ਨਵੀਂ ਦਿੱਲੀ-13 ਆਸਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਇੰਦਰਜੀਤ ਸਿੰਘ ਵਿਕਾਸਪੁਰੀ ਨੇ ਬੇਹੱਦ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਾਧ ਸੰਗਤ ਨੂੰ ਅਪੀਲ ਕੀਤੀ ਹੈ ਕਿ ਗੁਰੂ ਮਰਿਆਦਾ ਅਤੇ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਕਰਨ ਵਾਲੇ ਕੀਰਤਨੀ ਜਥਿਆਂ ਨੂੰ ਗੁਰੂ ਘਰਾਂ ਵਿੱਚ ਕੀਰਤਨ ਕਰਨ ਲਈ ਸੱਦਾ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗੁਰਬਾਣੀ ਕੀਰਤਨ ਸਿੱਖ ਧਰਮ ਦੀ ਪਵਿੱਤਰ ਪਰੰਪਰਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਕਰਨਾ ਵੱਡੀ ਸੇਵਾ ਹੈ, ਪਰ ਅੱਜਕੱਲ੍ਹ ਕੁਝ ਅਜਿਹੇ ਵਰਤਾਰੇ ਸਾਹਮਣੇ ਆ ਰਹੇ ਹਨ ਜੋ ਗੁਰੂ ਘਰ ਦੀ ਮਰਿਆਦਾ ਦੇ ਅਨੁਕੂਲ ਨਹੀਂ ਹਨ।

ਕਦੇ ਕੀਰਤਨ ਦੌਰਾਨ ਪਾਣੀ ਪੀਣ ਅਤੇ ਕਦੇ ਪਹਿਲਾਂ ਤੋਂ ਕੀਰਤਨ ਕਰ ਰਹੇ ਜਥੇ ਨੂੰ ਸਟੇਜ ਛੱਡਣ ਲਈ ਕਹਿਣ ਵਰਗੀਆਂ ਘਟਨਾਵਾਂ ਸੰਗਤ ਦੇ ਮਨਾਂ ਵਿੱਚ ਸਵਾਲ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਆਉਣ ਵਾਲੇ ਕੀਰਤਨੀ ਜਥੇ ਨੂੰ ਪਹਿਲੇ ਜਥੇ ਦੀ ਥਾਂ ਲੈਣ ਦੀ ਬਜਾਏ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਸਰਵਣ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਫ਼ਿਲਮੀ ਧੁਨਾਂ ਦੀ ਤਰਜ਼ ’ਤੇ ਕੀਰਤਨ ਕਰਨਾ ਵੀ ਗੁਰਮਤਿ ਪਰੰਪਰਾ ਦੇ ਅਨੁਕੂਲ ਨਹੀਂ ਹੈ। ਇੰਦਰਜੀਤ ਸਿੰਘ ਵਿਕਾਸਪੁਰੀ ਨੇ ਕਿਹਾ ਕਿ ਕੀਰਤਨ ਸਿਰਫ਼ ਸੁਰਾਂ ਅਤੇ ਸਾਜ਼ਾਂ ਦਾ ਪ੍ਰਦਰਸ਼ਨ ਨਹੀਂ, ਸਗੋਂ ਗੁਰੂ ਸਾਹਿਬ ਦੀ ਬਾਣੀ ਪ੍ਰਤੀ ਸ਼ਰਧਾ, ਨਿਮਰਤਾ ਅਤੇ ਸਮਰਪਣ ਦਾ ਪ੍ਰਗਟਾਵਾ ਹੈ। ਉਨ੍ਹਾਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕੀਰਤਨੀ ਜਥੇ ਨੂੰ ਸੱਦਾ ਦੇਣ ਤੋਂ ਪਹਿਲਾਂ ਉਸ ਦੇ ਆਚਰਨ ਅਤੇ ਗੁਰਮਤਿ ਮਰਿਆਦਾ ਪ੍ਰਤੀ ਸਮਝ ਦੀ ਜਾਂਚ ਜ਼ਰੂਰ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਅਪੀਲ ਦਾ ਮਕਸਦ ਕਿਸੇ ਵਿਅਕਤੀ ਦਾ ਅਪਮਾਨ ਜਾਂ ਨਿੱਜੀ ਵਿਰੋਧ ਕਰਨਾ ਨਹੀਂ, ਸਗੋਂ ਗੁਰੂ ਘਰ ਦੀ ਪਵਿੱਤਰ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਦੀ ਰਾਖੀ ਕਰਨਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਮਰਿਆਦਾ ਸਭ ਤੋਂ ਉੱਪਰ ਹੈ ਅਤੇ ਇਸ ਦੀ ਉਲੰਘਣਾ ਹੋਣ ’ਤੇ ਸੰਗਤ ਦਾ ਫਰਜ਼ ਬਣਦਾ ਹੈ ਕਿ ਗੁਰਮਤਿ ਅਨੁਸਾਰ ਸਹੀ ਦਿਸ਼ਾ ਦਿਖਾਈ ਜਾਵੇ।