ਲੁਧਿਆਣਾ- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ 73ਵੇ ਸਥਾਪਨਾ ਦਿਵਸ ’ਤੇ ਅੱਜ ਪੰਜਾਬੀ ਭਵਨ, ਲੁਧਿਆਣਾ ਵਿਖੇ ਵਿਸ਼ੇਸ਼ ਸਮਾਗਮ ਆਯੋਜਤ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਵਜੋਂ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਸ਼ਾਮਲ ਹੋਏ। ਜਨਮੇਜਾ ਸਿੰਘ
ਜੌਹਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਦੇ ਆਰੰਭ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਨੂੰ
ਜੀ ਆਇਆਂ ਨੂੰ ਕਹਿੰਦਿਆਂ ਅਕਾਡਮੀ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਡਮੀ ਦੇ ਇਤਿਹਾਸ ਦੀ ਪੁਸਤਕ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਦੀ ਰਹੇਗੀ। ਪੰਜਾਬੀ ਸਾਹਿਤ ਅਕਾਡਮੀ ਦਾ ਇਤਿਹਾਸ ਸਾਡੇ ਸਾਹਮਣੇ ਨਵੀਆਂ ਚੌਣੁਤੀਆਂ ਪੈਦਾ ਕਰਦਾ ਹੈ ਜੋ ਸਾਨੂੰ ਇਸ ਸੰਸਥਾ ਲਈ ਹੋਰ ਵਧੇਰੇ ਕਾਰਜਸ਼ੀਲ ਹੋ ਕੇ ਸਮਰਪਿਤ ਹੋਣ ਦੀ ਪ੍ਰੇਰਨਾ ਦਿੰਦਾ ਹੈ। ਸਾਡੀ ਯਾਦ ਵਿਚ ਇਹ ਗੱਲ ਹਮੇਸ਼ਾਂ ਰਹੇਗੀ ਕਿ ਬਾਬਾ ਗੁਰਬਖ਼ਸ ਸਿੰਘ ਬੰਨੂਆਣਾ ਵਰਗੇ ਲੋਕਾਂ ਨੇ ਆਪਣਾ ਸਾਈਕਲ ਵੇਚ ਕੇ ਇਸ ਸੰਸਥਾ ਦੀ ਮੈਂਬਰਸ਼ਿਪ ਲਈ ਸੀ। ਉਪਰੰਤ ਪੰਜਾਬੀ ਸਾਹਿਤ ਅਕਾਡਮੀ ਦੇ ਇਤਿਹਾਸ ਦੇ ਲੇਖਕ ਤੇ ਅਕਾਡਮੀ ਦੇ ਸਕੱਤਰ, ਸਭਿਆਚਾਰਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਨੇ ਅਕਾਡਮੀ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਬਹੱਤਰ ਸਾਲ ਦੀ ਯਾਤਰਾ ਦਾ ਸੰਖੇਪ ਪਰ ਭਾਵਪੂਰਤ ਵਰਨਣ ਕੀਤਾ। ਉਨ੍ਹਾਂ ਕਿਹਾ 24 ਅਕਤੂਬਰ 1954 ਨੂੰ ਇਸ ਦੀ ਸਥਾਪਨਾ ਡਾ. ਭਾਈ ਜੋਧ ਸਿੰਘ ਅਤੇ ਡਾ. ਸ਼ੇਰ ਸਿੰਘ ਦੀ ਅਗਵਾਈ ਵਿਚ ਕੁਝ ਪ੍ਰਸਿੱਧ ਵਿਦਵਾਨਾਂ, ਸਾਹਿਤ ਹਿਤੈਸ਼ੀਆਂ ਅਤੇ ਪੰਜਾਬੀ ਪ੍ਰੇਮੀਆਂ ਵਲੋਂ ਕੀਤੀ ਗਈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਵਿਚਾਰ ਚਰਚਾ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਬਾਰੇ ਆਪਣੀਆਂ ਅਭੁੱਲ ਯਾਦਾਂ ਸਾਂਝੀਆਂ ਕੀਤੀਆਂ ਅਤੇ 1971 ਤੋਂ ਲੈ ਕੇ ਹੁਣ
ਤੱਕ ਅਕਾਡਮੀ ਦੇ ਵੱਖ-ਵੱਖ ਪੜਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਡਮੀ ਵਲੋਂ ਕੀਤੀ ਜਦੋਜਹਿਦ ਅਤੇ ਇਸ ਵਲੋਂ ਸਮੇਂ ਸਮੇਂ ’ਤੇ ਪਾਸ ਕੀਤੇ ਮਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਹੋਂਦ ਵਿਚ ਆਉਣ ਦਾ ਮੁੱਖ ਕਾਰਨ ਬਣੇ। ਉਨ੍ਹਾਂ ਕਿਹਾ ਕਿ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਵਿਸ਼ੇਸ਼ ਕਰਕੇ ਖੋਜ ਅਤੇ ਅਕਾਦਮਿਕ ਸਾਹਿੱਤ ਆਲੋਚਨਾ ਤੇ ਸਾਹਿੱਤ ਸਿਰਜਣਾ ਨੂੰ
