ਲੁਧਿਆਣਾ-ਚੰਡੀਗੜ੍ਹ ਵੱਸਦੀ ਪੰਜਾਬੀ ਕਵਿੱਤਰੀ ਡਾ. ਰਜਿੰਦਰ ਰੇਣੂ ਦੀ ਕਾਵਿ ਪੁਸਤਕ “ਸੁੱਚੇ ਮੋਤੀ” ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਿਹਾ ਕਿ ਸ਼ਾਇਰੀ ਧੀਆਂ ਭੈਣਾਂ ਦੇ ਮਨ ਦਾ ਸ਼ੀਸ਼ਾ ਹੁੰਦਾ ਹੈ। ਉਹ ਆਦਮੀਆਂ ਵਾਂਗ ਦੋ ਚਿਹਰਿਆਂ ਵਾਲੀ ਕਵਿਤਾ ਨਹੀਂ ਲਿਖਦੀਆਂ ਸਗੋਂ ਪਾਰਦਰਸ਼ੀ ਭਾਵਨਾ ਨਾਲ ਕਾਵਿ ਸਿਰਜਣਾ ਕਰਦੀਆਂ ਹਨ। “ਸੁੱਚੇ ਮੋਤੀ” ਦੀ ਸਿਰਜਕ ਰੇਣੂ ਵੀ ਆਪਣੀਆਂ ਕਵਿਤਾਵਾਂ ਤੇ ਗੀਤਾਂ ਵਿੱਚ ਇਹ ਧਰਮ ਨਿਭਾਉਂਦੀ ਹੈ।
ਪ੍ਰੋ. ਗਿੱਲ ਨੇ ਕਿਹਾ ਕਿ ਇਨ੍ਹਾਂ ਕਵਿਤਾਵਾਂ ਵਿੱਚ ਧਰਮ ਵੀ ਹੈ ਤੇ ਆਸਥਾ ਵੀ ਪਰ ਇਹ ਦੋਵੇਂ ਆਪਣੇ ਅਸਲ ਅਰਥਾਂ ਵਿੱਚ ਪੇਸ਼ ਹਨ, ਪ੍ਰਚੱਲਤ ਵਰਤਮਾਨ ਅਰਥਾਂ ਵਿੱਚ ਨਹੀਂ।
ਪੰਜਾਬੀ ਸਾਹਿੱਤ ਅਕਾਡਮੀ ਦੇ ਕਾਰਜਕਾਰੀ ਮੈਂਬਰ ਤ੍ਰੈਲੋਚਨ ਲੋਚੀ ਨੇ ਡਾ. ਰਾਜਿੰਦਰ ਰੇਣੂੰ ਨੂੰ ਸਰੋਦੀ ਕਵਿਤਾ ਦੀ ਸਿਰਜਕ ਵਜੋਂ ਸਲਾਹਿਆ। ਇਸ ਮੈਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਹਰਕੇਸ਼ ਮਿੱਤਲ, ਕਵਿੱਤਰੀ ਹਰਸਿਮਰਨ ਕੌਰ ਐਡਵੋਕੇਟ, ਅਮਰਜੀਤ ਸ਼ੇਰਪੁਰੀ ਤੇ ਹਰਵਿੰਦਰ ਥਰੀਕੇ ਹਾਜ਼ਰ ਸਨ।