ਮਾਨਸਾ- ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ 11 ਦਿਨ ਹੋ ਗਏ ਹਨ, ਪਰਿਵਾਰ ਨੇ ਅਜੇ ਤੱਕ ਪੋਸਟਮਾਰਟਮ ਅਤੇ ਸਸਕਾਰ ਕਰਨ ਤੋਂ ਨਾਂਹ ਕੀਤੀ ਹੋਈ ਹੈ। ਇਨਸਾਫ਼ ਲਈ ਚੱਲ ਰਹੇ ਧਰਨੇ ਦੌਰਾਨ ਇੱਕ ਵੱਡੀ ਸਿਆਸੀ ਅਪੀਲ ਸਾਹਮਣੇ ਆਈ ਹੈ।ਨਿਹੰਗ ਸਿੰਘ ਆਗੂ ਬਾਬਾ ਰਾਜਾ ਰਾਜ ਸਿੰਘ ਨੇ ਮਾਨਸਾ ਦੇ ਧਰਨੇ ਦੀ ਸਟੇਜ ਤੋਂ ਐਲਾਨ ਕੀਤਾ ਕਿ ਝੋਟਾ ਦੀ ਧਰਮ ਪਤਨੀ ਮਨਪ੍ਰੀਤ ਕੌਰ ਨੂੰ ਵਿਧਾਨ ਸਭਾ ਚੋਣ ਲੜਾਈ ਜਾਵੇ।
ਬਾਬਾ ਰਾਜਾ ਰਾਜ ਸਿੰਘ ਵੀਰਵਾਰ ਨੂੰ ਪ੍ਰਦਰਸ਼ਨ 'ਚ ਸ਼ਾਮਲ ਹੋਏ। ਉਨ੍ਹਾਂ ਕਿਹਾ : "ਜੇਕਰ ਝੋਟਾ ਅੱਜ ਜ਼ਿੰਦਾ ਹੁੰਦਾ ਤਾਂ ਉਹ ਉਸ ਨੂੰ ਚੋਣਾਂ ਵਿੱਚ ਖੜ੍ਹਾ ਕਰਦੇ, ਪਰ ਅਫਸੋਸ ਉਹ ਹੁਣ ਸਾਡੇ ਨਾਲ ਨਹੀਂ ਹੈ। ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੂੰ ਵਿਧਾਇਕ ਦੀ ਚੋਣ ਲੜਨੀ ਚਾਹੀਦੀ ਹੈ ਤਾਂ ਕਿ ਜਿਹੜਾ ਨਸ਼ਾ ਖ਼ਤਮ ਕਰਨ ਦਾ ਸੁਪਨਾ ਝੋਟਾ ਨੇ ਦੇਖਿਆ ਸੀ, ਉਸ ਨੂੰ ਮਨਪ੍ਰੀਤ ਕੌਰ ਪੂਰਾ ਕਰ ਸਕੇ।"
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮਨਪ੍ਰੀਤ ਕੌਰ ਸੱਤਾ ਵਿੱਚ ਆਉਂਦੀ ਹੈ, ਤਾਂ ਕਿਸੇ ਵੀ ਡੀਐਸਪੀ ਜਾਂ ਐਸਐਚਓ ਦੀ ਹਿੰਮਤ ਨਹੀਂ ਹੋਵੇਗੀ ਕਿ ਉਹ ਮਾਨਸਾ ਵਿੱਚ ਨਸ਼ਾ ਵਿਕਣ ਦੇ ਸਕੇ। ਉਹ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾ ਦੇਵੇਗੀ। ਸਾਰੀਆਂ ਪਾਰਟੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਮਨਪ੍ਰੀਤ ਕੌਰ ਨੂੰ ਸਫਲ ਬਣਾਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪਰਵਿੰਦਰ ਝੋਟਾ ਨਸ਼ਿਆਂ ਵਿਰੁੱਧ ਆਪਣੀਆਂ ਸਰਗਰਮੀਆਂ ਕਰਕੇ ਜਾਣਿਆ ਜਾਂਦਾ ਸੀ। ਉਸ ਦੇ ਕਤਲ ਮਗਰੋਂ ਪਰਿਵਾਰ, ਐਕਸ਼ਨ ਕਮੇਟੀ ਅਤੇ ਜਥੇਬੰਦੀਆਂ ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫੇ ਸਮੇਤ 10 ਮੰਗਾਂ 'ਤੇ ਅੜੀਆਂ ਹੋਈਆਂ ਹਨ।
ਦੂਜੇ ਪਾਸੇ ਪਰਿਵਾਰ ਵੱਲੋਂ ਚੋਣ ਲੜਨ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਆਇਆ। ਪਰਿਵਾਰ ਦੀ ਮੁੱਖ ਮੰਗ ਇਸ ਵੇਲੇ ਇਨਸਾਫ਼ ਹਾਸਲ ਕਰਨਾ ਹੈ। ਪੰਜਾਬ 'ਚ ਅਗਲੀਆਂ ਵਿਧਾਨ ਸਭਾ ਚੋਣਾਂ 2027 'ਚ ਹੋਣੀਆਂ ਹਨ, ਜਿਸ ਕਰਕੇ ਇਹ ਅਪੀਲ ਚਰਚਾ ਦਾ ਵਿਸ਼ਾ ਬਣ ਗਈ ਹੈ।