ਨਵੀਂ ਦਿੱਲੀ - ਸਿੱਖ ਇਤਿਹਾਸ ਦੇ ਦਿਹਾੜੇ ਸਾਡੀ ਕੌਮੀ ਪਛਾਣ, ਵਿਰਾਸਤ ਅਤੇ ਗੁਰੂ ਸਾਹਿਬਾਨ ਦੀਆਂ ਯਾਦਾਂ ਨਾਲ ਜੁੜੇ ਹੋਏ ਹਨ। ਬੰਦੀ ਛੋੜ ਦਿਵਸ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਵਿਸਾਖੀ ਅਤੇ ਹੋਰ ਇਤਿਹਾਸਕ ਦਿਹਾੜੇ ਸਾਡੇ ਲਈ ਸਿਰਫ਼ ਤਰੀਕਾਂ ਨਹੀਂ, ਸਗੋਂ ਸਾਡੀ ਅਧਿਆਤਮਿਕ ਅਤੇ ਇਤਿਹਾਸਕ ਚੇਤਨਾ ਦੇ ਪ੍ਰਤੀਕ ਹਨ। ਸਿਖ ਫੈਡਰੇਸ਼ਨ ਜਰਮਨੀ ਦੇ ਮੁੱਖੀ ਭਾਈ ਗੁਰਮੀਤ ਸਿੰਘ ਖਨਿਆਣ ਨੇ ਉਪਰਲੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਨੂੰ ਲੈ ਕੇ ਅੱਜ ਜਿਸ ਤਰ੍ਹਾਂ ਪੰਥ ਵਿੱਚ ਦੁਬਿਧਾ ਅਤੇ ਵਿਚਾਰਾਂ ਦਾ ਟਕਰਾਅ ਪੈਦਾ ਹੋ ਰਿਹਾ ਹੈ, ਉਹ ਚਿੰਤਾਜਨਕ ਹੈ। ਇੱਕ ਪਾਸੇ ਕੁਝ ਪ੍ਰਚਾਰਕ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਪਹਿਰੇਦਾਰ ਦੱਸਦੇ ਹਨ, ਦੂਜੇ ਪਾਸੇ ਦਸਮ ਬਾਣੀ ਅਤੇ ਸਿੱਖ ਇਤਿਹਾਸ ਦੇ ਕਈ ਅਹਿਮ ਪੱਖਾਂ ਉੱਤੇ ਕਿੰਤੂ-ਪ੍ਰੰਤੂ ਕਰਦੇ ਦਿਖਾਈ ਦਿੰਦੇ ਹਨ।
ਇਤਿਹਾਸ ਗਵਾਹ ਹੈ ਕਿ ਜਦੋਂ ਪੂਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਸੀ, ਤਾਂ ਸਿੱਖ ਕੌਮ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਦਾ ਸਤਿਕਾਰ ਕਰਦਿਆਂ ਉਸ ਅਨੁਸਾਰ ਦਿਹਾੜੇ ਮਨਾਏ। ਸਮੇਂ ਦੇ ਨਾਲ ਕੈਲੰਡਰ ਵਿੱਚ ਸੋਧਾਂ ਹੋਈਆਂ ਅਤੇ ਅੱਜ ਪੰਥ ਦਾ ਵੱਡਾ ਹਿੱਸਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਚਲਿਤ ਕੀਤੇ ਕੈਲੰਡਰ ਅਨੁਸਾਰ ਦਿਹਾੜੇ ਮਨਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਅਸੀਂ ਸੱਚਮੁੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਪੰਥਕ ਸਿਧਾਂਤਾਂ ਦੇ ਧਾਰਨੀ ਹਾਂ, ਤਾਂ ਸਾਨੂੰ ਆਪਸੀ ਟਕਰਾਅ ਵਧਾਉਣ ਦੀ ਬਜਾਏ ਪੰਥਕ ਸਾਂਝ ਅਤੇ ਸਹਿਮਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਗੁਰਬਾਣੀ ਦਾ ਫ਼ਰਮਾਨ ਹੈ:
“ਮਿਲਿ ਸਤਸੰਗਤਿ ਨਾਮੁ ਸਲਾਹੀਐ ਦੂਜੈ ਭਾਇ ਨ ਪਾਈਐ ਰਾਮ ॥” ਅਤੇ ਗੁਰੂ ਸਾਹਿਬ ਦਾ ਉਪਦੇਸ਼ ਹੈ: “ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥” ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਕੌਮ ਨੇ ਇਤਿਹਾਸ ਦੇ ਅਨੇਕਾਂ ਔਖੇ ਦੌਰਾਂ ਵਿੱਚ ਆਪਸੀ ਸਹਿਮਤੀ, ਸਾਂਝ ਅਤੇ ਗੁਰਮਤਿ ਦੀ ਸੇਧ ਨਾਲ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਮਤਭੇਦ ਹੋਣਾ ਕੋਈ ਅਸਧਾਰਨ ਗੱਲ ਨਹੀਂ, ਪਰ ਮਤਭੇਦਾਂ ਨੂੰ ਕੌਮੀ ਵੰਡ ਦਾ ਕਾਰਨ ਬਣਾ ਦੇਣਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ।
ਓਨ੍ਹਾ ਕਿਹਾ ਸਾਡਾ ਸਪੱਸ਼ਟ ਮਤ ਹੈ ਕਿ ਜਿਨ੍ਹਾਂ ਇਤਿਹਾਸਕ ਦਿਹਾੜਿਆਂ ਨੂੰ ਲੈ ਕੇ ਕੌਮ ਵਿੱਚ ਅਮਲੀ ਤੌਰ ’ਤੇ ਇੱਕ ਸਹਿਮਤੀ ਬਣੀ ਹੋਈ ਹੈ, ਉਨ੍ਹਾਂ ਨੂੰ ਉਸੇ ਸਾਂਝ ਅਨੁਸਾਰ ਮਨਾਇਆ ਜਾਣਾ ਚਾਹੀਦਾ ਹੈ। ਕੈਲੰਡਰ ਅਤੇ ਤਰੀਕਾਂ ਸਬੰਧੀ ਮਸਲਿਆਂ ਦਾ ਹੱਲ ਕਿਸੇ ਸਮੇਂ ਪੰਥਕ ਵਿਦਵਾਨਾਂ, ਇਤਿਹਾਸਕਾਰਾਂ ਅਤੇ ਸੰਪਰਦਾਵਾਂ ਦੇ ਨੁਮਾਇੰਦਿਆਂ ਵੱਲੋਂ ਸਿਰ ਜੋੜ ਕੇ ਬੈਠਣ ਨਾਲ ਕੱਢਿਆ ਜਾ ਸਕਦਾ ਹੈ। ਪਰ ਅੱਜ ਇਨ੍ਹਾਂ ਮਸਲਿਆਂ ਨੂੰ ਲੈ ਕੇ ਇੱਕ-ਦੂਜੇ ਨੂੰ ਗਲਤ ਸਾਬਤ ਕਰਨ ਅਤੇ ਕੌਮ ਨੂੰ ਧੜਿਆਂ ਵਿੱਚ ਵੰਡਣ ਦੀ ਬਜਾਏ ਸਾਨੂੰ ਆਪਣੀ ਸਾਂਝੀ ਤਾਕਤ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਕਿਉਂਕਿ ਆਪਸੀ ਫੁੱਟ ਦਾ ਲਾਭ ਹਮੇਸ਼ਾ ਪੰਥ ਵਿਰੋਧੀ ਤਾਕਤਾਂ ਨੂੰ ਮਿਲਦਾ ਹੈ।
ਸਵਾਲ ਇਹ ਨਹੀਂ ਕਿ ਕੌਣ ਕਿਹੜੀ ਤਰੀਕ ਨੂੰ ਸਹੀ ਸਾਬਤ ਕਰਦਾ ਹੈ, ਸਵਾਲ ਇਹ ਹੈ ਕਿ ਅਸੀਂ ਗੁਰੂ ਪੰਥ ਦੀ ਏਕਤਾ ਨੂੰ ਕਿੰਨੀ ਅਹਿਮੀਅਤ ਦਿੰਦੇ ਹਾਂ।
ਅੰਤ ਵਿਚ ਓਨ੍ਹਾ ਕਿਹਾ ਤਰੀਕਾਂ ਦੇ ਵਿਵਾਦ ਵਿੱਚ ਉਲਝ ਕੇ ਕੌਮੀ ਨਿਸ਼ਾਨੇ ਤੋਂ ਨਾ ਭਟਕੀਏ। ਮਤਭੇਦਾਂ ਨੂੰ ਸੰਵਾਦ ਨਾਲ ਸੁਲਝਾਈਏ, ਇਤਿਹਾਸ ਦਾ ਸਤਿਕਾਰ ਕਰੀਏ ਅਤੇ ਪੰਥਕ ਏਕਤਾ ਨੂੰ ਸਭ ਤੋਂ ਉੱਪਰ ਰੱਖੀਏ। ਕਿਉਂਕਿ ਪੰਥ ਦੀ ਤਾਕਤ ਸਾਡੀ ਏਕਤਾ ਵਿੱਚ ਹੈ, ਆਪਸੀ ਵੰਡ ਵਿੱਚ ਨਹੀਂ।