ਸਨੇਟਾ-ਸਾਬਕਾ ਡਿਪਟੀ ਮੇਅਰ ਮੋਹਾਲੀ ਕੁਲਜੀਤ ਸਿੰਘ ਬੇਦੀ ਵੱਲੋਂ ਸਨੇਟਾ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਲਗਾਇਆ ਗਿਆ ਦੂਜਾ ਮੈਡੀਕਲ ਜਾਂਚ ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ। ਕੈਂਪ ਦੌਰਾਨ ਸਨੇਟਾ ਸਮੇਤ ਆਸ-ਪਾਸ ਦੇ ਪਿੰਡਾਂ ਤੋਂ 500 ਤੋਂ ਵੱਧ ਮਰੀਜ਼ਾਂ ਨੇ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਕੀਤੀਆਂ।
ਕੈਂਪ ਵਿੱਚ ਆਮ ਸਿਹਤ ਜਾਂਚ ਦੇ ਨਾਲ ਅੱਖਾਂ ਅਤੇ ਦੰਦਾਂ ਦੀ ਜਾਂਚ ਸਮੇਤ ਵੱਖ-ਵੱਖ ਮੈਡੀਕਲ ਜਾਂਚਾਂ ਕੀਤੀਆਂ ਗਈਆਂ। ਖ਼ਾਸ ਤੌਰ ’ਤੇ ਅੱਖਾਂ ਦੀ ਜਾਂਚ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਡੀ ਰਹੀ। ਮੈਡੀਕਲ ਟੀਮ ਵੱਲੋਂ ਮਰੀਜ਼ਾਂ ਨੂੰ ਲੋੜ ਅਨੁਸਾਰ ਸਲਾਹ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕੈਂਪ ਵਿੱਚ ਸਨੇਟਾ ਤੋਂ ਇਲਾਵਾ ਗੋਬਿੰਦਗੜ੍ਹ, ਢੇਲਪੁਰ, ਗਡਾਣਾ, ਧੀਰਪੁਰ, ਦੁਰਾਲੀ ਅਤੇ ਰਾਏਪੁਰ ਸਮੇਤ ਨਾਲ ਲੱਗਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਨੇ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਦਾ ਹੌਸਲਾ ਵਧਾਇਆ ਹੈ।
ਉਨ੍ਹਾਂ ਕੈਂਪ ਦੀ ਸਫ਼ਲਤਾ ਲਈ ਪਿੰਡ ਦੀ ਪੰਚਾਇਤ, ਮੰਦਰ ਕਮੇਟੀ, ਪਿੰਡ ਵਾਸੀਆਂ ਅਤੇ ਸਹਿਯੋਗ ਦੇਣ ਵਾਲੀਆਂ ਮੈਡੀਕਲ ਟੀਮਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਿਹਤ ਕੈਂਪਾਂ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਹੀ ਮੁੱਢਲੀਆਂ ਸਿਹਤ ਸਹੂਲਤਾਂ ਅਤੇ ਜਾਂਚ ਦੀ ਸਹੂਲਤ ਉਪਲਬਧ ਕਰਵਾਉਣਾ ਹੈ।
ਕੈਂਪ ਨੂੰ ਸਫ਼ਲ ਬਣਾਉਣ ਵਿੱਚ ਰਾਮ ਆਸਰਾ ਅਤੇ ਅਨਵਰ ਹੁਸੈਨ ਸਮੇਤ ਸਥਾਨਕ ਸਹਿਯੋਗੀਆਂ ਦੀ ਭੂਮਿਕਾ ਰਹੀ। ਇਸ ਤੋਂ ਇਲਾਵਾ ਰਾਏਪੁਰ ਦੀ ਪੰਚਾਇਤ, ਗੋਬਿੰਦਗੜ੍ਹ ਦੇ ਪੰਚਾਇਤ ਮੈਂਬਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਪੰਚਾਂ ਵੱਲੋਂ ਵੀ ਮੌਕੇ ’ਤੇ ਪਹੁੰਚ ਕੇ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਲੰਬੜਦਾਰ, ਹਰਵਿੰਦਰ ਸਿੰਘ ਪੰਚ, ਗੁਰਵਿੰਦਰ ਸਿੰਘ ਪੰਚ, ਗੁਰਦੇਵ ਸਿੰਘ ਚੌਹਾਨ, ਸੋਮ ਪ੍ਰਕਾਸ਼ ਸਾਬਕਾ ਸਰਪੰਚ ਸਮੇਤ ਹੋਰ ਪਤਵੰਤੇ ਮੌਜੂਦ ਰਹੇ।
ਕੈਂਪ ਦੌਰਾਨ ਮੈਡੀਕਲ ਸੇਵਾਵਾਂ ਅਤੇ ਦਵਾਈਆਂ ਦੀ ਉਪਲਬਧਤਾ ਵਿੱਚ ਸਹਿਯੋਗ ਦੇਣ ਵਾਲੀ ਨੈਕਸਟ ਹਸਪਤਾਲ ਦੀ ਟੀਮ ਸਮੇਤ ਹੋਰ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ ਗਿਆ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕੈਂਪ ਵਿੱਚ ਪਹੁੰਚੇ ਡਾਕਟਰਾਂ, ਅਤੇ ਸਹਿਯੋਗੀ ਦਾ ਉਹ ਦਿਲੋਂ ਧੰਨਵਾਦ ਕਰਦੇ ਹਨ ਅਤੇ ਮਰੀਜ਼ਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਨ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਲੋਕਾਂ ਦੀ ਸਿਹਤ ਨਾਲ ਜੁੜੀਆਂ ਅਜਿਹੀਆਂ ਪਹਿਲਕਦਮੀਆਂ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ।