ਅੰਮ੍ਰਿਤਸਰ- ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਮੀਡੀਏ ਨੂੰ ਮਹੱਲੇ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਅਤੇ ਮਹੱਲੇ ਸਮੇਂ ਪੁੱਜੀਆਂ ਸੰਗਤਾਂ, ਸੰਤ ਮਹਾਪੁਰਸ਼ਾਂ ਤੇ ਨਿਹੰਗ ਸਿੰਘ ਦਲਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਆਪਣੀ ਉਮਰ ਦਾ ਬੇਤਰੀਨ ਹਿੱਸਾ ਜੇਲਾਂ ਅੰਦਰ ਬਤੀਤ ਕਰਨ ਵਾਲੇ ਸਿੱਖ ਬੰਦੀਆਂ ਨੂੰ ਅਦਾਲਤਾਂ ਕਨੂੰਨੀ ਨਜ਼ਰ ‘ਚ ਬਰੀ ਕਰ ਚੁੱਕੀਆਂ ਹਨ। ਉਹ ਆਪਣੀ ਸਜਾ ਦਾ ਦੁਹਰਾ ਸਮਾਂ ਜੇਲ੍ਹ ਅੰਦਰ ਬਤਾ ਚੁਕੇ ਹਨ ਫਿਰ ਵੀ ਉਨ੍ਹਾਂ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਦੇਰੀ ਹੋਣੀ ਇਨਸਾਫ ਨਾਲ ਕੋਰਾ ਮਜਾਕ ਤੇ ਕਨੂੰਨ ਨੂੰ ਅਗੂੰਠਾ ਦਿਖਾਉਣ ਵਾਲੀ ਗੱਲ ਹੈ।
ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਵਲੋਂ ਜਾਰੀ ਇਕ ਲਿਖਤੀ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕਾਨੂੰਨੀ ਜ਼ਾਬਤੇ ਵਿੱਚ ਰਹਿ ਕੇ ਆਪਣੀਆਂ ਸਜਾਵਾਂ ਭੁਗਤ ਚੁਕੇ ਸਿੰਘਾਂ ਨੂੰ ਨਜਾਇਜ਼ ਤੌਰ ਤੇ ਜੇਲਾਂ ਵਿੱਚ ਡੱਕਿਆ ਹੋਇਆ ਦੀ ਰਿਹਾਈ ਲਾਜਮੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨਾ ਚਾਹੀਦਾ ਹੈ। ਜਿਸ ਕਨੂੰਨ ਦੇ ਸਹਾਰੇ ਸਮੁੱਚਾ ਦੇਸ ਚੱਲ ਰਿਹਾ ਹੈ, ਉਸ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਕਿਉਂ ਬੰਨੀ ਜਾ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਜਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਆਪਣਾ ਪੱਖ ਤੇ ਦਬਾਅ ਪੈਦਾ ਕਰੇ ਤੇ ਇਨ੍ਹਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਵਾਏ।