ਨਵੀਂ ਦਿੱਲੀ - ਪੱਛਮੀ ਵਿਹਾਰ ਸਥਿਤ ਮੇਪਲ ਗੋਲਡ ਬੈਂਕੁਏਟ ਵਿਖੇ ਗਲੋਬਲ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਭਵਿਆ ਦੀਕਸ਼ਾਂਤ ਸਮਾਗਮ ਦੌਰਾਨ ਸਮਾਜ ਸੇਵਾ, ਸਿੱਖਿਆ, ਸੁੰਦਰਤਾ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸੈਡਰਬਰੂਕ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀਆਂ ਉਪਾਧੀਆਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਅਤੇ ਸੋਸ਼ਲ ਐਕਟੀਵਿਸਟ ਪਰਮਜੀਤ ਸਿੰਘ ਪੰਮਾ, ਕਾਸਮੈਟੋਲੋਜਿਸਟ ਡਾ. ਵਿਓਮਾ ਮਿਨੋਚਾ ਅਤੇ ਬੇਸਿਕ ਐਜੂਕੇਸ਼ਨ ਮੂਵਮੈਂਟ ਆਫ ਇੰਡੀਆ ਦੇ ਨੈਸ਼ਨਲ ਪ੍ਰਧਾਨ ਡਾ. ਰਾਜੇਸ਼ ਕੁਮਾਰ ਸਮੇਤ ਕਈ ਪਤਵੰਤੇ ਹਾਜ਼ਰ ਰਹੇ। ਦੀਪ ਪ੍ਰਜਵਲਨ ਅਤੇ ਰਾਸ਼ਟਰਗਾਨ ਨਾਲ ਸ਼ੁਰੂ ਹੋਏ ਇਸ ਸਮਾਗਮ ਦੌਰਾਨ ਬੋਲਦਿਆਂ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਪ੍ਰਤਿਭਾਵਾਂ ਅਤੇ ਸਮਾਜ ਲਈ ਨਿਸ਼ਕਾਮ ਸੇਵਾ ਕਰਨ ਵਾਲੇ ਲੋਕਾਂ ਦਾ ਸਨਮਾਨ ਕਰਨਾ ਸਮਾਜ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਨਾ ਸਿਰਫ਼ ਸਨਮਾਨਿਤ ਸ਼ਖ਼ਸੀਅਤਾਂ ਦਾ ਹੌਸਲਾ ਵਧਾਉਂਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਸਿੱਖਿਆ, ਸੇਵਾ ਅਤੇ ਸਮਾਜਕ ਭਲਾਈ ਦੇ ਖੇਤਰ ਵਿੱਚ ਬਿਹਤਰ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਨ। ਪੰਮਾ ਨੇ ਗਲੋਬਲ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਚੰਗੇ ਕੰਮ ਕਰਨ ਵਾਲੀਆਂ ਪ੍ਰਤਿਭਾਵਾਂ ਨੂੰ ਮੰਚ ਅਤੇ ਬਣਦਾ ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਡਾਕਟਰੇਟ ਪ੍ਰਾਪਤ ਕਰਨ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।