ਚੰਡੀਗੜ੍ਹ -ਏਟਕ ਚੰਡੀਗੜ੍ਹ ਵਲੋਂ ਆਪਣੀਆਂ ਸਬੰਧਤ ਯੂਨੀਅਨਾਂ ਨਾਲ ਅੱਜ ਪਲਾਜ਼ਾ ਸੈਕਟਰ 17 ਵਿਖੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਲੇਬਰ ਕੋਡ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਰੈਲੀ ਕੀਤੀ ਗਈ।
ਸੀਨੀਅਰ ਸਾਥੀ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਨਵੇਂ ਕਿਰਤ ਕੋਡ ਆਉਣ ਨਾਲ ਕਿਰਤੀਆਂ ਦੇ ਯੂਨੀਅਨ ਬਣਾਉਣ, ਸੰਗਠਿਤ ਹੋਣ ਅਤੇ ਮਾਲਕਾਂ/ਅਫਸਰਾਂ ਖਿਲਾਫ ਕਾਰਵਾਈਆਂ, ਰੈਲੀਆਂ ਅਤੇ ਰੋਸ ਪ੍ਰਦਰਸ਼ਨ ਕਰਨ ਦੇ ਹੱਕ ਖੁਸ ਜਾਣਗੇ। ਕਿਰਤੀਆਂ ਦਾ ਨਾਇਨਸਾਫੀ ਖ਼ਿਲਾਫ਼ ਲੜਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ।
ਏਟਕ ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਵੇਂ ਕਿਰਤੀਆਂ ਦੀ ਲੁੱਟ ਲਈ ਬਰਾਬਰ ਜੁਮੇਵਾਰ ਹਨ। ਕਿਰਤੀਆਂ ਨੂੰ ਹੋਰ ਲੋਕ ਪੱਖੀ ਸ਼ਕਤੀਆਂ ਨੂੰ ਇਕੱਠੇ ਕਰਕੇ ਲੋਕ ਹਿੱਤਾਂ ਦੀ ਰਾਖੀ ਲਈ ਭਵਿੱਖ ਵਿੱਚ ਲਗਾਤਾਰ ਸੰਘਰਸ਼ ਕਰਨੇ ਪੈਣਗੇ।
ਏਟਕ ਜਨਰਲ ਸਕੱਤਰ ਸਤਿਆਵੀਰ ਨੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਕਚਿਹਰੀਆਂ ਵਿਚ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲੇਬਰ ਕੋਡਾਂ ਵਿਚਲੀਆਂ ਦੁਸ਼ਵਾਰੀਆਂ ਅਤੇ ਗੁੰਝਲਾਂ ਦਸੀਆਂ।
ਕਰਮ ਸਿੰਘ ਵਕੀਲ ਪ੍ਰਧਾਨ ਆਲ ਇੰਡੀਆ ਲਾਇਰਸ ਯੂਨੀਅਨ ਨੇ ਕਿਹਾ ਕਿ ਲੇਬਰ ਕੋਡਜ ਦੀਆਂ ਧਾਰਾਵਾਂ ਬਹੁਤ ਗੁੰਝਲਦਾਰ ਬਣਾ ਦਿਤੀਆਂ ਗਈਆਂ ਹਨ। ਮਾਲਕਾਂ ਨੂੰ ਜ਼ਰੂਰ ਤੋਂ ਵੱਧ ਹੱਕ ਦਿੱਤੇ ਗਏ ਹਨ। ਲੰਮੇ ਸਮੇਂ ਤਕ ਕੀਤੀ ਨੋਕਰੀ ਤੋਂ ਬਾਅਦ ਮਿਲਣ ਵਾਲੇ ਹੱਕ ਅਤੇ ਸਹੂਲਤਾਂ ਖ਼ਤਮ ਕੀਤੀਆਂ ਗਈਆਂ ਹਨ।ਕਿਰਤੀਆਂ ਲਈ ਕੰਮ ਅਤੇ ਭਵਿੱਖ ਸੁਰਖਿਆ ਖ਼ਤਮ ਕਰ ਦਿੱਤੀ ਗਈ ਹੈ। ਫੈਕਟਰੀ ਮੁਲਾਜ਼ਮ, ਆਂਗਨਵਾੜੀ ਕਿਰਤੀ, ਈਟੀਟੀ ਅਧਿਆਪਕ ਅਤੇ ਹਰ ਵਰਗ ਦੇ ਕਾਮਿਆਂ ਦੇ ਵਿਰੋਧ ਦੀ ਅਵਾਜ਼ ਨੂੰ ਦਬਾਉਣ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਕੇਂਦਰੀ ਏਜੰਸੀਆਂ ਅਤੇ ਪੁਲਿਸ ਦੇ ਡੰਡੇ ਦੀ ਨਾਜਾਇਜ਼ ਵਰਤੋਂ ਕਰ ਰਹੀ ਹੈ। ਸਮੇਂ ਦੀ ਲੋੜ ਹੈ ਕਿ ਸਰਕਾਰ ਕਿਰਤੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਸਾਰੂ ਤੇ ਚਿਰਜੀਵੀ ਹਲ ਲਭੇ।
ਰੋਸ ਪ੍ਰਦਰਸ਼ਨ ਦੇ ਅੰਤ ਵਿਚ ਮੁਜਾਹਰਾਕਾਰੀਆਂ ਨੇ ਕਿਰਤੀਆਂ ਵਿਰੋਧੀ ਨਵੇਂ ਕਿਰਤ ਕੋਡ ਦੀਆਂ ਕਾਪੀਆਂ ਸਾੜੀਆਂ।
ਉਪਰੋਕਤ ਤੋਂ ਇਲਾਵਾ ਕਨਵੈਨਸ਼ਨ ਦੌਰਾਨ ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਹੁੰਦਲ, ਬਲਵਿੰਦਰ ਸਿੰਘ ਜੜੋਤ, ਗੁਰਦਿਆਲ ਸਿੰਘ, ਅਮ੍ਰਿਤ ਲਾਲ, ਸ਼ਿੰਗਾਰਾ ਸਿੰਘ, ਦਿਲਬਾਗ ਸਿੰਘ, ਰਜੀਵ ਕੁਮਾਰ, ਗੁਰਮੀਤ ਸਿੰਘ, ਦਰਸ਼ਨ ਸਿੰਘ ਬਾਗੜੀ, ਕੇਹਰ ਸਿੰਘ, ਰਮੇਸ਼ ਕੁਮਾਰ ਅਤੇ ਅਸ਼ੋਕ ਕੁਮਾਰ ਸਮੇਤ ਤਕਰੀਬਨ 30 ਬਰਾਂਚਾਂ ਦੇ ਰਹਿਨੁਮਾ ਸਾਥੀ ਸ਼ਾਮਿਲ ਹੋਏ।
ਰੋਸ ਧਰਨੇ ਵਿੱਚ ਆਏ ਸਾਥੀਆਂ ਦਾ ਧੰਨਵਾਦ ਪ੍ਰੀਤਮ ਸਿੰਘ ਹੁੰਦਲ ਨੇ ਕੀਤਾ।