ਪਹਿਲ ਦੇ ਆਧਾਰ ’ਤੇ ਵਿਕਸਤ ਕਰਕੇ ਇਤਿਹਾਸਕ ਯੋਗਦਾਨ ਪਾਇਆ। ਉਨ੍ਹਾਂ ਡਾ. ਪਰਮਿੰਦਰ ਸਿੰਘ, ਡਾ. ਪਿਆਰ ਸਿੰਘ, ਡਾ. ਉਜਾਗਰ ਸਿੰਘ, ਪ੍ਰੋ. ਮ ਸ ਚੀਮਾ, ਪ੍ਰਿੰਸੀਪਲ ਮਹਿੰਦਰ ਕਰਤਾਰ ਸਿੰਘ ਦੀਆ ਮੁੱਢਲੇ ਸਾਲਾਂ ਦੌਰਾਨ ਕੀਤੀਆਂ ਸੇਵਾਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਵੱਖ ਵੱਖ ਸਮੇਂ ਰਹੇ ਪ੍ਰਧਾਨ ਸਾਹਿਬਾਨ ਡਾ. ਮ ਸ ਰੰਧਾਵਾ, ਪ੍ਰੋ. ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ, ਡਾ. ਸ ਸ ਜੌਹਲ, ਅਮਰੀਕ ਸਿੰਘ ਪੂਨੀ, ਸੁਰਜੀਤ ਪਾਤਰ, ਦਲੀਪ ਕੌਰ ਟਿਵਾਣਾ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ ਤੇ ਡਾ. ਸਰਬਜੀਤ ਸਿੰਘ ਦੀਆਂ ਸੇਵਾਵਾਂ ਨੂੰ ਵਿਸ਼ੇਸ਼ ਰੂਪ ਵਿੱਚ ਯਾਦ ਕੀਤਾ। ਇਸ ਮੌਕੇ ਖਮਾਣੋ ਤੋਂ ਆਏ ਖੋਜੀ ਵਿਦਵਾਨ ਲੇਖਕ ਭਗਤ ਸਿੰਘ ਸਰੋਆ ਨੇ ਆਪਣੀਆਂ ਤਿੰਨ ਪੁਸਤਕਾਂ “ਭਾਰਤੀ ਮੂਲ ਨਿਵਾਸੀ ਕੌਣ”, “ਸੱਦਾਮ ਹੁਸੈਨ ਦੇ ਕਤਲ ਦੀ ਅਮਰੀਕਨ ਸਾਜ਼ਿਸ਼” ਤੇ “ ਖਰੀਆਂ ਖਰੀਆਂ” ਪਲ਼ੋ. ਗੁਰਭਜਨ ਗਿੱਲ ਨੂੰ ਭੇਂਟ ਕੀਤੀਆਂ।
ਸ. ਜਨਮੇਜਾ ਸਿੰਘ ਜੌਹਲ ਨੇ ਵੀ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਪਿਛਲੇ ਚਾਲੀ ਕੁ
ਸਾਲ ਤੋਂ ਪੰਜਾਬੀ ਭਵਨ ਆ ਕੇ ਮੈਨੂੰ ਖ਼ਾਸ ਸਕੂਨ ਮਿਲਦਾ ਹੈ। ਮੇਰੀਆਂ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਅਕਾਡਮੀ ਵਿਖੇ ਕਾਰਜਸ਼ੀਲ ਰਹਿੰਦਿਆਂ ਹੋਂਦ ਵਿਚ ਆਈਆਂ ਹਨ। ਜਦੋਂ ਲੋਕਤੰਤਰ ਨੂੰ ਚੁਣੌਤੀਆਂ ਦਰਪੇਸ਼ ਹੁੰਦੀਆਂ ਹਨ ਤਾਂ ਅਜਿਹੀਆਂ ਜਮਹੂਰੀ ਆਧਾਰ ਵਾਲੀਆਂ
ਸੰਸਥਾਵਾਂ ਲੋਕਤੰਤਰੀ ਪ੍ਰਬੰਧ ਦੀਆਂ ਜਾਮਨ ਬਣਦੀਆਂ ਹਨ। ਇਸ ਮੌਕੇ ਅਮਰਜੀਤ ਸ਼ੇਰਪੁਰੀ ਅਤੇ ਅਮਲੋਹ ਤੋਂ ਆਏ ਲੇਖਕ ਤੇ ਗਾਇਕ ਰਾਮ ਸਿੰਘ ਅਲਬੇਲਾ ਨੇ ਤਰੁੰਨਮ ’ਚ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ, ਕੇ. ਸਾਧੂ ਸਿੰਘ, ਪ੍ਰਭਜੋਤ ਸੋਹੀ, ਦੀਪ ਜਗਦੀਪ
ਸਿੰਘ, ਡਾ. ਜਸਵਿੰਦਰ ਧਨਾਨਸੂ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਅਸ਼ਵਨੀ ਜੇਤਲੀ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਕੰਵਲਜੀਤ ਸਿੰਘ ਸ਼ੰਕਰ, ਪ੍ਰਿੰਸੀਪਲ ਸਰੋਜ ਰਾਣੀ ਸ਼ਰਮਾ, ਸੰਧੇ ਸੁਖਬੀਰ, ਜਗਪਾਲ ਸਿੰਘ ਜੱਗਾ, ਸੋਮਨਾਥ ਭੱਟੀ, ਡਾ. ਤਰਲੋਚਨ ਸਿੰਘ, ਰਣਜੀਤ ਸਿੰਘ ਖਾਲਸਾ ਸੇਵਕ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।