ਚੰਡੀਗੜ੍ਹ- ਕਾਂਗਰਸ ਪਾਰਟੀ ਵਲੋਂ ਸੰਗਰੂਰ ਵਿਖੇ ਰੱਖੀ ਰਾਹੁਲ ਗਾਂਧੀ ਦੀ ਰੈਲੀ ਉਪਰ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ਨੂੰ 1984 ਸਿੱਖ ਕਤਲੇਆਮ ਉਪਰ ਘੇਰਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਅੱਜ ਸੰਗਰੂਰ ਵਿਖੇ ਇਨਸਾਫ਼ ਰੈਲੀਆਂ ਕਰ ਰਹੀ ਹੈ, ਪਰ ਕਾਂਗਰਸ ਤੇ ਰਾਹੁਲ ਗਾਂਧੀ ਸਿੱਖ ਕਤਲੇਆਮ ਦੇ ਇਨਸਾਫ਼ ਉਪਰ ਚੁੱਪ ਕਿਉਂ ਹਨ। ਕਤਲੇਆਮ ਦੇ 42 ਸਾਲ ਬਾਅਦ ਵੀ ਕਾਂਗਰਸ ਦੋਸ਼ੀਆਂ ਨੂੰ ਸ਼ਹਿ ਦਿੰਦੀ ਆਈ ਹੈ।
ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਸ਼ਹਿਰਾਂ 'ਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਰਾਹੁਲ ਗਾਂਧੀ ਦੱਸਣ ਕਿ 1984 ਦੇ ਸਿੱਖ ਕਤਲੇਆਮ ਦੀ ਸਾਜ਼ਿਸ਼ ਵਿੱਚ ਕਥਿਤ ਤੌਰ ’ਤੇ ਸ਼ਾਮਲ ਕਾਂਗਰਸੀ ਆਗੂਆਂ ਨੂੰ ਪਾਰਟੀ ਵੱਲੋਂ ਸਰਪ੍ਰਸਤੀ ਕਿਉਂ ਦਿੱਤੀ ਜਾਂਦੀ ਰਹੀ? ਕੀ ਉਹ ਪੰਜਾਬ ਦੇ ਲੋਕਾਂ ਸਾਹਮਣੇ ਇਹ ਸਪੱਸ਼ਟ ਕਰਨਗੇ ਕਿ ਅਜਿਹੇ ਆਗੂਆਂ ਵਿਰੁੱਧ ਸਮੇਂ ਸਿਰ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਲੰਮੇ ਸਮੇਂ ਤੱਕ ਦੇਸ਼ ਦੀ ਸੱਤਾ ਵਿੱਚ ਰਹੀ, ਪਰ 1984 ਦੇ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਪੂਰਾ ਇਨਸਾਫ਼ ਦਿਵਾਉਣ ਵਿੱਚ ਨਾਕਾਮ ਕਿਉਂ ਰਹੀ? ਹਜ਼ਾਰਾਂ ਪਰਿਵਾਰਾਂ ਨੂੰ ਦਹਾਕਿਆਂ ਤੱਕ ਇਨਸਾਫ਼ ਲਈ ਦਰ-ਦਰ ਭਟਕਣਾ ਕਿਉਂ ਪਿਆ?
ਕੇਵਲ ਸਿੰਘ ਢਿੱਲੋਂ ਨੇ ਰਾਹੁਲ ਗਾਂਧੀ ਨੂੰ ਸਿੱਧਾ ਸਵਾਲ ਕੀਤਾ ਕਿ ਕੀ ਉਹ 1984 ਦੇ ਸਿੱਖ ਕਤਲੇਆਮ ਲਈ ਆਪਣੇ ਪਰਿਵਾਰ ਅਤੇ ਆਪਣੀ ਪਾਰਟੀ ਦੀ ਇਤਿਹਾਸਕ ਅਤੇ ਨੈਤਿਕ ਜਵਾਬਦੇਹੀ ਸਵੀਕਾਰ ਕਰਦਿਆਂ ਪੰਜਾਬ ਅਤੇ ਦੇਸ਼ ਦੇ ਸਿੱਖਾਂ ਤੋਂ ਮੁਆਫ਼ੀ ਮੰਗਣਗੇ?
ਢਿੱਲੋਂ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ 42 ਸਾਲ ਪਹਿਲਾਂ ਜ਼ਖ਼ਮ ਦਿੱਤੇ ਹਨ ਅਤੇ ਇੱਕ ਨਵੰਬਰ ਨੂੰ ਉਹਨਾਂ ਨੂੰ ਜ਼ਖਮਾਂ ਉਚੇੜਨ ਦਾ ਕੰਮ ਵੀ ਕਾਂਗਰਸ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸਿਰਫ਼ ਚੋਣ ਪ੍ਰਚਾਰ ਕਰਨ ਲਈ ਨਹੀਂ, ਸਗੋਂ ਇਤਿਹਾਸ ਦੇ ਦਰਦਨਾਕ ਸਵਾਲਾਂ ਦਾ ਜਵਾਬ ਦੇਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕਰਨ ਲਈ ਵੀ ਹੈ। ਰਾਹੁਲ ਗਾਂਧੀ ਨੂੰ ਸੰਗਰੂਰ ਰੈਲੀ ਵਿੱਚ ਇਨ੍ਹਾਂ ਸਵਾਲਾਂ ਤੋਂ ਬਚਣ ਦੀ ਬਜਾਏ ਪੰਜਾਬੀਆਂ ਨੂੰ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ।