ਅੰਮ੍ਰਿਤਸਰ -ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਦਾਦੀ ਮਾਤਾ ਚਰਨ ਕੌਰ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਪੈਰੋਲ ਸਬੰਧੀ ਅਰਜ਼ੀ ਮਿਤੀ 11 ਨਵੰਬਰ ਨੂੰ ਦਾਇਰ ਕੀਤੀ ਗਈ ਸੀ। ਇਸ ਸਬੰਧੀ ਮਾਣਯੋਗ ਅਦਾਲਤ ਵੱਲੋਂ 13 ਨਵੰਬਰ ਨੂੰ ਹੁਕਮ ਜਾਰੀ ਕਰਦਿਆਂ 14 ਨਵੰਬਰ ਨੂੰ ਉਨ੍ਹਾਂ ਨੂੰ ਪੰਜਾਬ ਲਿਆਉਣ ਸਬੰਧੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਚਾਚਾ ਜੀ ਹਰਜੀਤ ਸਿੰਘ ਅਤੇ ਮਾਤਾ ਚਰਨ ਕੌਰ ਦੇ ਦੋਹਤੇ ਸਖਮਨਪ੍ਰੀਤ ਸਿੰਘ ਨੂੰ ਵੀ ਨਾਲ ਲਿਆਉਣ ਦੀ ਵਿਵਸਥਾ ਸਬੰਧੀ ਹੁਕਮ ਸਨ। ਪਰ 13 ਨਵੰਬਰ ਨੂੰ ਹੁਕਮ ਜਾਰੀ ਹੋਣ ਤੋਂ ਬਾਅਦ 14 ਨਵੰਬਰ ਦੀ ਤਾਰੀਖ ਤੱਕ ਬਹੁਤ ਥੋੜ੍ਹਾ ਸਮਾਂ ਬਚਿਆ ਹੋਣ ਅਤੇ ਲੋੜੀਂਦੀ ਕਾਨੂੰਨੀ ਤੇ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਨਾ ਹੋ ਸਕਣ ਕਾਰਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਅੱਜ ਪੰਜਾਬ ਨਹੀਂ ਲਿਆਂਦਾ ਜਾ ਸਕਿਆ। ਇਸ ਮਾਮਲੇ ਵਿੱਚ ਪੈਰੋਲ ਦੀ ਤਾਰੀਖ ਵਿੱਚ ਸੋਧ ਕਰਵਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਲੀਗਲ ਟੀਮ ਜਿੰਨਾ ਵਿੱਚ ਐਡਵੋਕੇਟ ਸ੍ਰ ਹਰਜੋਤ ਸਿੰਘ ਮਾਨ, ਐਡਵੋਕੇਟ ਸ੍ਰ ਕਰਮਵੀਰ ਸਿੰਘ, ਐਡਵੋਕੇਟ ਸ੍ਰੀ ਰੀਤੂ ਰਾਜ ਅਤੇ ਐਡਵੋਕੇਟ ਸ੍ਰ ਕੁਲਜੀਤ ਸਿੰਘ ਵੱਲੋਂ ਸਬੰਧਤ ਡਿਊਟੀ ਮੈਜਿਸਟਰੇਟ ਸਾਹਿਬ ਨੂੰ ਅਮੈਂਡਮੈਂਟ ਲੈਟਰ/ਅਰਜ਼ੀ ਦੇਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚ ਕੀਤੀ ਗਈ, ਪਰ ਉੱਥੇ ਅਰਜ਼ੀ ਸਵੀਕਾਰ ਨਹੀਂ ਕੀਤੀ ਗਈ। ਇਸ ਤੋਂ ਬਾਅਦ ਲੀਗਲ ਟੀਮ ਵੱਲੋਂ ਦੂਸਰੇ ਮਾਣਯੋਗ ਡਿਊਟੀ ਮੈਜਿਸਟ੍ਰੇਟ ਸਾਹਿਬ ਨੂੰ ਅਰਜ਼ੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਵੀ ਅੱਜ ਇਸ ਮਾਮਲੇ ਨੂੰ ਸੁਣਵਾਈ ਲਈ ਐਂਟਰਟੇਨ ਨਹੀਂ ਕੀਤਾ ਜਾ ਸਕਿਆ। ਇਸ ਤੋਂ ਬਾਅਦ ਲੀਗਲ ਟੀਮ ਵੱਲੋਂ ਮਾਣਯੋਗ ਸੈਸ਼ਨ ਜੱਜ ਸਾਹਿਬ ਦੀ ਰਿਹਾਇਸ਼ ’ਤੇ ਵੀ ਪਹੁੰਚ ਕੀਤੀ ਗਈ, ਪਰ ਜੱਜ ਸਾਹਿਬ ਦੇ ਉਪਲਬਧ ਨਾ ਹੋਣ ਕਾਰਨ ਅੱਜ ਇਸ ਮਾਮਲੇ ਵਿੱਚ ਕੋਈ ਅਗਲੀ ਕਾਨੂੰਨੀ ਕਾਰਵਾਈ ਸੰਭਵ ਨਹੀਂ ਹੋ ਸਕੀ। ਹੁਣ ਬਚਾਅ ਪੱਖ ਦੇ ਵਕੀਲਾਂ ਦੀ ਲੀਗਲ ਟੀਮ ਵੱਲੋਂ ਸੋਮਵਾਰ ਨੂੰ ਅਦਾਲਤਾਂ ਦੇ ਕੰਮਕਾਜ ਵਾਲੇ ਦਿਨ ਮਾਣਯੋਗ ਅਦਾਲਤ ਵਿੱਚ ਨਵੀਂ ਅਰਜ਼ੀ ਦਾਇਰ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਆਪਣੀ ਦਾਦੀ ਮਾਤਾ ਚਰਨ ਕੌਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪੈਰੋਲ ਦੀਆਂ ਅਗਲੀਆਂ ਤਰੀਕਾਂ ਦੇਣ ਦੀ ਮੰਗ ਕੀਤੀ ਜਾਵੇਗੀ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਇਸ ਸਬੰਧੀ ਲੋੜੀਂਦੀ ਹਰ ਕਾਨੂੰਨੀ ਚਾਰਾਜੋਈ ਪੂਰੀ ਤਨਦੇਹੀ ਨਾਲ ਜਾਰੀ ਰੱਖੀ ਜਾਵੇਗੀ।