋਂ ਦੇ ਦੁਕਾਨਦਾਰਾਂ ਦਾ ਵਪਾਰ ਬੁਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਤਿਉਹਾਰਾਂ ਅਤੇ ਵਿਆਹਾਂ ਦਾ ਸੀਜ਼ਨ ਸਿਰ 'ਤੇ ਹੋਣ ਦੇ ਬਾਵਜੂਦ ਸੜਕ ਦੀ ਮਾੜੀ ਹਾਲਤ ਕਰਕੇ ਬਾਜ਼ਾਰ ਵਿੱਚੋਂ ਗਾਹਕੀ ਬਿਲਕੁਲ ਗਾਇਬ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਮਾਲ ਖ਼ਰਾਬ ਹੋ ਰਿਹਾ ਹੈ ਅਤੇ ਉਨ੍ਹਾਂ ਲਈ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ। ਇਸ ਗੰਭੀਰ ਮਸਲੇ ਨੂੰ ਲੈ ਕੇ ਅੱਜ ਸਮੂਹ ਦੁਕਾਨਦਾਰਾਂ ਵੱਲੋਂ ਡਿਪਟੀ ਕਮਿਸ਼ਨਰ (ਡੀ.ਸੀ.) ਮਾਨਸਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਪ੍ਰਸ਼ਾਸਨ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ।
ਦੁਕਾਨਦਾਰਾਂ ਵੱਲੋਂ ਡੀ.ਸੀ. ਮਾਨਸਾ ਅੱਗੇ ਮੁੱਖ ਤੌਰ 'ਤੇ ਤਿੰਨ ਮੰਗਾਂ ਰੱਖੀਆਂ ਗਈਆਂ ਹਨ:
ਸੜਕ ਦਾ ਨਿਰਮਾਣ ਕਾਰਜ ਦਿਨ-ਰਾਤ ਇੱਕ ਕਰਕੇ ਇੱਕ ਹਫ਼ਤੇ ਦੇ ਅੰਦਰ-ਅੰਦਰ ਪੂਰਾ ਕੀਤਾ ਜਾਵੇ।ਕੰਮ ਵਿੱਚ ਲਾਪਰਵਾਹੀ ਵਰਤਣ ਵਾਲੇ ਠੇਕੇਦਾਰ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸੜਕ ਦੇ ਨਿਰਮਾਣ ਦੌਰਾਨ ਪੁਰਾਣੀਆਂ ਇੱਟਾਂ ਦੇ ਹੋਏ ਕਥਿਤ ਘਪਲੇ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ।
ਮੰਗ ਪੱਤਰ ਸੌਂਪਣ ਮੌਕੇ ਦੁਕਾਨਦਾਰਾਂ ਨੇ ਸਾਫ਼ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਸੜਕ ਨੂੰ ਚੱਲਣ ਯੋਗ ਨਾ ਬਣਾਇਆ ਗਿਆ, ਤਾਂ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਚਾਬੀਆਂ ਡੀ.ਸੀ. ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।
ਦੁਕਾਨਦਾਰਾਂ ਦੀ ਫਰਿਆਦ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਮਾਨਸਾ ਨੇ ਤੁਰੰਤ ਕਾਰਵਾਈ ਕਰਦਿਆਂ ਭਰੋਸਾ ਦਿਵਾਇਆ ਕਿ ਇਹ ਸੜਕ ਹਰ ਹਾਲ ਵਿੱਚ ਇੱਕ ਹਫ਼ਤੇ ਦੇ ਅੰਦਰ-ਅੰਦਰ ਚੱਲਣ ਯੋਗ ਬਣਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ.ਸੀ. ਵੱਲੋਂ ਐੱਸ.ਐੱਸ.ਪੀ. ਮਾਨਸਾ ਨੂੰ ਇੱਕ ਪੱਤਰ ਲਿਖ ਕੇ ਲਾਪਰਵਾਹ ਠੇਕੇਦਾਰ ਖ਼ਿਲਾਫ਼ ਤੁਰੰਤ ਪਰਚਾ (FIR) ਦਰਜ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਇਸ ਮੌਕੇ ਅਰਸ਼ਦੀਪ ਸਿੰਘ ਗਾਗੋਵਾਲ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਬਲਜੀਤ ਕੜਵਲ, ਬਲਵੀਰ ਸਿੰਘ ਖੋਖ਼ਰ, ਆਤਮਾ ਰਾਮ ਗੱਗੀ, ਗੁਰਜੀਤ ਸਿੱਖ ਅਤੇ ਰਮੇਸ਼ ਕੁਮਾਰ ਸਮੇਤ ਗਊਸ਼ਾਲਾ ਰੋਡ ਦੇ ਸਮੂਹ ਦੁਕਾਨਦਾਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।