BREAKING NEWS
• ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਝੋਨੇ ਦੇ ਖਰੀਦ ਸੀਜ਼ਨ ਤੋਂ ਪਹਿਲਾਂ ਪੰਜਾਬ ਲਈ 42786 ਕਰੋੜ ਰੁਪਏ ਦੀ ਸੀ.ਸੀ.ਐੱਲ. ਮਨਜ਼ੂਰੀ: ਲਾਲ ਚੰਦ ਕਟਾਰੂਚੱਕ • 40 ਫੀਸਦੀ ਜਾਂ ਇਸ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਿਲੇਗੀ ਤੇਜ਼ੀ • ਐਸਆਈਆਰ ਵਿਵਾਦ: ਕਾਂਗਰਸ ਨੇ ਚੋਣ ਕਮਿਸ਼ਨ ਦੇ 'ਤੇ ਕੀਤਾ ਪਲਟਵਾਰ - ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ • ਭਾਜਪਾ ਵਲੋਂ ਪੇਂਡੂ ਰੁਜ਼ਗਾਰ ਸਕੀਮ ਬਦਲਣ ਤੋਂ ਬਾਅਦ 9.56 ਕਰੋੜ ਘੱਟ ਦਿਹਾੜੀਆਂ ਦੇ ਰੁਜ਼ਗਾਰ ਪੈਦਾ ਹੋਏ: ਹਰਪਾਲ ਸਿੰਘ ਚੀਮਾ • ਵਿਰੋਧੀ ਧਿਰਾਂ ਦੇ ਦੋਸ਼ਾਂ ਦਾ ਨੌਜਵਾਨਾਂ ਨੇ ਮੈਰਾਥਨ 'ਚ ਪਹੁੰਚ ਕੇ ਦਿੱਤਾ ਠੋਕਵਾਂ ਜਵਾਬ: ਮਨਜਿੰਦਰ ਸਿੰਘ ਲਾਲਪੁਰਾ

ਪੰਜਾਬ

ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕੌਮੀ ਮਾਰਗ ਬਿਊਰੋ | September 28, 2026 10:55 PM

ਲੁਧਿਆਣਾ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਦੇਸ਼ ਭਗਤੀ, ਬਰਾਬਰੀ, ਇਨਸਾਫ਼ ਅਤੇ ਲੋਕ ਭਲਾਈ 'ਤੇ ਆਧਾਰਿਤ ਪੰਜਾਬ ਦੀ ਸਿਰਜਣਾ ਦੇ ਦ੍ਰਿੜ੍ਹ ਸੰਕਲਪ ਨਾਲ ਕੰਮ ਕਰ ਰਹੀ ਹੈ। ਮਹਾਨ ਸ਼ਹੀਦ ਦੇ ਜਨਮ ਦਿਹਾੜੇ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ 'ਜਸ਼ਨ-ਏ-ਇਨਕਲਾਬ' ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਸਤਿਕਾਰ ਵਿੱਚ ਵੱਡੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਹਵਾਈ ਅੱਡੇ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਣ ਅਤੇ 30 ਫੁੱਟ ਉੱਚਾ ਬੁੱਤ ਸਥਾਪਤ ਕਰਨ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਲਾਉਣ ਦੇ ਨਾਲ-ਨਾਲ ਖਟਕੜ ਕਲਾਂ ਵਿਖੇ 52 ਕਰੋੜ ਰੁਪਏ ਦਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੈਰੀਟੇਜ ਕੰਪਲੈਕਸ ਬਣਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਸਿੱਖਿਆ, ਭਲਾਈ ਅਤੇ ਇਸ ਦੇ ਪਾਣੀਆਂ ਦੇ ਸਰੋਤਾਂ ਦੀ ਰਾਖੀ ਉਸ ਸੰਕਲਪ ਦਾ ਕੇਂਦਰ ਬਿੰਦੂ ਹਨ ਜਿਸ ਲਈ ਸ਼ਹੀਦਾਂ ਨੇ ਲਾਮਿਸਾਲ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਲਈ ਸਮਰਪਿਤ ਰੱਖਣਗੇ ਅਤੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਜੋ ਵੀ ਕਰਨਾ ਪਵੇਗਾ, ਉਹ ਕਰਨਗੇ।

