ਪੰਜਾਬ

62 ਦੀ ਉਮਰ ’ਚ ਵੀ ਪਹਾੜਾਂ ਨਾਲ ਇਸ਼ਕ: ਇੰਜ. ਗੁਰਸ਼ਰਨ ਸਿੰਘ ਬਾਹੀਆ ਦੀ ਜ਼ਿੰਦਾਦਿਲੀ ਦੀ ਦਾਸਤਾਨ

ਕੌਮੀ ਮਾਰਗ ਬਿਊਰੋ/ ਮਨਮੋਹਨ ਸਿੰਘ | October 06, 2026 07:26 PM

ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਸਰਕਾਰ ਦੇ ਨਿਰਧਾਰਤ ਨਿਯਮਾਂ ਅਨੁਸਾਰ ਸੇਵਾ ਦਾ ਇੱਕ ਪੜਾਅ ਪੂਰਾ ਹੋਣਾ ਹੈ। ਆਮ ਤੌਰ ’ਤੇ 58 ਸਾਲ ਦੀ ਉਮਰ ਨੂੰ ਸਰਕਾਰੀ ਸੇਵਾ ਤੋਂ ਵਿਦਾਇਗੀ ਦੀ ਹੱਦ ਮੰਨਿਆ ਜਾਂਦਾ ਹੈ, ਪਰ ਜ਼ਿੰਦਗੀ ਦੇ ਸੁਪਨਿਆਂ, ਹੌਸਲੇ ਅਤੇ ਉੱਦਮ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ। ਉੱਦਮੀਆਂ ਅਤੇ ਜ਼ਿੰਦਾਦਿਲ ਮਨੁੱਖਾਂ ਲਈ ਉਮਰ ਸਿਰਫ਼ ਇੱਕ ਅੰਕ ਹੈ, ਜਦਕਿ ਅਸਲ ਤਾਕਤ ਮਨ ਦੇ ਜਜ਼ਬੇ ਅਤੇ ਕੁਝ ਨਵਾਂ ਕਰਨ ਦੀ ਲਗਨ ਵਿੱਚ ਵੱਸਦੀ ਹੈ।

ਜੇ ਮਨ ਵਿੱਚ ਕੁਝ ਹਾਸਲ ਕਰਨ ਦਾ ਜਜ਼ਬਾ, ਸਰੀਰ ਵਿੱਚ ਤੰਦਰੁਸਤੀ ਅਤੇ ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਨ ਦਾ ਹੌਸਲਾ ਹੋਵੇ ਤਾਂ ਜ਼ਿੰਦਗੀ ਦੇ ਹਰ ਪੜਾਅ ’ਤੇ ਨਵੀਆਂ ਮੰਜ਼ਿਲਾਂ ਤੈਅ ਕੀਤੀਆਂ ਜਾ ਸਕਦੀਆਂ ਹਨ। ਸੇਵਾ ਮੁਕਤੀ ਨੂੰ ਜ਼ਿੰਦਗੀ ਦਾ ਅੰਤ ਨਹੀਂ, ਸਗੋਂ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਨਵੇਂ ਤਜਰਬਿਆਂ ਨਾਲ ਜ਼ਿੰਦਗੀ ਨੂੰ ਹੋਰ ਰੰਗੀਨ ਬਣਾਉਣ ਦਾ ਨਵਾਂ ਅਧਿਆਇ ਬਣਾਇਆ ਜਾ ਸਕਦਾ ਹੈ।

ਪੰਜਾਬ ਦੀ ਆਰਥਿਕ ਤਰੱਕੀ ਵਿੱਚ ਮੁੱਖ ਭਾਈਵਾਲ ਬਿਜਲੀ ਵਿਭਾਗ ਦੀ ਕਾਰਪੋਰੇਸ਼ਨ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਬਤੌਰ ਉਪ ਮੁੱਖ ਇੰਜੀਨੀਅਰ/ਸਿਵਲ ਸੇਵਾ ਮੁਕਤ ਹੋਏ ਇੰਜ. ਗੁਰਸ਼ਰਨ ਸਿੰਘ ਬਾਹੀਆ ਨੂੰ ਸੇਵਾ ਮੁਕਤ ਹੋਇਆਂ ਚਾਰ ਸਾਲ ਬੀਤ ਚੁੱਕੇ ਹਨ। ਉਨ੍ਹਾਂ ਦਾ ਜਨਮ 16 ਨਵੰਬਰ 1964 ਨੂੰ ਪਿਤਾ ਸਰਦਾਰ ਪ੍ਰੀਤਮ ਸਿੰਘ ਮਾਤਾ ਸਰਦਾਰਨੀ ਪ੍ਰਕਾਸ਼ ਕੌਰ ਦੇ ਘਰ ਹੋਇਆ, ਹੁਣ ਉਹ ਸੇਵਾ ਮੁਕਤੀ ਉਪਰੰਤ ਆਪਣੇ ਗ੍ਰਹਿ ਪਿੰਡ ਕੁੱਕੜ (ਜ਼ਿਲ੍ਹਾ ਜਲੰਧਰ) ਵਿੱਚ ਪੱਕੇ ਤੌਰ ’ਤੇ ਵਸੇ ਹੋਏ ਹਨ। ਪਾਵਰਕਾਮ ਵਿੱਚ ਸੇਵਾ ਦੌਰਾਨ ਆਪਣੀਆਂ ਜ਼ਿੰਮੇਂਵਾਰੀਆਂ ਨੂੰ ਪੂਰੀ ਸੰਜੀਦਗੀ ਅਤੇ ਸਮਰਪਣ ਨਾਲ ਨਿਭਾਉਣ ਵਾਲੇ ਇੰਜ. ਬਾਹੀਆ ਨੇ ਸੇਵਾ ਮੁਕਤੀ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ, ਜਿਸ ਵਿੱਚ ਪਹਾੜ, ਕੁਦਰਤ, ਟਰੈਕਿੰਗ ਅਤੇ ਮੋਟਰਸਾਈਕਲ ਰਾਈਡਿੰਗ ਉਨ੍ਹਾਂ ਦੇ ਸਾਥੀ ਬਣ ਗਏ ਹਨ।
ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਪਰਮਜੀਤ ਕੌਰ ਅਨੁਸਾਰ ਕਿ ਬਚਪਨ ਤੋਂ ਹੀ ਇੰਜ. ਬਾਹੀਆ ਦੀ ਕੁਦਰਤ ਪ੍ਰਤੀ ਵਿਸ਼ੇਸ਼ ਖਿੱਚ ਰਹੀ ਹੈ। ਸੰਘਣੇ ਜੰਗਲਾਂ ਵਿੱਚ ਟਰੈਕਿੰਗ ਕਰਨਾ, ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਸੁਣਨਾ, ਵਗਦੇ ਪਾਣੀ ਦੀਆਂ ਧਾਰਾਵਾਂ ਨੂੰ ਨਿਹਾਰਨਾ ਅਤੇ ਉੱਚੇ ਪਹਾੜਾਂ ਦੀ ਖੂਬਸੂਰਤੀ ਨੂੰ ਮਹਿਸੂਸ ਕਰਨਾ ਉਨ੍ਹਾਂ ਦੀ ਸ਼ਖ਼ਸ਼ੀਅਤ ਨੂੰ ਹਮੇਸ਼ਾ ਆਪਣੇ ਵੱਲ ਖਿੱਚਦੀ ਰਹੀ ਹੈ।

ਪ੍ਰੰਤੂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 34 ਸਾਲ ਦੀ ਲੰਮੀ ਸੇਵਾ ਦੌਰਾਨ ਡਿਊਟੀ ਪ੍ਰਤੀ ਸਮਰਪਣ, ਪਾਵਰਕਾਮ ਦੇ ਨਿਰਧਾਰਤ ਸਰਕਾਰੀ ਟੀਚਿਆਂ ਨੂੰ ਹਾਸਲ ਕਰਨ ਦੀ ਜ਼ਿੰਮੇਂਵਾਰੀ ਅਤੇ ਪਰਿਵਾਰਕ ਜਿੰਮੇਂਵਾਰੀਆਂ ਵਿੱਚ ਰੁੱਝੇ ਰਹਿਣ ਕਾਰਨ ਕੁਦਰਤ ਨਾਲ ਇਸ ਗੂੜ੍ਹੇ ਰਿਸ਼ਤੇ ਨੂੰ ਆਪਣਾ ਪੂਰਾ ਸਮਾਂ ਦੇਣਾ ਸੰਭਵ ਨਾ ਹੋ ਸਕਿਆ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਵਿੱਚ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਵਾਉਦਿਆ ਪਹਿਲਾਂ ਇੰਜ. ਬਾਹੀਆ ਨੇ ਛੋਟੇ ਅਤੇ ਇੱਕ-ਦਿਨਾਂ ਟਰੈਕਾਂ ਨਾਲ ਆਪਣੇ ਇਸ ਸ਼ੌਕ ਨੂੰ ਅਮਲੀ ਰੂਪ ਦੇਣਾ ਸ਼ੁਰੂ ਕੀਤਾ। ਹੌਲੀ-ਹੌਲੀ ਇਹ ਸ਼ੌਕ ਇੱਕ ਜਨੂੰਨ ਵਿੱਚ ਬਦਲ ਗਿਆ ਅਤੇ ਉਨ੍ਹਾਂ ਨੇ ਉੱਚਾਈਆਂ ਨੂੰ ਪਾਰ ਕਰਨ ਵਾਲੇ ਕਈ ਚੁਣੌਤੀਪੂਰਨ ਟਰੈਕ ਸਫਲਤਾਪੂਰਵਕ ਪੂਰੇ ਕੀਤੇ।

ਸਾਲ 2023 ਵਿੱਚ ਭੂਟਾਨ ਦਾ ਡਰੂਕ-ਪਾਥ ਟਰੈਕ, ਲਗਭਗ 4, 250 ਮੀਟਰ ਦੀ ਉਚਾਈ ’ਤੇ, ਉਨ੍ਹਾਂ ਦੇ ਵੱਡੇ ਟਰੈਕਿੰਗ ਸਫ਼ਰ ਦੀ ਮਹੱਤਵਪੂਰਨ ਸ਼ੁਰੂਆਤ ਬਣਿਆ। ਇਸ ਤੋਂ ਬਾਅਦ ਸਾਲ 2024 ਵਿੱਚ ਏਵਰੈਸਟ ਬੇਸ ਕੈਂਪ ਟਰੈਕ (5, 364 ਮੀਟਰ) ਅਤੇ ਕਸ਼ਮੀਰ ਗ੍ਰੇਟ ਲੇਕ ਟਰੈਕ (4, 200 ਮੀਟਰ) ਪੂਰੇ ਕੀਤੇ। ਸਾਲ 2026 ਵਿੱਚ ਮਾਰਦੀ ਹਿਮਾਲ ਟਰੈਕ (4, 500 ਮੀਟਰ) ਅਤੇ ਅੰਨਾਪੂਰਨਾ ਬੇਸ ਕੈਂਪ ਟਰੈਕ (4, 130 ਮੀਟਰ) ਨੂੰ ਵੀ ਸਫਲਤਾਪੂਰਵਕ ਫਤਿਹ ਕੀਤਾ।

ਇਹ ਸਿਰਫ਼ ਪਹਾੜੀ ਸਫ਼ਰ ਨਹੀਂ, ਸਗੋਂ ਉਨ੍ਹਾਂ ਲਈ ਆਪਣੇ ਆਪ ਨੂੰ ਚੁਣੌਤੀ ਦੇਣ, ਹੱਦਾਂ ਨੂੰ ਪਰਖਣ ਅਤੇ ਕੁਦਰਤ ਦੇ ਹੋਰ ਨੇੜੇ ਜਾਣ ਦਾ ਸਾਧਨ ਬਣ ਚੁੱਕੇ ਹਨ।

