ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਉਣ ਵਾਲੇ ਪਵਿੱਤਰ ਤਿਉਹਾਰ ਛੱਠ ਪੂਜਾ ਲਈ ਸੂਬੇ ਭਰ ਵਿੱਚ ਸ਼ਨਾਖਤ ਕੀਤੇ ਗਏ ਸਾਰੇ 104 ਸਥਾਨਾਂ 'ਤੇ ਵਿਆਪਕ ਅਤੇ ਪੁਖ਼ਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਸ਼ਰਧਾਲੂ ਦੀ ਸੁਰੱਖਿਆ ਅਤੇ ਸਹੂਲਤ ਸਰਕਾਰ ਦੀ ਸਭ ਤੋਂ ਪਹਿਲੀ ਪ੍ਰਮੁੱਖਤਾ ਰਹੇਗੀ।
ਸੀਨੀਅਰ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਅਤੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸ਼ਰਧਾਲੂ ਪੂਰੀ ਧਾਰਮਿਕ ਸ਼ਰਧਾ, ਉਤਸ਼ਾਹ ਅਤੇ ਅਮਨ-ਸ਼ਾਂਤੀ ਨਾਲ ਤਿਉਹਾਰ ਮਨਾਉਣ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਛੱਠ ਪੂਜਾ ਅਥਾਹ ਸ਼ਰਧਾ, ਭਗਤੀ ਅਤੇ ਸੱਭਿਆਚਾਰਕ ਮਹੱਤਤਾ ਦਾ ਅਹਿਮ ਮੌਕਾ ਹੈ। ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸ਼ਰਧਾਲੂ ਇਸ ਪਵਿੱਤਰ ਤਿਉਹਾਰ ਨੂੰ ਪੂਰੀ ਧਾਰਮਿਕ ਸ਼ਰਧਾ, ਉਤਸ਼ਾਹ ਅਤੇ ਸ਼ਾਂਤੀ ਨਾਲ ਮਨਾ ਸਕਣ। ਹਰ ਸ਼ਰਧਾਲੂ ਦੀ ਸੁਰੱਖਿਆ ਅਤੇ ਸਹੂਲਤ ਸਾਡੀ ਸਭ ਤੋਂ ਪਹਿਲੀ ਪ੍ਰਮੁੱਖਤਾ ਹੈ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਹੋਵੇ।”
ਮੁੱਖ ਮੰਤਰੀ ਨੇ ਦੱਸਿਆ, “ਪੰਜਾਬ ਭਰ ਵਿੱਚ 104 ਸਥਾਨਾਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਛੱਠ ਪੂਜਾ ਮਨਾਈ ਜਾਵੇਗੀ। ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ, ਸ਼ਰਧਾਲੂਆਂ, ਵਿਸ਼ੇਸ਼ ਤੌਰ 'ਤੇ ਔਰਤਾਂ ਅਤੇ ਬਜ਼ੁਰਗਾਂ ਨੂੰ ਸੁਵਿਧਾਜਨਕ ਮਾਹੌਲ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਣੀ ਚਾਹੀਦੀ ਜੋ ਅਥਾਹ ਸ਼ਰਧਾ ਅਤੇ ਭਗਤੀ ਨਾਲ ਇਹ ਰੀਤੀ-ਰਿਵਾਜ ਨਿਭਾਉਂਦੇ ਹਨ।”
ਪ੍ਰਸ਼ਾਸਨ ਨੂੰ ਸਾਰੇ ਪ੍ਰਵਾਨਿਤ ਸਥਾਨਾਂ 'ਤੇ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਜਿੱਥੇ ਵੀ ਲੋੜ ਹੋਵੇ, ਨਿਰਧਾਰਤ ਜਲ ਸਰੋਤਾਂ ਵਿੱਚ ਤਾਜ਼ਾ ਪਾਣੀ ਪਾਇਆ ਜਾਵੇ। ਵੱਡੇ ਸ਼ਹਿਰਾਂ ਵਿੱਚ ਢੁਕਵੇਂ ਘਾਟ ਬਣਾ ਕੇ ਵਿਕਸਤ ਕੀਤੇ ਜਾਣ ਤਾਂ ਜੋ ਸ਼ਰਧਾਲੂ ਆਪਣੀਆਂ ਧਾਰਮਿਕ ਰਸਮਾਂ ਸੁਰੱਖਿਅਤ ਤੇ ਸੁਖਾਲੇ ਢੰਗ ਨਾਲ ਨਿਭਾ ਸਕਣ। ਸਾਰੇ ਸ਼ਨਾਖਤ ਕੀਤੇ ਗਏ ਸਥਾਨਾਂ 'ਤੇ ਸਫ਼ਾਈ ਦੀਆਂ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ, ਜਿੱਥੇ ਰੌਸ਼ਨੀ ਅਤੇ ਹੋਰ ਸੁਚੱਜਾ ਪ੍ਰਬੰਧ ਹੋਵੇ।”
ਉਨ੍ਹਾਂ ਅੱਗੇ ਕਿਹਾ, “ਅਧਿਕਾਰੀਆਂ ਅਤੇ ਹੋਰ ਅਮਲੇ ਦੀਆਂ ਡਿਊਟੀਆਂ ਸਮੇਂ ਸਿਰ ਲਾਈਆਂ ਜਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿੱਚ ਜ਼ਿੰਮੇਵਾਰੀਆਂ ਅਤੇ ਜਵਾਬਦੇਹੀ ਸਪੱਸ਼ਟ ਤੌਰ 'ਤੇ ਤੈਅ ਹੋਵੇ। ਤਿਉਹਾਰ ਨੂੰ ਸੁਚਾਰੂ ਅਤੇ ਬਿਨਾਂ ਕਿਸੇ ਦਿੱਕਤ ਦੇ ਨੇਪਰੇ ਚਾੜ੍ਹਨ ਲਈ ਹਰੇਕ ਵਿਭਾਗ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ।”
ਜਲ ਸਰੋਤਾਂ ਦੇ ਨੇੜੇ ਰਸਮਾਂ ਨਿਭਾਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਿੱਥੇ ਵੀ ਸ਼ਰਧਾਲੂ ਜਲ ਸਰੋਤਾਂ ਦੇ ਨੇੜੇ ਇਕੱਠੇ ਹੁੰਦੇ ਹਨ, ਉੱਥੇ ਬਚਾਅ ਦੇ ਹੱਲ ਵਜੋਂ ਢੁਕਵੀਂ ਗਿਣਤੀ ਵਿੱਚ ਲਾਈਫ਼ਗਾਰਡ ਤਾਇਨਾਤ ਕੀਤੇ ਜਾਣ। ਲੋਕਾਂ ਨੂੰ ਕੰਟਰੋਲ ਵਿੱਚ ਰੱਖਣ ਅਤੇ ਕਿਸੇ ਵੀ ਅਣਹੋਣੀ ਘਟਨਾ ਨੂੰ ਰੋਕਣ ਲਈ ਢੁਕਵੀਂ ਬੈਰੀਕੇਡਿੰਗ, ਰੱਸੀਆਂ ਦੇ ਪ੍ਰਬੰਧ, ਪਬਲਿਕ ਐਡਰੈੱਸ ਸਿਸਟਮ ਅਤੇ ਲੋੜੀਂਦੀ ਪੁਲਿਸ ਫੋਰਸ ਵੀ ਯਕੀਨੀ ਬਣਾਈ ਜਾਵੇ।”
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਐਮਰਜੈਂਸੀ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਲੋੜ ਅਨੁਸਾਰ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਅਤੇ ਸੂਬਾਈ ਆਫ਼ਤ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਦੀਆਂ ਵਿਸ਼ੇਸ਼ ਟੀਮਾਂ ਦੀ ਮਦਦ ਲੈਣ ਦੇ ਵੀ ਨਿਰਦੇਸ਼ ਦਿੱਤੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ, “ਹੰਗਾਮੀ ਸੇਵਾਵਾਂ ਲਈ ਪ੍ਰਬੰਧ ਪੁਖ਼ਤਾ ਹੋਣੇ ਚਾਹੀਦੇ ਹਨ ਅਤੇ ਕਿਸੇ ਵੀ ਅਣਹੋਣੀ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਜਿੱਥੇ ਵੀ ਲੋੜ ਹੋਵੇ ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਵਿਸ਼ੇਸ਼ ਟੀਮਾਂ ਨੂੰ ਸ਼ਾਮਲ ਕੀਤਾ ਜਾਵੇ। ਅਸੀਂ ਕਿਸੇ ਵੀ ਕੀਮਤ 'ਤੇ ਸ਼ਰਧਾਲੂਆਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਾਂਗੇ।”
ਸੀਨੀਅਰ ਅਧਿਕਾਰੀਆਂ ਨੂੰ ਪ੍ਰਬੰਧਾਂ ਦੀ ਖੁਦ ਨਿਗਰਾਨੀ ਕਰਨ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਰੇ ਅਧਿਕਾਰੀ ਚੌਕਸ ਰਹਿਣ ਅਤੇ ਹਰੇਕ ਸਬੰਧਤ ਵਿਭਾਗ ਨਾਲ ਨਜ਼ਦੀਕੀ ਤਾਲਮੇਲ ਬਣਾ ਕੇ ਰੱਖਣ। ਹਰ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨਾ ਅਤੇ ਇਹ ਯਕੀਨੀ ਬਣਾਉਣਾ ਸਾਡਾ ਫਰਜ਼ ਹੈ ਕਿ ਪੰਜਾਬ ਵਿੱਚ ਹਰ ਤਿਉਹਾਰ ਆਪਸੀ ਸਦਭਾਵਨਾ, ਭਾਈਚਾਰਕ ਸਾਂਝ ਅਤੇ ਅਪਣੱਤ ਦੇ ਮਾਹੌਲ ਵਿੱਚ ਪੂਰੇ ਉਤਸ਼ਾਹ, ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇ।”
ਮੀਟਿੰਗ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਦੀਪ ਸਿੰਘ ਮੁੰਡੀਆਂ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਵਿਸ਼ੇਸ਼ ਡੀ.ਜੀ.ਪੀ. ਪੀ.ਕੇ. ਸਿਨਹਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।