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਕਰਵਾਏ ਪੱਧਰੀ ਸਮਾਗਮ 'ਜਸ਼ਨ-ਏ-ਇਨਕਲਾਬ' ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਖਟਕੜ ਕਲਾਂ ਨੂੰ ਵਿਰਾਸਤੀ, ਵਿਦਿਅਕ ਅਤੇ ਸੱਭਿਆਚਾਰਕ-ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਪ੍ਰਾਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, “ਇਹ ਪ੍ਰਾਜੈਕਟ ਖਟਕੜ ਕਲਾਂ ਦੇ ਇਤਿਹਾਸਕ ਸਰੂਪ ਨੂੰ ਬਰਕਰਾਰ ਰੱਖਦੇ ਹੋਏ ਇਨਕਲਾਬੀ ਸ਼ਹੀਦਾਂ ਦੇ ਜੀਵਨ, ਆਦਰਸ਼ਾਂ, ਕੁਰਬਾਨੀਆਂ ਅਤੇ ਵਿਰਾਸਤ ਨੂੰ ਸਮਕਾਲੀ ਰੂਪ ਵਿੱਚ ਪੇਸ਼ ਕਰਨ ਲਈ ਤਿਆਰ ਕੀਤਾ ਗਿਆ ਹੈ। ਅਸੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਕੌਮੀ ਮਹੱਤਵ ਵਾਲੇ ਵਿਰਾਸਤੀ ਸਥਾਨ ਵਿੱਚ ਬਦਲ ਰਹੇ ਹਾਂ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਆਜ਼ਾਦੀ ਅੰਦੋਲਨ ਦੇ ਸ਼ਾਨਦਾਰ ਇਤਿਹਾਸ ਨਾਲ ਜੁੜੀਆਂ ਰਹਿਣ।”

ਮੁੱਖ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ ਅਤੇ ਹੋਰ ਆਜ਼ਾਦੀ ਘੁਲਾਟੀਆਂ ਨਾਲ ਜੁੜੀਆਂ ਦੇਸ਼ ਭਗਤੀ, ਬਹਾਦਰੀ, ਸਮਾਜਿਕ ਇਨਸਾਫ਼ ਅਤੇ ਕੁਰਬਾਨੀ ਦੀਆਂ ਕਦਰਾਂ-ਕੀਮਤਾਂ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ, “ਕੰਪਲੈਕਸ ਵਿੱਚ ਜੱਦੀ ਘਰ ਅਤੇ ਹਾਊਸ ਦਾ ਸਰੂਪ, ਅਦਾਲਤ ਦਾ ਅਨੁਭਵ, ਵਿਰਾਸਤੀ ਗਲੀ, ਪੁਨਰ-ਸਿਰਜਿਤ ਪਿੰਡ ਦਾ ਮਾਹੌਲ, ਪਿੰਡ ਦੇ ਦਾਖਲੇ ਤੇ ਨਿਕਾਸ ਗੇਟ, ਮਸ਼ਾਲ ਗੇਟ, ਰਾਸ਼ਟਰੀ ਝੰਡਾ ਖੇਤਰ, ਲਾਇਬ੍ਰੇਰੀ ਅਤੇ ਵਿਸ਼ੇਸ਼ ਪ੍ਰਦਰਸ਼ਨੀਆਂ ਸ਼ਾਮਲ ਹਨ। ਕੰਧ ਚਿੱਤਰ, ਮੂਰਤੀਆਂ, ਇਤਿਹਾਸਕ ਵਸਤੂਆਂ, ਗ੍ਰਾਫਿਕਸ ਅਤੇ ਹੋਰ ਪ੍ਰਦਰਸ਼ਨੀਆਂ ਇਤਿਹਾਸਕ ਤੌਰ 'ਤੇ ਪ੍ਰਮਾਣਿਤ ਸਮੱਗਰੀ ਰਾਹੀਂ ਆਜ਼ਾਦੀ ਦੀ ਲਹਿਰ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਿਆਨ ਕਰਨਗੀਆਂ।”

ਉਨ੍ਹਾਂ ਕਿਹਾ ਕਿ ਇੱਕ ਆਧੁਨਿਕ ਆਡੀਟੋਰੀਅਮ, ਇੰਟੇਗ੍ਰਿਟਡ ਆਡੀਓ-ਵੀਡੀਓ ਪੇਸ਼ਕਾਰੀ, ਪ੍ਰੋਜੈਕਸ਼ਨ ਤੇ ਇੰਟਰਪ੍ਰੀਟੇਸ਼ਨ ਸਿਸਟਮ, ਮਿਊਜ਼ੀਕਲ ਫੁਹਾਰਾ, ਸਮਾਰਕੀ ਰੌਸ਼ਨੀ ਅਤੇ ਤਿਆਰ ਕੀਤੇ ਗਏ ਸਾਊਂਡ ਤੇ ਲਾਈਟਿੰਗ ਪ੍ਰਭਾਵ, ਵਿਸ਼ੇ ਦੀ ਮਹੱਤਤਾ ਅਤੇ ਅਸਲੀਅਤ ਨੂੰ ਬਰਕਰਾਰ ਰੱਖਦੇ ਹੋਏ ਖਿੱਚਵਾਂ ਅਨੁਭਵ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ, “ਪ੍ਰਾਜੈਕਟ ਵਿੱਚ ਇੱਕ ਟੂਰਿਸਟ ਫੈਸਿਲੀਟੇਸ਼ਨ ਸੈਂਟਰ (ਸੈਲਾਨੀ ਸੁਵਿਧਾ ਕੇਂਦਰ), ਕਾਟੇਜ, ਗੈਸਟ ਹਾਊਸ, ਰੈਸਟੋਰੈਂਟ/ਕੈਫੇਟੇਰੀਆ, ਟਾਇਲਟ ਬਲਾਕ, ਪਾਰਕਿੰਗ, ਪੈਦਲ ਰਸਤੇ, ਛੱਪੜ ਅਤੇ ਲੈਂਡਸਕੇਪ ਵਾਲੀਆਂ ਖੁੱਲ੍ਹੀਆਂ ਥਾਵਾਂ ਵੀ ਸ਼ਾਮਲ ਹਨ। ਇਹ ਸਹੂਲਤਾਂ ਵਿਦਿਆਰਥੀਆਂ, ਖੋਜਕਰਤਾਵਾਂ, ਸੈਲਾਨੀਆਂ, ਪਰਿਵਾਰਾਂ ਅਤੇ ਵੱਡੇ ਸਮਾਗਮਾਂ ਲਈ ਸੁਚੱਜਾ, ਪਹੁੰਚਯੋਗ ਅਤੇ ਸੁਖਾਵਾਂ ਅਨੁਭਵ ਪ੍ਰਦਾਨ ਕਰਨਗੀਆਂ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਾਸਟਰ ਪਲਾਨ ਵਿਰਾਸਤੀ ਆਰਕੀਟੈਕਚਰ ਰਾਹੀਂ ਬੂਟੇ ਲਾਉਣ, ਸਿੰਚਾਈ, ਲਾਅਨ, ਛਾਂਦਾਰ ਆਰਾਮ ਕਰਨ ਵਾਲੀਆਂ ਥਾਵਾਂ, ਵਾਟਰ ਫੀਚਰਜ਼, ਪੈਦਲ ਆਵਾਜਾਈ, ਅੰਦਰੂਨੀ ਤੇ ਬਾਹਰੀ ਰੌਸ਼ਨੀ, ਸੁਰੱਖਿਆ ਅਤੇ ਜ਼ਰੂਰੀ ਮਕੈਨੀਕਲ, ਇਲੈਕਟ੍ਰੀਕਲ ਤੇ ਜਨ-ਸਿਹਤ ਸੇਵਾਵਾਂ ਨਾਲ ਜੋੜਦਾ ਹੈ। ਉਨ੍ਹਾਂ ਕਿਹਾ, “ਸਾਰੇ ਮੁੱਖ ਹਿੱਸਿਆਂ ਦੀ ਰਾਤ ਸਮੇਂ ਪੇਸ਼ਕਾਰੀ ਅਤੇ ਢੁਕਵੀਂ ਲਾਈਟਿੰਗ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਪ੍ਰਾਜੈਕਟ ਪੰਜਾਬ ਦੇ ਆਜ਼ਾਦੀ ਅੰਦੋਲਨ ਅਤੇ ਵਿਰਾਸਤੀ ਸਰਕਟ 'ਤੇ ਮਹੱਤਵਪੂਰਨ ਸਥਾਨ ਵਜੋਂ ਖਟਕੜ ਕਲਾਂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ।”

ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਵਿਰਾਸਤੀ ਸਿੱਖਿਆ ਨੂੰ ਹੁਲਾਰਾ ਮਿਲਣ, ਘਰੇਲੂ ਸੈਰ-ਸਪਾਟੇ ਵਿੱਚ ਵਾਧਾ ਹੋਣ, ਸਥਾਨਕ ਅਰਥਚਾਰੇ ਨੂੰ ਹੁੰਗਾਰਾ ਮਿਲਣ ਅਤੇ ਯਾਦਗਾਰੀ ਸਮਾਗਮਾਂ, ਅਕਾਦਮਿਕ ਗਤੀਵਿਧੀਆਂ ਅਤੇ ਜਨਤਕ ਭਾਈਵਾਲੀ ਲਈ ਵੱਕਾਰੀ ਮੰਚ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ, “ਇਹ ਪ੍ਰਾਜੈਕਟ ਅੰਤਿਮ ਪੜਾਅ ’ਤੇ ਹੈ। ਕੰਮ ਸਿਵਲ ਅਤੇ ਅੰਦਰੂਨੀ ਫਿਨਿਸ਼ਿੰਗ, ਰਚਨਾਤਮਕ ਪ੍ਰਦਰਸ਼ਨੀਆਂ ਦੀ ਸਥਾਪਨਾ, ਆਡੀਓ-ਵੀਡੀਓ ਅਤੇ ਲਾਈਟਿੰਗ ਸਿਸਟਮ, ਲੈਂਡਸਕੇਪਿੰਗ, ਫਰਨੀਚਰ, ਟੈਸਟਿੰਗ ਅਤੇ ਦਰਸ਼ਕਾਂ ਲਈ ਸਮੁੱਚੀ ਤਿਆਰੀ ਨੂੰ ਪੂਰਾ ਕਰਨ 'ਤੇ ਕੇਂਦਰਿਤ ਹੈ। ਰਸਮੀ ਉਦਘਾਟਨ ਤੋਂ ਪਹਿਲਾਂ ਹਰੇਕ ਹਿੱਸੇ ਦੀ ਗੁਣਵੱਤਾ ਦੀ ਜਾਂਚ ਅਤੇ ਸਮੁੱਚੇ ਟਰਾਇਲ ਕੀਤੇ ਜਾ ਰਹੇ ਹਨ। ਕੰਪਲੈਕਸ ਬਹੁਤ ਜਲਦ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।”

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ ਅਤੇ ਇਸ ਮਹਾਨ ਕਾਰਜ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, “ਇਹ ਕੋਈ ਸਿਆਸੀ ਸਮਾਗਮ ਨਹੀਂ ਹੈ। ਇਹ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਇੱਕ ਪਵਿੱਤਰ ਮੌਕਾ ਹੈ ਜਿਸ ਨੇ ਮਾਤ-ਭੂਮੀ ਲਈ ਆਪਣੀ ਜਾਨ ਨਿਛਾਵਰ ਕੀਤੀ। ਸਾਡੀ ਸਰਕਾਰ ਇਸ ਅਜ਼ੀਮ ਸ਼ਹੀਦ ਦੀ ਵਿਰਾਸਤ ਨੂੰ ਅਮਰ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਆਦਰਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਕਰਕੇ ਹੀ ਮੋਹਾਲੀ ਹਵਾਈ ਅੱਡੇ ਦਾ ਨਾਂ ਮਹਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, “ਪਿਛਲੀਆਂ ਸਰਕਾਰਾਂ ਵਿੱਚੋਂ ਕਿਸੇ ਨੇ ਵੀ ਇਸ ਮਹਾਨ ਸ਼ਹੀਦ ਦੇ ਨਾਂ 'ਤੇ ਹਵਾਈ ਅੱਡੇ ਦਾ ਨਾਂ ਰੱਖਣ ਦੀ ਪ੍ਰਵਾਹ ਨਹੀਂ ਕੀਤੀ ਸੀ। ਅਹੁਦਾ ਸੰਭਾਲਣ ਤੋਂ ਬਾਅਦ ਸਾਡੀ ਸਰਕਾਰ ਨੇ ਇਸ ਮੁੱਦੇ ਨੂੰ ਸਭ ਤੋਂ ਵੱਧ ਪਹਿਲ ਦਿੱਤੀ ਅਤੇ ਇਹ ਯਕੀਨੀ ਬਣਾਇਆ ਕਿ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਹੋਵੇ। ਸਾਡੇ ਮਹਾਨ ਸ਼ਹੀਦਾਂ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਲਈ ਹਵਾਈ ਅੱਡਿਆਂ, ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਦੇ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਣਾ ਬਹੁਤ ਜ਼ਰੂਰੀ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮੋਹਾਲੀ ਵਿੱਚ ਏਅਰਪੋਰਟ ਰੋਡ 'ਤੇ 'ਨਿਸ਼ਾਨ-ਏ-ਇਨਕਲਾਬ ਪਲਾਜ਼ਾ' ਵੀ ਲੋਕਾਂ ਨੂੰ ਸਮਰਪਿਤ ਕੀਤਾ ਹੈ, ਜਿਸ ਵਿੱਚ ਮਹਾਨ ਸ਼ਹੀਦ ਦਾ 30 ਫੁੱਟ ਉੱਚਾ ਕਾਂਸੀ ਦਾ ਬੁੱਤ ਲਾਇਆ ਗਿਆ ਹੈ। ਉਨ੍ਹਾਂ ਕਿਹਾ, “ਇਹ ਬੁੱਤ ਇਸ ਲਈ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇਸ ਮਾਰਗ 'ਤੇ ਲੰਘਣ ਵਾਲਾ ਹਰ ਵਿਅਕਤੀ ਹਰ ਪਲ ਇਸ ਮਹਾਨ ਸ਼ਹੀਦ ਨੂੰ ਯਾਦ ਕਰੇ। ਮੈਨੂੰ ਉਮੀਦ ਹੈ ਕਿ ਅਜਿਹੇ ਯਤਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਚਾਨਣ ਮੁਨਾਰੇ ਵਜੋਂ ਕੰਮ ਕਰਨਗੇ ਅਤੇ ਉਨ੍ਹਾਂ ਨੂੰ ਇਸ ਮਹਾਨ ਸ਼ਹੀਦ ਦੇ ਯੋਗਦਾਨ ਤੋਂ ਜਾਣੂੰ ਕਰਵਾਉਣਗੇ।”

ਉਨ੍ਹਾਂ ਨੇ ਦੁਹਰਾਇਆ ਕਿ ਸੂਬਾ ਸਰਕਾਰ ਮਹਾਨ ਸ਼ਹੀਦਾਂ ਦੀਆਂ ਦੇਸ਼ ਪ੍ਰਤੀ ਇਛਾਵਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਮੁੱਖ ਮੰਤਰੀ ਨੇ ਕਿਹਾ, “ਜਦੋਂ ਵੀ ਦੇਸ਼ ਜਾਂ ਵਿਦੇਸ਼ ਤੋਂ ਕੋਈ ਸ਼ਖ਼ਸੀਅਤ ਪੰਜਾਬ ਆਉਂਦੀ ਹੈ, ਮੈਂ ਉਨ੍ਹਾਂ ਨੂੰ ਇਸ ਪਵਿੱਤਰ ਧਰਤੀ 'ਤੇ ਸੀਸ ਨਿਵਾਉਣ ਦੀ ਯਾਦ ਦਿਵਾਉਣਾ ਨਹੀਂ ਭੁੱਲਦਾ। ਖਟਕੜ ਕਲਾਂ ਸਿਰਫ਼ ਇੱਕ ਜਗ੍ਹਾ ਨਹੀਂ ਹੈ; ਇਹ ਦੇਸ਼ ਲਈ ਕੁਰਬਾਨੀ, ਸਾਹਸ ਅਤੇ ਸਮਰਪਣ ਦਾ ਪ੍ਰਤੀਕ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨੇ ਅਜੇ ਵੀ ਪੂਰੀ ਤਰ੍ਹਾਂ ਸਾਕਾਰ ਹੋਣੇ ਬਾਕੀ ਹਨ ਕਿਉਂਕਿ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਗਰੀਬੀ ਸਮਾਜ ਲਈ ਚੁਣੌਤੀਆਂ ਬਣੇ ਹੋਏ ਹਨ। ਉਨ੍ਹਾਂ ਕਿਹਾ, “ਇਨ੍ਹਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਇਸ ਲਈ ਨਹੀਂ ਵਾਰੀਆਂ ਸਨ ਕਿ ਦੇਸ਼ ਵਿੱਚ ਬੇਲਗਾਮ ਭ੍ਰਿਸ਼ਟਾਚਾਰ ਅਤੇ ਸਮਾਜਿਕ ਨਾ-ਬਰੋਬਰੀ ਫੈਲੀ ਰਹੇ। ਉਨ੍ਹਾਂ ਦੀ ਕੁਰਬਾਨੀ ਅਜਿਹੇ ਦੇਸ਼ ਲਈ ਸੀ ਜਿੱਥੇ ਹਰ ਨਾਗਰਿਕ ਗੌਰਵ, ਬਰਾਬਰੀ ਅਤੇ ਸਭ ਲਈ ਇਕੋ ਜਿਹੇ ਮੌਕਿਆਂ ਵਾਲਾ ਜੀਵਨ ਬਤੀਤ ਕਰ ਸਕੇ।”

ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਪੰਜਾਬ ਦੇਸ਼ ਵਿੱਚੋਂ ਮੋਹਰੀ ਸੂਬੇ ਵਜੋਂ ਉੱਭਰੇਗਾ। ਉਨ੍ਹਾਂ ਕਿਹਾ, “ਸਾਡੀ ਸਰਕਾਰ ਸ਼ਹੀਦ ਭਗਤ ਸਿੰਘ ਦੇ ਹਰ ਸੁਪਨੇ ਨੂੰ ਪੂਰਾ ਕਰਨ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਵਚਨਬੱਧ ਹੈ। ਸੁਤੰਤਰਤਾ ਸੰਗਰਾਮ ਦੇ ਇਸ ਨੌਜਵਾਨ ਨਾਇਕ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਛੋਟੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੀਤੇ ਦਹਾਕਿਆਂ ਦੌਰਾਨ ਪਿਛਲੀਆਂ ਹਕੂਮਤਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਦੀ ਸੋਚ ਤੇ ਸੁਪਨਿਆਂ ਨੂੰ ਅਣਗੌਲਿਆ ਕੀਤਾ ਸੀ। ਉਨ੍ਹਾਂ ਕਿਹਾ, “ਇੰਨੀ ਛੋਟੀ ਉਮਰ ਵਿੱਚ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੇ ਕਰੋੜਾਂ ਨੌਜਵਾਨਾਂ ਨੂੰ ਰਾਸ਼ਟਰੀ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ। ਸ਼ਹੀਦ-ਏ-ਆਜ਼ਮ ਭਗਤ ਸਿੰਘ ਕਰੋੜਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ।”

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲਣ ਅਤੇ ਭਾਰਤ ਨੂੰ ਪ੍ਰਗਤੀਸ਼ੀਲ ਤੇ ਖ਼ੁਸ਼ਹਾਲ ਦੇਸ਼ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, “ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਂ ਇਸ ਪਵਿੱਤਰ ਧਰਤੀ 'ਤੇ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਆਇਆ ਹਾਂ, ਜਿਸ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਦੇਸ਼ ਹਮੇਸ਼ਾ ਇਸ ਸ਼ਹੀਦ ਦਾ ਰਿਣੀ ਰਹੇਗਾ।”

ਉਨ੍ਹਾਂ ਕਿਹਾ ਕਿ ਇਹ ਮਹਾਨ ਸ਼ਹੀਦ ਮਹਿਜ਼ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਸੀ। ਮੁੱਖ ਮੰਤਰੀ ਨੇ ਕਿਹਾ, “ਸ਼ਹੀਦ-ਏ-ਆਜ਼ਮ ਭਗਤ ਸਿੰਘ ਸਿਰਫ਼ ਇੱਕ ਵਿਅਕਤੀ ਨਹੀਂ ਸਨ, ਉਹ ਇੱਕ ਸੰਸਥਾ ਸਨ। ਦੇਸ਼ ਦੀ ਤਰੱਕੀ ਲਈ ਸਾਨੂੰ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ। ਸਾਡੀ ਸਰਕਾਰ ਦਾ ਹਰ ਉਪਰਾਲਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਪ੍ਰਗਤੀਸ਼ੀਲ ਤੇ ਖ਼ੁਸ਼ਹਾਲ ਪੰਜਾਬ ਸਿਰਜਣ ਵੱਲ ਸੇਧਿਤ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਮਹਾਨ ਸ਼ਹੀਦ ਦੇ ਨਕਸ਼ੇ-ਕਦਮਾਂ 'ਤੇ ਚੱਲਣ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਮੂਹਿਕ ਤੌਰ 'ਤੇ ਕੰਮ ਕਰਨ ਦਾ ਸੱਦਾ ਦਿੱਤਾ, ਜਿਨ੍ਹਾਂ ਲਈ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ, “ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਓ, ਅਸੀਂ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦੇ ਹੋਏ, ਉਸ ਪੰਜਾਬ ਤੇ ਭਾਰਤ ਦੇ ਨਿਰਮਾਣ ਲਈ ਮਿਲ ਕੇ ਕੰਮ ਕਰੀਏ, ਜਿਸ ਦਾ ਸੁਪਨਾ ਉਨ੍ਹਾਂ ਨੇ ਦੇਖਿਆ ਸੀ।”

Have something to say? Post your comment

 
 
 
 

ਪੰਜਾਬ

ਅਮਰਜੀਤ ਚਾਵਲਾ ਬਲਾਤਕਾਰ ਮਾਮਲਾ: ਡਰਾਈਵਰ ਮੋਹਨ ਸਿੰਘ ਜਾਂਚ ਵਿੱਚ ਸ਼ਾਮਲ, ਰੂਪਨਗਰ ਪੁਲਿਸ ਅੱਗੇ ਬਿਆਨ ਦਰਜ ਕਰਵਾਇਆ

ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ 452 ਸਾਲਾ ਜੋਤੀ ਜੋਤ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ

ਭਾਈ ਲਾਲੋ ਜੀ ਦਾ ਜਨਮ ਦਿਹਾੜਾ ਉਤਸ਼ਾਹ ਪੂਰਵਕ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਚਾਵਲਾ ਬਲਾਤਕਾਰ ਮਾਮਲੇ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਸਖ਼ਤ ਰੁਖ਼, ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇਵੇ ਅਸਤੀਫ਼ਾ-ਤਰਸੇਮ ਸਿੰਘ

ਝੋਨੇ ਦੇ ਖਰੀਦ ਸੀਜ਼ਨ ਤੋਂ ਪਹਿਲਾਂ ਪੰਜਾਬ ਲਈ 42786 ਕਰੋੜ ਰੁਪਏ ਦੀ ਸੀ.ਸੀ.ਐੱਲ. ਮਨਜ਼ੂਰੀ: ਲਾਲ ਚੰਦ ਕਟਾਰੂਚੱਕ

ਅਮਰੀਕੀ ਸਫ਼ੀਰ ਵਫ਼ਦ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਸਾਰਿਆਂ ਲਈ ਸਰਵਉੱਚ ਹਨ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੀ ਰਾਖੀ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਯਕੀਨੀ ਬਣਾਇਆ ਜਾਵੇਗਾ: ਮੁੱਖ ਮੰਤਰੀ

ਜਸ਼ਨ-ਏ-ਇਨਕਲਾਬ’ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਰਾਸਤ, ਪੰਜਾਬ ਦੇ ਸਭਿਆਚਾਰ ਅਤੇ ਰੰਗਲੇ ਪੰਜਾਬ ਦੇ ਜਜ਼ਬੇ ਨੂੰ ਮਨਾਉਣ ਲਈ: ਬਲਤੇਜ ਪੰਨੂ

ਵੜਿੰਗ ਨੇ ਸਾਰੇ ਕੱਚੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ

ਡਾ. ਬਲਬੀਰ ਸਿੰਘ ਦੱਸਣ ਕਿ ਕੀ ਉਹਨਾਂ ਨੇ ਗਾਇਤਰੀ ਬਿਸ਼ਨੋਈ ਲਈ ’ਤਰਸ’ ਕਿਉਂ ਵਿਖਾਇਆ: ਹਰਸਿਮਰਤ ਕੌਰ ਬਾਦਲ