ਪਹਾੜਾਂ ਤੋਂ ਸੜਕਾਂ ਤੱਕ—ਬਾਈਕ ਰਾਈਡਿੰਗ ਦਾ ਵੀ ਸ਼ੌਕ

ਟਰੈਕਿੰਗ ਤੋਂ ਇਲਾਵਾ ਇੰਜ. ਗੁਰਸ਼ਰਨ ਸਿੰਘ ਬਾਹੀਆ ਮੋਟਰਸਾਈਕਲ ਰਾਈਡਿੰਗ ਦੇ ਵੀ ਸ਼ੌਕੀਨ ਹਨ। ਪਿਛਲੇ ਸਾਲ ਸਪੀਤੀ ਵੈਲੀ ਬਾਈਕ ਐਕਸਪੀਡੀਸ਼ਨ ਦੌਰਾਨ ਉਨ੍ਹਾਂ ਨੇ ਕੁੰਜਮ ਪਾਸ (4, 551 ਮੀਟਰ) ਅਤੇ ਚੰਦਰਤਾਲ (4, 300 ਮੀਟਰ) ਤੱਕ ਬਾਈਕ ਰਾਈਡ ਕੀਤੀ।

ਹਾਲ ਹੀ ਵਿੱਚ ਕੀਤੀ ਲਦਾਖ ਬਾਈਕ ਐਕਸਪੀਡੀਸ਼ਨ ਉਨ੍ਹਾਂ ਦੇ ਸਾਹਸ ਅਤੇ ਜਜ਼ਬੇ ਦੀ ਇੱਕ ਹੋਰ ਮਿਸਾਲ ਬਣੀ। ਇਸ ਦੌਰਾਨ ਉਨ੍ਹਾਂ ਨੇ ਦੁਨੀਆ ਦੀਆਂ ਸਭ ਤੋਂ ਉੱਚੀਆਂ ਮੋਟਰਯੋਗ ਸੜਕਾਂ ਵਿੱਚੋਂ ਇੱਕ ਉਮਿੰਗਲਾ (5, 798 ਮੀਟਰ), ਖਾਰਦੁੰਗਲਾ (5, 359 ਮੀਟਰ) ਅਤੇ ਸੰਕੂ-ਲਾ (5, 091 ਮੀਟਰ) ਸਮੇਤ ਚੁਸ਼ੂਲ ਅਤੇ ਚੀਨ ਨਾਲ ਲੱਗਦੇ ਕਈ ਦੂਰ-ਦਰਾਜ਼ ਇਲਾਕਿਆਂ ਵਿੱਚ ਬੇਝਿਜਕ ਬਾਈਕ ਰਾਈਡ ਕੀਤੀ।

ਫਿਟਨੈਸ ਨੂੰ ਬਣਾਇਆ ਜੀਵਨ ਦਾ ਹਿੱਸਾ

62 ਸਾਲ ਦੀ ਉਮਰ ਵਿੱਚ ਇੰਜ. ਬਾਹੀਆ ਦੀਆਂ ਇਹ ਪ੍ਰਾਪਤੀਆਂ ਉਨ੍ਹਾਂ ਦੇ ਜਨੂੰਨ, ਹਿੰਮਤ ਅਤੇ ਜ਼ਿੰਦਾਦਿਲੀ ਦੀ ਪ੍ਰੇਰਣਾਦਾਇਕ ਮਿਸਾਲ ਹਨ। ਉਹ ਮੰਨਦੇ ਹਨ ਕਿ ਸੇਵਾ ਮੁਕਤੀ ਜ਼ਿੰਦਗੀ ਦਾ ਅੰਤ ਨਹੀਂ, ਬਲਕਿ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਆਪਣੀ ਪਸੰਦ ਦੀ ਜ਼ਿੰਦਗੀ ਜੀਣ ਦਾ ਇੱਕ ਨਵਾਂ ਮੌਕਾ ਹੈ।

ਆਪਣੀ ਸਰੀਰਕ ਤੰਦਰੁਸਤੀ ਪ੍ਰਤੀ ਵਿਸ਼ੇਸ਼ ਤੌਰ ’ਤੇ ਸੁਚੇਤ ਇੰਜ. ਬਾਹੀਆ ਰੋਜ਼ਾਨਾ ਜਿਮ ਜਾਂਦੇ ਹਨ। ਇਸ ਦੇ ਨਾਲ ਉਹ 4 ਤੋਂ 5 ਕਿਲੋਮੀਟਰ ਦੌੜਦੇ ਅਤੇ 20 ਕਿਲੋਮੀਟਰ ਤੱਕ ਸਾਈਕਲ ਚਲਾਉਂਦੇ ਹਨ। ਖੁਰਾਕ ਵਿੱਚ ਉਹ ਮੁੱਖ ਤੌਰ ’ਤੇ ਘਰ ਦਾ ਬਣਿਆ ਸ਼ਾਕਾਹਾਰੀ ਭੋਜਨ ਪਸੰਦ ਕਰਦੇ ਹਨ, ਹਾਲਾਂਕਿ ਕਦੇ-ਕਦਾਈਂ ਨਾਨ-ਵੈਜ ਵੀ ਲੈਂਦੇ ਹਨ।

ਇੰਜ. ਜੀ.ਐਸ.ਬਾਹੀਆ ਦੀ ਕੇਵਲ ਇੱਕ ਹੀ ਬੇਟੀ ਹੈ, ਜੋ ਅਮਰੀਕਾ ਵਿਚ ਕੈਲੀਫੋਰਨੀਆ ਵਿਚ ਕੰਪਿਊਟਰ ਸਾਇੰਸ ਦੀ ਮਾਸਟਰ ਡਿਗਰੀ ਲੈਣ ਤੋਂ ਬਾਅਦ ਉੱਥੇ ਹੀ ਰਹਿ ਰਹੀ ਹੈ ਅਤੇ ਉਹ ਆਪ ਵੀ ਟ੍ਰੈਕਿੰਗ ਦੀ ਸ਼ੌਕੀਨ ਹੈ।
ਇੰਜ. ਜੀ.ਐਸ. ਬਾਹੀਆ ਦੀ ਕਹਾਣੀ ਇਹ ਸੁਨੇਹਾ ਦਿੰਦੀ ਹੈ ਕਿ ਉਮਰ ਸਿਰਫ਼ ਇੱਕ ਅੰਕ ਹੈ। ਜੇਕਰ ਮਨ ਵਿੱਚ ਜਜ਼ਬਾ, ਸਰੀਰ ਵਿੱਚ ਤੰਦਰੁਸਤੀ ਅਤੇ ਕੁਝ ਨਵਾਂ ਕਰਨ ਦੀ ਲਗਨ ਹੋਵੇ ਤਾਂ ਜ਼ਿੰਦਗੀ ਦੇ ਹਰ ਪੜਾਅ ’ਤੇ ਨਵੀਆਂ ਮੰਜ਼ਿਲਾਂ ਤੈਅ ਕੀਤੀਆਂ ਜਾ ਸਕਦੀਆਂ ਹਨ। ਪਹਾੜਾਂ ਦੀਆਂ ਉੱਚਾਈਆਂ ਨੂੰ ਛੂਹਣ ਵਾਲਾ ਇਹ ਸਫ਼ਰ ਸੇਵਾ ਮੁਕਤੀ ਤੋਂ ਬਾਅਦ ਇੱਕ ਸਰਗਰਮ, ਰੋਮਾਂਚਕ ਅਤੇ ਜ਼ਿੰਦਾਦਿਲ ਜੀਵਨ ਜਿਊਣ ਦੀ ਪ੍ਰੇਰਣਾ ਵੀ ਦਿੰਦਾ ਹੈ।

ਪਹਾੜਾਂ ਦੀਆਂ ਉੱਚੀਆਂ ਚੋਟੀਆਂ ਨੂੰ ਛੂਹਣ ਦਾ ਇਹ ਰੋਮਾਂਚਕ ਸਫ਼ਰ ਇਸ ਗੱਲ ਦੀ ਜੀਵੰਤ ਮਿਸਾਲ ਹੈ ਕਿ ਜੇ ਜਜ਼ਬਾ ਕਾਇਮ ਰਹੇ ਤਾਂ ਉਮਰ ਕਦੇ ਵੀ ਰਾਹ ਵਿੱਚ ਰੁਕਾਵਟ ਨਹੀਂ ਬਣਦੀ। ਇਹ ਸਫ਼ਰ ਨਾ ਸਿਰਫ਼ ਸਾਹਸ ਅਤੇ ਹਿੰਮਤ ਦੀ ਕਹਾਣੀ ਬਿਆਨ ਕਰਦਾ ਹੈ, ਸਗੋਂ ਸੇਵਾ ਮੁਕਤੀ ਤੋਂ ਬਾਅਦ ਇੱਕ ਸਰਗਰਮ, ਤੰਦਰੁਸਤ, ਰੋਮਾਂਚਕ ਅਤੇ ਜ਼ਿੰਦਾਦਿਲ ਜੀਵਨ ਜਿਊਣ ਲਈ ਹੋਰਨਾਂ ਨੂੰ ਵੀ ਪ੍ਰੇਰਿਤ ਕਰਦਾ ਹੈ।

