ਲੰਡਨ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੰਡਨ ਸਥਿਤ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਤੇ ਕੁਝ ਸਥਾਨਕ ਸਿੱਖਾਂ ਨੇ ਸਿੰਘ ਸਾਹਿਬ ਨਾਲ ਗੁਰੂ ਘਰ ਅੰਦਰ ਸਥਿਤ ਲਾਇਬਰੇਰੀ ਵਿੱਚ ਪੰਜਾਬ ਤੋਂ ਯੂਕੇ ਪੜ੍ਹਨ ਲਈ ਆਉਣ ਵਾਲੇ ਸਿੱਖਾਂ ਤੇ ਪੰਜਾਬੀਆਂ ਖ਼ਾਸਕਰ ਸਾਡੀਆਂ ਧੀਆਂ ਨਾਲ ਸਬੰਧਤ ਕੁਝ ਅਹਿਮ ਮਾਮਲਿਆਂ ਤੇ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਵੀ ਕੀਤੀ, ਜਿਨ੍ਹਾਂ ਬਾਰੇ ਸੰਗਠਤ ਪਹੁੰਚ ਅਪਣਾ ਕੇ ਅਗਾਂਹ ਕਾਰਜ ਕਰਨ ਦੀ ਗੱਲ ਹੋਈ। ਸਿੰਘ ਸਾਹਿਬ ਨੇ ਭਰੋਸਾ ਦਿੱਤਾ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਤੇ ਕੌਮੀ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਸ ਵੀ ਸਹਿਯੋਗ ਅਤੇ ਸੇਧ ਦੀ ਲੋੜ ਹੋਵੇਗੀ ਉਹ ਦਿੱਤਾ ਜਾਵੇਗਾ।
ਇਸ ਮੌਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ਚੈਟਬੋਟਸ ਜੋ ਆਮ ਲੋਕਾਂ ਲਈ ਜਾਣਕਾਰੀ ਹਾਸਲ ਕਰਨ ਦਾ ਇੱਕ ਪ੍ਰਮੁੱਖ ਸਾਧਨ ਬਣਦੇ ਜਾ ਰਹੇ ਹਨ ਬਾਰੇ ਵਿਚਾਰ ਚਰਚਾ ਵੀ ਹੋਈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਵਾਇਤਾਂ ਬਾਰੇ ਏਆਈ ਰਾਹੀਂ ਫੈਲ ਰਹੀ ਗੁੰਮਰਾਹਕੁਨ ਜਾਣਕਾਰੀ ਅਤੇ ਪਾਵਨ ਗੁਰਬਾਣੀ ਦੇ ਨਾਮ ਹੇਠ ਮਨਘੜ੍ਹਤ ਤੁਕਾਂ ਪੇਸ਼ ਕੀਤੇ ਜਾਣ ਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਦੇਸ਼ ਦੁਨੀਆ ਦੀਆਂ ਏਆਈ ਤਕਨੀਕ ਕੰਪਨੀਆਂ ਨਾਲ ਰਾਬਤਾ ਕਰਨ ਤੇ ਸਹਿਯੋਗ ਕਰਨ ਦੀ ਵਿਚਾਰ ਅਗਾਂਹ ਵਧਾਉਣ ਦੀ ਗੱਲ ਕੀਤੀ। ਉਨ੍ਹਾਂ ਮੰਨਿਆ ਕਿ ਏਆਈ ਮਾਧਿਅਮਾਂ ਰਾਹੀਂ ਗੁਰਬਾਣੀ ਦੇ ਗਲਤ ਹਵਾਲੇ ਸਾਹਮਣੇ ਆਉਣਾ ਅਤੇ ਉਨ੍ਹਾਂ ਦਾ ਬਿਨਾਂ ਅਧਿਕਾਰ ਪ੍ਰਚਾਰ ਸਿੱਖੀ ਦੀਆਂ ਬੁਨਿਆਦੀ ਕਦਰਾਂ, ਸਿਧਾਂਤਾਂ ਤੇ ਮਰਯਾਦਾ ਨਾਲ ਜੁੜਿਆ ਗੰਭੀਰ ਮਸਲਾ ਹੈ।
ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸ. ਗੁਰਪ੍ਰੀਤ ਸਿੰਘ ਅਨੰਦ ਨੇ ਸੰਬੋਧਨ ਕਰਦਿਆਂ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸੰਤ ਤੇਜਾ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਇਸ ਗੁਰੂ ਘਰ ਦੇ ਸੰਸਥਾਪਕਾਂ ਵਿੱਚ ਸ਼ਾਮਲ ਸਨ ਅਤੇ ਬੱਬਰ ਅਕਾਲੀ ਸ਼ਹੀਦ ਭਾਈ ਊਧਮ ਸਿੰਘ ਵੀ ਇਸ ਗੁਰੂ ਘਰ ਵਿਖੇ ਆ ਕੇ ਸੇਵਾਵਾਂ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੁਰੂ ਘਰ ਯੂਰਪ ਅੰਦਰ ਸਭ ਤੋਂ ਪਹਿਲਾਂ ਸਿੰਘ ਸਭਾ ਲਹਿਰ ਦੇ ਸਮਿਆਂ ਵਿੱਚ ਸਥਾਪਿਤ ਹੋਇਆ।
ਇਸ ਮੌਕੇ ਸੰਬੋਧਨ ਕਰਦਿਆਂ ਯੂਨਾਈਟਡ ਸਿੱਖਸ ਸੰਸਥਾ ਦੇ ਸੰਚਾਰ ਅਤੇ ਪੈਰਵੀ ਡਾਇਰੈਕਟਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਏਆਈ ਸਬ-ਕਮੇਟੀ ਦੇ ਮੈਂਬਰ ਸ. ਹਰਮੀਤ ਸ਼ਾਹ ਸਿੰਘ ਨੇ ਏਆਈ ਦੀਆਂ ਗੰਭੀਰ ਸਮੱਸਿਆਵਾਂ ਬਾਰੇ ਸਿੰਘ ਸਾਹਿਬ ਤੇ ਹਾਜ਼ਰ ਸੰਗਤ ਨੂੰ ਜਾਣੂ ਕਰਵਾਇਆ।
ਸ. ਹਰਮੀਤ ਸ਼ਾਹ ਸਿੰਘ ਨੇ ਕਿਹਾ ਕਿ ਲੋਕ ਗੁਰਬਾਣੀ ਦੀਆਂ ਤੁਕਾਂ, ਅਰਥਾਂ ਅਤੇ ਹਵਾਲਿਆਂ ਲਈ ਤੇਜ਼ੀ ਨਾਲ ਚੈਟਬੋਟਸ ਉੱਤੇ ਨਿਰਭਰ ਹੋ ਰਹੇ ਹਨ। ਕਈ ਬਾਰ ਇਹ ਏਆਈ ਮਾਧਿਅਮ ਗਲਤ ਤੁਕਾਂ ਪੇਸ਼ ਕਰਦੇ ਹਨ, ਮੂਲ ਗੁਰਬਾਣੀ ਸ਼ਬਦਾਂ ਨੂੰ ਵਿਗਾੜ ਦਿੰਦੇ ਹਨ ਜਾਂ ਬਿਲਕੁਲ ਮਨਘੜ੍ਹਤ ਲਿਖਤ ਨੂੰ ਗੁਰਬਾਣੀ ਵਜੋਂ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ ਜਦੋਂ ਏਆਈ ਮਾਧਿਅਮਾਂ ਦੇ ਵਰਤੋਂਕਾਰ ਅਜਿਹੇ ਏਆਈ ਰਾਹੀਂ ਤਿਆਰ ਜਵਾਬਾਂ ਨੂੰ ਪ੍ਰਮਾਣਿਕ ਧਾਰਮਿਕ ਸਰੋਤਾਂ ਨਾਲ ਮਿਲਾਏ ਬਿਨਾਂ ਹੀ ਸੋਸ਼ਲ ਮੀਡੀਆ ਅਤੇ ਹੋਰਨਾਂ ਜਨਤਕ ਮੰਚਾਂ ਉੱਤੇ ਸਾਂਝਾ ਕਰ ਦਿੰਦੇ ਹਨ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਜੋ ਵੀ ਚੁਣੌਤੀਆਂ ਹਨ ਉਨ੍ਹਾਂ ਨਾਲ ਅਸੀਂ ਇਕਜੁੱਟਤਾ ਤੇ ਆਪਸੀ ਸਹਿਯੋਗ ਨਾਲ ਦੂਰ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਚੁਣੌਤੀਆਂ ਨਾਲ ਨਜਿੱਠਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਯੂਕੇ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਂਝੇ ਯਤਨ ਕਰਕੇ ਯੂਕੇ ਅੰਦਰ ਵਿਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਸਿੱਖ ਅਤੇ ਪੰਜਾਬੀ ਬੱਚਿਆਂ ਤੇ ਵਿਦਿਆਰਥੀਆਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਕੋਲ ਮਨੁੱਖੀ ਸ਼ਕਤੀ ਤੇ ਮਾਇਆ ਦੀ ਕੋਈ ਕਮੀ ਨਹੀਂ, ਕਮੀ ਕੇਵਲ ਇੱਛਾ ਸ਼ਕਤੀ ਅਤੇ ਇੱਕ ਦੂਜੇ ਨਾਲ ਸੰਗਠਤ ਪਹੁੰਚ ਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਜਿਹਾ ਕੇਂਦਰ ਹੈ ਜੋ ਦੁਨੀਆ ਅੰਦਰ ਸਿੱਖਾਂ ਨੂੰ ਸੰਗਠਤ ਕਰਦਾ ਹੈ, ਇਸ ਦੇ ਨਿਸ਼ਾਨ ਸਾਹਿਬ ਹੇਠ ਇਕੱਤਰਤਾ ਕਰਕੇ ਹਰ ਚੁਣੌਤੀ ਨਜਿੱਠੀ ਜਾ ਸਕਦੀ ਹੈ।
ਏਆਈ ਸਬੰਧੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਵਿਦਵਾਨਾਂ, ਤਕਨੀਕੀ ਖੇਤਰ ਵਿੱਚ ਕੰਮ ਕਰ ਰਹੇ ਗੁਰਸਿੱਖਾਂ ਅਤੇ ਇਸ ਮੁੱਦੇ ਉੱਤੇ ਸਰਗਰਮ ਸਿੱਖਾਂ ਨੂੰ ਇੱਕ ਸਾਂਝੇ ਯਤਨ ਰਾਹੀਂ ਪ੍ਰਮੁੱਖ ਏਆਈ ਕੰਪਨੀਆਂ ਨਾਲ ਸੰਪਰਕ ਕਰਨ ਅਤੇ ਇਸ ਸਮੱਸਿਆ ਦੇ ਹੱਲ ਲੱਭਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਮਸਲੇ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਇਹ ਸਿੱਖੀ ਦੀ ਬੁਨਿਆਦ - ਗੁਰਬਾਣੀ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਉੱਤੇ ਸੰਗਠਤ ਪਹੁੰਚ ਅਪਣਾ ਕੇ ਕਾਰਜ ਕਰਨ ਦੀ ਲੋੜ ਹੈ। ਇਸ ਲਈ ਜਲਦ ਹੀ ਪਲੇਟਫ਼ਾਰਮ ਮੁਹੱਈਆ ਕਰਵਾਉਣ ਲਈ ਯਤਨ ਹੋਣਗੇ ਅਤੇ ਏਆਈ ਕੰਪਨੀਆਂ ਨਾਲ ਤਾਲਮੇਲ ਵੀ ਹੋਵੇਗਾ। ਸਿੱਖਾਂ ਦੇ ਜੋ ਵੀ ਏਆਈ ਪਲੇਟਫ਼ਾਰਮ ਤੇ ਐਪਲੀਕੇਸ਼ਨਾਂ ਬਨਣਗੀਆਂ ਉਨ੍ਹਾਂ ਦੀ ਪ੍ਰਵਾਨਗੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਵੇਗੀ।
