ਚੰਡੀਗੜ੍ਹ- ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਾਪਰਿਆ ਘਟਨਾਕ੍ਰਮ ਪੰਥ ਦੀਆਂ ਭਾਵਨਾਵਾਂ ਦੀ ਸਹੀ ਨੁਮਾਇੰਦਗੀ ਕਰਦਾ ਹੈ। ਜਿੱਥੇ ਪੰਜ ਸਿੰਘ ਸਾਹਿਬਾਨ ਦੇ ਪੰਚਾਇਤੀ ਫੈਸਲੇ ਵਿੱਚ ਪੰਥ ਦੀ ਨੁਮਾਇੰਦਾ ਜਮਾਤ ਨੂੰ ਪੁਨਰ-ਸੁਰਜੀਤ ਕਰਨ ਦੇ ਆਦੇਸ਼ ਹੋਏ ਸਨ। ਕਿਉਂਕਿ ਪੁਰਾਣੀ ਲੀਡਰਸ਼ਿਪ ਸਤ੍ਹਾ ਦੇ ਲਾਲਚ ਵਿੱਚ ਭ੍ਰਿਸ਼ਟ ਹੋਣ ਕਾਰਨ ਆਪਣੇ ਕੀਤੇ ਗੁਨਾਹ ਕਬੂਲ ਕਰਕੇ ਪੰਥ ਦੀ ਨੁਮਾਇੰਦਗੀ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਸੀ। ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਪੱਸ਼ਟ ਆਦੇਸ਼ ਆਇਆ ਸੀ ਕਿ ਦੁਬਾਰਾ ਵਰਕਰ ਭਰਤੀ ਕਰਕੇ ਨਵੀਂ ਲੀਡਰਸ਼ਿਪ ਨੂੰ ਉਭਾਰਿਆ ਜਾਵੇ। 11 ਅਗਸਤ 2025 ਨੂੰ ਉਹਨਾਂ ਆਦੇਸ਼ਾਂ ਦੀ ਰੌਸ਼ਨੀ ਵਿੱਚ ਹੀ ਖੇਤਰੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ-ਸੁਰਜੀਤੀਕਰਨ ਹੋਇਆ ਸੀ। ਉਸ ਵੇਲੇ ਦੇ ਜਰਨਲ ਇਜਲਾਸ ਵਿੱਚ ਨਵੀਂ ਲੀਡਰਸ਼ਿਪ ਨੂੰ ਉਭਾਰਿਆ ਗਿਆ ਸੀ ਜਿਸ ਵਿੱਚ ਸ਼ਾਮਲ ਰਹੇ ਆਗੂ ਉਸ ਸਾਰੇ ਘਟਨਾਕ੍ਰਮ ਨਾਲ ਪੂਰੀ ਤਰਾਂ ਸਹਿਮਤ ਸਨ। ਇਹਨਾਂ ਗੱਲਾਂ ਦਾ ਪਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਿਧਾਂਤ 'ਤੇ ਖੜਾ ਹੈ ਜਿਸ ਅਨੁਸਾਰ ਇਸਦਾ ਪੁਨਰ-ਸੁਰਜੀਤੀਕਰਨ ਕੀਤਾ ਗਿਆ ਸੀ। ਸਮਾਂ ਬੀਤਣ ਨਾਲ ਮੀਰੀ ਪੀਰੀ ਦੇ ਤਖਤ ਤੋਂ ਹੋਏ ਹੁਕਮਨਾਮਿਆ ਦਾ ਅਸਰ ਘੱਟ ਨਹੀਂ ਹੁੰਦਾ ਕਿ ਸੁਣਨ ਵਾਲੇ ਆਪਣੀਆਂ ਮਰਜੀਆਂ ਕਰਨ ਲੱਗ ਜਾਣ ਜਾਂ ਸਾਹਮਣੇ ਵੱਡਾ ਇਕੱਠ ਵੇਖ ਕੇ ਸਿੰਘ ਸਹਿਬਾਨ ਅੱਗੇ ਮੰਨੇ ਗੁਨਾਹਾਂ ਤੋਂ ਹੀ ਮੁਕਰ ਜਾਣ ਅਤੇ ਲਾਈ ਗਈ ਧਾਰਮਿਕ ਸਜਾ ਨੂੰ ਆਪਣੇ ਕਤਲ ਦੀ ਸਾਜਿਸ਼ ਦੱਸਣ ਲੱਗ ਪੈਣ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਵਿੱਚ ਸ਼ਾਮਲ ਰਹੇ ਲੋਕਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਖੁਦ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਗਏ ਸਨ। ਜਿੱਥੇ ਉਹਨਾਂ ਵੱਲੋਂ ਸਤ੍ਹਾਸੀਣ ਸਮੇਂ ਨਿਜੀ ਲਾਲਸਾਵਾਂ ਤਹਿਤ ਹੋਏ ਗੁਨਾਹਾਂ ਵਿੱਚ ਸ਼ਮੂਲੀਅਤ ਜਾਂ ਚੁਪ ਰਹਿਣ ਦਾ ਗੁਨਾਹ ਲਿਖਤ ਰੂਪ ਵਿੱਚ ਕਬੂਲ ਕੀਤਾ ਸੀ। ਉਹਨਾਂ ਦੇ ਇਸ ਕਬੂਲਨਾਮੇ 'ਤੇ ਕਾਰਵਾਈ ਕਰਨ ਬਦਲੇ ਹੀ ਤਿੰਨ ਸਿੰਘ ਸਹਿਬਾਨ ਨੂੰ ਆਪਣੇ ਅਹੁਦਿਆਂ ਤੋਂ ਜਲੀਲ ਕਰਕੇ ਵੱਖ ਕੀਤਾ ਗਿਆ। ਉਹਨਾਂ ਨੇ ਕਿਹਾ ਮੈਂ ਜਾਣਦਾ ਹਾਂ ਜਿਹੜੇ ਸ੍ਰੀ ਅਕਾਲ ਤਖਤ ਦੇ ਆਦੇਸ਼ ਨਾਲ ਖੜ੍ਹਨ ਦਿ ਬਜਾਏ ਨਿਜੀ ਹਿੱਤਾਂ ਖਾਤਰ ਵੱਖ-ਵੱਖ ਚੁੱਲ੍ਹਿਆਂ ਵੱਲ ਝਾਕ ਰੱਖਦੇ ਰਹੇ, ਉਹ ਤਿੰਨ ਸਿੰਘ ਸਾਹਿਬਾਨ ਵੱਲੋਂ ਸਿਧਾਂਤ ਨਾਲ ਖੜ੍ਹੇ ਰਹਿਣ ਬਦਲੇ ਦਿੱਤੀ ਕੁਰਬਾਨੀ ਦੀ ਕੀ ਕਦਰ ਕਰਨਗੇ?
ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਇਸ ਪਾਰਟੀ ਦਾ ਆਗਾਜ਼ ਕੀਤਾ ਗਿਆ ਸੀ ਤੇ ਉਸ ਵੇਲੇ ਅਰਦਾਸ ਵਿੱਚ ਸ਼ਾਮਲ ਨੇਤਾਵਾਂ ਨੇ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਅਹਿਦ ਲਿਆ ਸੀ। ਅਰਦਾਸ ਰਾਹੀਂ ਇਸ ਪਾਰਟੀ ਨੂੰ ਮਜਬੂਤ ਕਰਨ ਲਈ ਗੁਰੂ ਅੱਗੇ ਪ੍ਰਗਟਾਈ ਵਚਨਬੱਧਤਾ ਤੋਂ ਅੱਜ ਸੱਤਾ ਦੇ ਲਾਲਚ ਵਿੱਚ ਮੁਨਕਰ ਹੋਣ ਵਾਲੇ ਨੇਤਾ ਨੂੰ ਇਸ ਦੁਨੀਆਂ ਵਿੱਚ ਵੀ ਜਵਾਬ ਦੇਹ ਹੋਣਾ ਪਵੇਗਾ ਤੇ ਗੁਰੂ ਅੱਗੇ ਵੀ ਇਹ ਲੋਕ ਜਵਾਬ ਦੇਹ ਹੋਣਗੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜੇ ਕਿਸੇ ਇਕ ਵਿਅਕਤੀ ਜਾਂ ਧੜੇ ਦੀ ਗੁਲਾਮੀ ਕਬੂਲਣ ਨੂੰ ਪੰਥਕ ਏਕਤਾ ਨਹੀਂ ਕਿਹਾ ਜਾ ਸਕਦਾ। ਪੰਥ ਦੀ ਏਕਤਾ ਹਮੇਸ਼ਾਂ ਗੁਰੂ ਦੇ ਹੁਕਮ ਵਿੱਚ ਰਹਿਣ ਨਾਲ ਬਣੀ ਰਹਿਣੀ ਹੈ। ਕਿਸੇ ਚੋਣ ਨੂੰ ਮੁੱਖ ਰੱਖ ਕੇ ਬਣਾਈ ਸਾਂਝ ਕਦੇ ਵੀ ਕੌਮੀ ਏਕਤਾ ਨਹੀਂ ਹੋ ਸਕਦੀ। ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦੇ ਅਖੀਰ ਵਿੱਚ ਪੁਨਰ ਸੁਰਜੀਤ ਹੋਏ ਅਕਾਲੀ ਦਲ ਦੇ ਬਹਾਦਰ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਕੌਮ ਸਦਾ ਚਿਰੰਜੀਵੀ ਹੈ ਜਿਸਨੇ ਚੋਣਾਂ ਤੋਂ ਬਾਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਗਿਆ ਵਿੱਚ ਮੌਜੂਦ ਰਹਿਣਾ ਹੈ। ਪਰ ਸਤ੍ਹਾ ਦੇ ਲਾਲਚ ਵਿਚ ਸਾਂਝਾਂ ਬਣਾਉਣ ਵਾਲੇ ਹਾਰਨ ਤੋਂ ਬਾਅਦ ਇਕ ਦੂਜੇ ਦੇ ਹੋਰ ਵੀ ਵੱਡੇ ਦੁਸ਼ਮਣ ਬਣ ਜਾਣਗੇ। ਇਸ ਲਈ ਸਿਧਾਂਤ ਅਤੇ ਸਿੱਖੀ ਅਸੂਲਾਂ ਨਾਲ ਡਟੇ ਰਹੋ। ਪੰਥ ਆਪਣੀਆਂ ਮਹਾਨ ਪ੍ਰੰਪਰਾਵਾਂ ਨਾਲ ਹੀ ਜਿਉਂਦਾ ਹੈ। ਦਫ਼ਤਰ ਸਕਤਰ ਜਗਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਅੱਜ ਦੀ ਇਹ ਮੀਟਿੰਗ ਜਰੂਰੀ ਹੋਣ ਕਾਰਨ ਵਰਚੂਅਲ ਮੀਟਿੰਗ ਕੀਤੀ ਗਈ ਸੀ ।ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ, ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ, ਸੀਨੀਅਰ ਮੀਤ ਪ੍ਰਧਾਨ ਸ ਸੁੱਚਾ ਸਿੰਘ ਛੋਟੇਪੁਰ, ਸ ਪਰਮਿੰਦਰ ਸਿੰਘ ਢੀਂਡਸਾ, ਸ ਗੋਬਿੰਦ ਸਿੰਘ ਲੌਂਗੋਵਾਲ, ਸ ਸਰਵਣ ਸਿੰਘ ਫਿਲੌਰ, ਕਰਨੈਲ ਸਿੰਘ ਪੀਰ ਮੁਹੰਮਦ , ਭੁਪਿੰਦਰ ਸਿੰਘ ਸੇਖੂਪੁਰ , ਸ ਹਰਵੇਲ ਸਿੰਘ ਮਾਧੋਪੁਰ, ਸ ਭਰਪੂਰ ਸਿੰਘ ਧਾਂਦਰਾ, ਸ ਹਰਬੰਸ ਸਿੰਘ ਕੰਧੋਲਾ, ਸ ਜਗਜੀਤ ਸਿੰਘ ਕੋਹਲੀ, ਸ ਅਜੇਪਾਲ ਸਿੰਘ ਮੀਰਾਂਕੋਟ, ਜਸਟਿਸ ਨਿਰਮਲ ਸਿੰਘ, ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਹਰਜੀਤ ਕੌਰ ਤਲਵੰਡੀ, ਮਹਿੰਦਰਪਾਲ ਸਿੰਘ ਬਿਨਾਕਾ, ਭਾਈ ਮਨਜੀਤ ਸਿੰਘ, ਸ ਦਵਿੰਦਰ ਸਿੰਘ ਸੋਢੀ ਅਤੇ ਸ ਕਰਨੈਲ ਸਿੰਘ ਪੀਰਮੁਹੰਮਦ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤੀ ਗਈ।