ਅਸਲ ਵਿੱਚ, ਸੇਵਾ ਮੁਕਤੀ ਨੌਕਰੀ ਤੋਂ ਹੋ ਸਕਦੀ ਹੈ, ਸੁਪਨਿਆਂ ਤੋਂ ਨਹੀਂ। ਜਦ ਤੱਕ ਮਨ ਵਿੱਚ ਜਜ਼ਬਾ ਅਤੇ ਦਿਲ ਵਿੱਚ ਕੁਝ ਨਵਾਂ ਕਰਨ ਦੀ ਤਾਂਘ ਜਿਊਂਦੀ ਹੈ, ਤਦ ਤੱਕ ਜ਼ਿੰਦਗੀ ਦੀਆਂ ਨਵੀਆਂ ਮੰਜ਼ਿਲਾਂ ਵੱਲ ਕਦਮ ਵਧਾਉਣ ਦੀ ਕੋਈ ਉਮਰ ਨਹੀਂ ਹੁੰਦੀ।

Have something to say? Post your comment

 
 
 
 

ਪੰਜਾਬ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਬਾਰੇ ਜਾਂਚ ਰਿਪੋਰਟ ਦੇ ਤੱਥ ਐਡਵੋਕੇਟ ਧਾਮੀ ਨੇ ਕੀਤੇ ਜਨਤਕ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਡੀਜੀਪੀ ਨਾਲ ਮੁਲਾਕਾਤ-ਮੰਗੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੇ ਅਸ਼ਲੀਲ ਕਾਂਡ ਦੀ ਜਾਂਚ09:07 PM

ਪੰਜਾਬ ਨੇ ਪਰਾਲੀ ਸਾੜਨ 'ਤੇ ਕੀਤੀ ਸਖ਼ਤੀ , 84 ਮਾਮਲੇ ਸਾਹਮਣੇ ਆਏ, 1.40 ਲੱਖ ਰੁਪਏ ਲਗਾਇਆ ਜੁਰਮਾਨਾ 

ਪੰਜਾਬ ਸਰਕਾਰ ਭ੍ਰਿਸ਼ਟਾਚਾਰ ਘੁਟਾਲੇ 'ਤੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਵੇਗੀ

ਈਡੀ ਦੀ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਨਾਲ ਜੁੜੇ 5 ਕਰੋੜ ਮਾਮਲੇ ਵਿੱਚ ਐਂਟਰੀ, ਅਮਰਦੀਪ ਗਰੇਵਾਲ ਨੂੰ ਸੰਮਨ

ਭਗਵੰਤ ਮਾਨ ਸਰਕਾਰ ਸਾਫ਼-ਸੁਥਰਾ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੇਣ ਲਈ ਵਚਨਬੱਧ: ਹਰਪਾਲ ਸਿੰਘ ਚੀਮਾ

19000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 800 ਕਰੋੜ ਰੁਪਏ ਜਮ੍ਹਾਂ: ਲਾਲ ਚੰਦ ਕਟਾਰੂਚੱਕ

ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਲਈ ਦੁਸ਼ਹਿਰਾ ਸਮਾਗਮ ਸਬੰਧੀ ਕਲੱਬ ਦੇ ਅਹੁਦੇਦਾਰਾਂ ਦੀ ਮੀਟਿੰਗ

ਸਾਡੀ ਸਰਕਾਰ ਮਾਵਾਂ-ਧੀਆਂ ਦੇ ਫ਼ੋਨ ’ਤੇ ‘ਟੂੰ-ਟੂੰ’ ਦੇ ਸੁਨੇਹੇ ਕਦੇ ਬੰਦ ਨਹੀਂ ਹੋਣ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