ਨਵੀਂ ਦਿੱਲੀ- ਮਨਜੀਤ ਸਿੰਘ ਜੀਕੇ ਖ਼ਿਲਾਫ਼ ਦਰਜ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸਿਆਸੀ ਟਕਰਾਅ ਹੋਰ ਤਿੱਖਾ ਹੋ ਗਿਆ ਹੈ। ਕਾਲਕਾ-ਕਾਹਲੋਂ ਨੇ ਦਾਅਵਾ ਕੀਤਾ ਕਿ ਜੀਕੇ ਖ਼ਿਲਾਫ਼ ਦਰਜ ਤਿੰਨ ਮਾਮਲਿਆਂ ਵਿੱਚੋਂ ਦੋ ਵਿੱਚ 50-50 ਹਜ਼ਾਰ ਰੁਪਏ ਦੇ ਜ਼ਮਾਨਤੀ ਬਾਂਡ ਭਰੇ ਜਾ ਚੁੱਕੇ ਹਨ, ਜਦਕਿ ਅਗਲੀਆਂ ਸੁਣਵਾਈਆਂ ਵਿੱਚ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਅੱਗੇ ਵਧ ਸਕਦੀ ਹੈ। ਉਨ੍ਹਾਂ ਇੱਕ ਮਾਮਲੇ ਵਿੱਚ ਜੀਕੇ ਦੀ ਵਿਦੇਸ਼ ਯਾਤਰਾ ’ਤੇ ਪਾਬੰਦੀ ਹੋਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਮੁਤਾਬਕ, ਐੱਫਆਈਆਰ 192/2020 ਵਿੱਚ ਗੁਰੂ ਘਰ ਦੀ ਸੇਵਾ ਲਈ ਵਿਦੇਸ਼ ਤੋਂ ਭੇਜੇ ਗਏ ਲਗਭਗ ਇੱਕ ਲੱਖ ਕੈਨੇਡੀਅਨ ਡਾਲਰ ਦੀ ਕਥਿਤ ਦੁਰਵਰਤੋਂ, ਜਦਕਿ ਐੱਫਆਈਆਰ 181/2022 ਵਿੱਚ ਜੀਟੀਬੀਆਈਟੀ ਕਾਲਜ ਦੇ ਨਾਂ ’ਤੇ 10 ਲੱਖ ਰੁਪਏ ਦੀ ਕਥਿਤ ਬੇਨਿਯਮੀ ਦੇ ਦੋਸ਼ ਹਨ। ਕਾਲਕਾ-ਕਾਹਲੋਂ ਨੇ ਕਿਤਾਬਾਂ ਦੀ ਛਪਾਈ ਅਤੇ ਪਾਣੀ ਦੇ ਕਥਿਤ ਜਾਅਲੀ ਬਿੱਲਾਂ ਨਾਲ ਗੋਲਕ ਦੀ ਰਕਮ ਦੀ ਦੁਰਵਰਤੋਂ ਦੇ ਦੋਸ਼ ਵੀ ਲਗਾਏ।