ਹੁਸ਼ਿਆਰਪੁਰ -ਚਾਵਲਾ ਬਲਾਤਕਾਰ ਮਾਮਲੇ ਨੂੰ ਲੈ ਕੇ ਅੱਜ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਦੌਰਾਨ ਬਾਪੂ ਤਰਸੇਮ ਸਿੰਘ ਤੋਂ ਇਲਾਵਾ ਪਾਰਟੀ ਦੇ ਪ੍ਰਮੁੱਖ ਆਗੂਆਂ ਵਿੱਚ ਸ੍ਰ. ਮਨਪ੍ਰੀਤ ਸਿੰਘ ਇਆਲੀ, ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਸ੍ਰ. ਇਕਬਾਲ ਝੂੰਦਾ, ਭਾਈ ਸੁਖਦੇਵ ਸਿੰਘ ਕਾਦੀਆਂ, ਸ੍ਰ. ਪ੍ਰਿਥੀਪਾਲ ਸਿੰਘ, ਬੀਬੀ ਹਰਪ੍ਰੀਤ ਕੌਰ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਦਲਜੀਤ ਸਿੰਘ ਜਵੰਦਾ, ਸ੍ਰ. ਅਵਤਾਰ ਸਿੰਘ ਸੇਖੋਂ, ਸ੍ਰ. ਪ੍ਰਭਜੋਤ ਸਿੰਘ ਰਾਹੋਂ, ਸ੍ਰ. ਇਕਬਾਲ ਸਿੰਘ ਸੰਧੂ, ਰੱਬੀ ਕੰਦੋਲਾ ਅਤੇ ਸ੍ਰ. ਸੁਖਬੀਰ ਸਿੰਘ ਵਲਟੋਹਾ ਸਮੇਤ ਹੋਰ ਆਗੂ ਹਾਜ਼ਰ ਸਨ। ਪਾਰਟੀ ਆਗੂਆਂ ਨੇ ਕਿਹਾ ਕਿ ਚਾਵਲਾ ਮਾਮਲੇ ਸਬੰਧੀ ਸਾਹਮਣੇ ਆਏ ਦੋਸ਼ਾਂ ਅਤੇ ਐਸ.ਜੀ.ਪੀ.ਸੀ. ਪ੍ਰਬੰਧ ਅਧੀਨ ਸਰਾਵਾਂ ਵਿੱਚ ਸ਼ਿਕਾਇਤਕਰਤਾ ਔਰਤ ਦੇ ਲੰਮੇ ਸਮੇਂ ਤੱਕ ਰਹਿਣ ਸਬੰਧੀ ਸਾਹਮਣੇ ਆਈਆਂ ਗੱਲਾਂ ਨੇ ਸੰਗਤ ਦੇ ਮਨ ਵਿੱਚ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਰਾਵਾਂ ਵਿੱਚ ਰਹਿਣ ਅਤੇ ਉੱਥੇ ਕਥਿਤ ਤੌਰ ’ਤੇ ਵਾਪਰੀਆਂ ਘਟਨਾਵਾਂ ਸਬੰਧੀ ਦੋਸ਼ ਲਗਾਏ ਗਏ ਹਨ, ਜਦਕਿ ਇਸ ਮਾਮਲੇ ਵਿੱਚ ਪੁਲਿਸ ਕੇਸ ਵੀ ਦਰਜ ਹੈ ਅਤੇ ਜਾਂਚ ਜਾਰੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਜੇਕਰ ਸਬੰਧਤ ਜ਼ਿੰਮੇਵਾਰ ਅਧਿਕਾਰੀਆਂ ਜਾਂ ਪ੍ਰਬੰਧਕਾਂ ਨੂੰ ਇਸ ਮਾਮਲੇ ਸਬੰਧੀ ਪਹਿਲਾਂ ਤੋਂ ਕੋਈ ਜਾਣਕਾਰੀ ਸੀ ਤਾਂ ਉਨ੍ਹਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਦੇ ਪ੍ਰਬੰਧ ਅਧੀਨ ਵਾਪਰੀਆਂ ਘਟਨਾਵਾਂ ਸਬੰਧੀ ਸੰਗਤ ਵੱਲੋਂ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਦੇਣਾ ਐਸ.ਜੀ.ਪੀ.ਸੀ.ਦੀ ਜ਼ਿੰਮੇਵਾਰੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਮੱਦੇਨਜ਼ਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਐਸ.ਜੀ.ਪੀ.ਸੀ. ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਹੈ। ਵਿਰੋਧ ਪ੍ਰਦਰਸ਼ਨ ਮੌਕੇ ਬੋਲਦਿਆਂ ਬਾਪੂ ਤਰਸੇਮ ਸਿੰਘ ਨੇ ਮੰਗ ਕੀਤੀ ਕਿ ਚਾਵਲਾ ਮਾਮਲੇ ਨਾਲ ਸਬੰਧਤ ਸਾਰੇ ਤੱਥਾਂ, ਐਸ.ਜੀ.ਪੀ.ਸੀ. ਪ੍ਰਬੰਧ ਅਧੀਨ ਸਰਾਵਾਂ ਦੇ ਰਿਕਾਰਡ ਅਤੇ ਹੋਰ ਸਬੰਧਤ ਸਬੂਤਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਉਠਾਏ ਜਾ ਰਹੇ ਸਵਾਲਾਂ ਦੇ ਸਪੱਸ਼ਟ ਅਤੇ ਤਸੱਲੀਬਖ਼ਸ਼ ਜਵਾਬ ਸਾਹਮਣੇ ਆਉਣੇ ਚਾਹੀਦੇ ਹਨ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਜੇਕਰ ਕਿਸੇ ਵੀ ਅਧਿਕਾਰੀ, ਪ੍ਰਬੰਧਕ ਜਾਂ ਆਗੂ ਦੀ ਕਿਸੇ ਵੀ ਪੱਧਰ ’ਤੇ ਜ਼ਿੰਮੇਵਾਰੀ, ਲਾਪਰਵਾਹੀ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਅਤੇ ਤੱਥਾਂ ਨੂੰ ਜਨਤਕ ਕਰਨਾ ਹੀ ਸੰਗਤ ਦੇ ਮਨ ਵਿੱਚ ਪੈਦਾ ਹੋਏ ਸਵਾਲਾਂ ਦਾ ਜਵਾਬ ਦੇਣ ਦਾ ਸਹੀ ਰਸਤਾ ਹੈ। ਇਸ ਮੌਕੇ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਸ੍ਰ ਪ੍ਰਭਜੋਤ ਸਿੰਘ, ਭਾਈ ਸੁਖਬੀਰ ਸਿੰਘ ਚੀਮਾ, ਭਾਈ ਹਰਪ੍ਰੀਤ ਸਿੰਘ ਬਾਬਾ ਬੇਲੀ, ਸ੍ਰ ਮਨਦੀਪ ਸਿੰਘ ਟਾਕ, ਸ੍ਰ ਸਤਿੰਦਰ ਸਿੰਘ, ਭਾਈ ਦਯਾ ਸਿੰਘ, ਸ੍ਰ ਮਹਿੰਦਰਪਾਲ ਸਿੰਘ ਤੁੰਗ, ਸ੍ਰ ਸੁਖਰਾਜ ਸਿੰਘ ਸੁਲਤਾਨਵਿੰਡ, ਸ੍ਰ ਗੁਰਦੇਵ ਸਿੰਘ ਸੰਧੂ, ਸ੍ਰ ਗੁਰਮਿੰਦਰ ਸਿੰਘ ਚਾਵਲਾ, ਸ੍ਰ ਗੁਰਜੀਤ ਸਿੰਘ, ਸ੍ਰ ਸੁਖਵਿੰਦਰ ਨੂਰਾ, ਸ੍ਰ ਓਂਕਾਰ ਸਿੰਘ, ਸ੍ਰ ਗੁਰਦੇਵ ਸਿੰਘ ਸਾਹੀ, ਸ੍ਰ ਮੱਖਣ ਸਹੋਤਾ, ਸ੍ਰ ਮਨਜਿੰਦਰ ਰੜਾ, ਸ੍ਰ ਤਲਵਿੰਦਰ ਲਾਡੀ, ਸ੍ਰ ਅਮਰੀਕ ਜਲੋਟਾ, ਸ੍ਰ ਜਸਵਿੰਦਰ ਚੌਹਾਨ, ਸ੍ਰ ਕਰਮਜੀਤ ਸਿੰਘ ਰੰਧਾਵਾ ਅਤੇ ਭਾਈ ਕਸ਼ਮੀਰ ਸਿੰਘ ਨਵਾਦਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ। ਪ੍ਰਦਰਸ਼ਨ ਦੌਰਾਨ ਪਾਰਟੀ ਵਰਕਰਾਂ ਵੱਲੋਂ “ਸੰਗਤ ਦੇ ਸਵਾਲਾਂ ਦੇ ਜਵਾਬ ਦਿਓ” ਅਤੇ “ਧਾਮੀ ਅਸਤੀਫ਼ਾ ਦਿਓ” ਦੇ ਨਾਅਰੇ ਲਗਾਏ ਗਏ।