ਉਨ੍ਹਾਂ ਕਿਹਾ ਕਿ ਗੁਰਬਾਣੀ ਤੱਕ ਪਹੁੰਚ ਮੁਹੱਈਆ ਕਰਵਾਉਣ ਵਾਲੀਆਂ ਸਮਰਪਿਤ ਐਪਲੀਕੇਸ਼ਨਾਂ ਅਤੇ ਪ੍ਰਮਾਣਿਕ ਆਨਲਾਈਨ ਸਰੋਤ ਵਿਕਸਿਤ ਕਰਵਾਉਣ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਹੇਠ ਕੀਤੀਆਂ ਜਾਣਗੀਆਂ। ਕੋਸ਼ਿਸ਼ ਕੀਤੀ ਜਾਵੇਗੀ ਕਿ ਸਿੱਖਾਂ ਦੇ ਆਪਣੇ ਕੇਂਦਰੀ ਪ੍ਰਮਾਣਿਤ ਤੇ ਅਧਿਕਾਰਤ ਗੁਰਬਾਣੀ ਏਆਈ ਤੇ ਡਿਜੀਟਲ ਸਰੋਤ ਤਿਆਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਏਆਈ ਕੰਪਨੀਆਂ ਨਾਲ ਸੰਪਰਕ ਕਰਕੇ ਇਹ ਯਤਨ ਕੀਤਾ ਜਾਵੇਗਾ ਕਿ ਗਲਤ ਜਾਂ ਮਨਘੜ੍ਹਤ ਲਿਖਤਾਂ ਨੂੰ ਗੁਰਬਾਣੀ ਵਜੋਂ ਬਿਲਕੁਲ ਪੇਸ਼ ਨਾ ਕੀਤਾ ਜਾਵੇ ਅਤੇ ਜੇਕਰ ਕੋਈ ਏਆਈ ਉੱਤੇ ਗੁਰਬਾਣੀ ਬਾਰੇ ਲੱਭਦਾ ਹੈ ਤਾਂ ਸਬੰਧਤ ਨੂੰ ਕੇਂਦਰੀ ਤੌਰ ਉੱਤੇ ਅਧਿਕਾਰਤ ਅਤੇ ਪ੍ਰਮਾਣਿਤ ਸਿੱਖ ਸਰੋਤਾਂ ਤੋਂ ਹੀ ਜਾਣਕਾਰੀ ਮਿਲੇ। ਗੁਰਬਾਣੀ ਨਾਲ ਸਬੰਧਤ ਸਮੱਗਰੀ ਨੂੰ ਸੰਜੀਦਾ ਸਮੱਗਰੀ ਵਿੱਚ ਸੂਚੀਬੱਧ ਕਰਵਾਉਣ ਲਈ ਵੀ ਯਤਨ ਹੋਵੇਗਾ ਤਾਂ ਜੋ ਗਲਤ ਜਾਣਕਾਰੀ ਦੇ ਪ੍ਰਸਾਰਣ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਏਆਈ ਉੱਤੇ ਨਿਰਭਰ ਹੋਣ ਦੀ ਜਗ੍ਹਾ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ, ਸੈਂਚੀਆਂ ਅਤੇ ਸਿੱਖ ਸਾਹਿਤ ਤੋਂ ਸਿੱਖਣੀ ਤੇ ਪੜ੍ਹਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਏਆਈ ਪ੍ਰਮਾਣਿਤ ਤੇ ਅਧਿਕਾਰਤ ਸਰੋਤਾਂ ਦਾ ਬਦਲ ਨਹੀਂ ਬਣ ਸਕਦੀ, ਇਸ ਲਈ ਇਸ ਤਕਨੀਕ ਉੱਤੇ ਪੂਰੀ ਤਰ੍ਹਾਂ ਨਿਰਭਰ ਹੋਣਾ ਵਾਜਬ ਨਹੀਂ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ. ਗੁਰਪ੍ਰੀਤ ਸਿੰਘ ਅਨੰਦ ਤੇ ਮੀਤ ਪ੍ਰਧਾਨ ਬੀਬੀ ਗੁਰਵਿੰਦਰ ਕੌਰ ਰੰਧਾਵਾ ਨੇ ਜਥੇਦਾਰ ਗੜਗੱਜ ਨੂੰ ਸਿਰੋਪਾਓ, ਗੁਰੂ ਘਰ ਦੇ ਇਤਿਹਾਸ ਨਾਲ ਸਬੰਧਤ ਪੁਸਤਕ ਅਤੇ ਇੱਕ ਯਾਦਗਾਰੀ ਸਿੱਕਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਥੇਦਾਰ ਭਾਈ ਗਜੇਂਦਰ ਸਿੰਘ, ਸ. ਸੁਖਦੀਪ ਸਿੰਘ ਰੰਧਾਵਾ, ਸ. ਅਮਨਦੀਪ ਸਿੰਘ, ਸ. ਅਮਰਜੀਤ ਸਿੰਘ, ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਅਤੇ ਸੰਗਤ ਹਾਜ਼ਰ ਸਨ।