ਨਵੀਂ ਦਿੱਲੀ - ਸਿੱਖ ਐਡਵੋਕੇਟਸ ਆਫ਼ ਦਿੱਲੀ ਦੇ ਇੱਕ ਵਫ਼ਦ ਨੇ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਨਾਲ ਮੁਲਾਕਾਤ ਕਰਕੇ ਤੀਸ ਹਜ਼ਾਰੀ ਕੋਰਟ ਕੰਪਲੈਕਸ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਗੇਟਾਂ ’ਤੇ ਸਿੱਖ ਇਤਿਹਾਸ ਦੀ ਮਹੱਤਤਾ ਦਰਸਾਉਂਦੇ ਸਥਾਈ ਡਿਸਪਲੇਅ ਬੋਰਡ ਲਗਾਉਣ ਦੀ ਮੰਗ ਕੀਤੀ। ਇਸ ਸਬੰਧੀ ਮੰਤਰੀ ਨੂੰ ਰਸਮੀ ਮੰਗ ਪੱਤਰ ਵੀ ਸੌਂਪਿਆ ਗਿਆ। ਵਫ਼ਦ ਨੇ ਕਿਹਾ ਕਿ ਤੀਸ ਹਜ਼ਾਰੀ ਦਾ ਸਿੱਖ ਇਤਿਹਾਸ ਨਾਲ ਡੂੰਘਾ ਸਬੰਧ ਹੈ ਅਤੇ ਇਸ ਦੀ ਇਤਿਹਾਸਕ ਮਹੱਤਤਾ ਨੂੰ ਲੋਕਾਂ ਸਾਹਮਣੇ ਲਿਆਉਣਾ ਸਮੇਂ ਦੀ ਲੋੜ ਹੈ। ਸਥਾਈ ਬੋਰਡ ਲੱਗਣ ਨਾਲ ਅਦਾਲਤ ਆਉਣ ਵਾਲੇ ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਆਮ ਲੋਕਾਂ ਨੂੰ ਸਿੱਖ ਵਿਰਾਸਤ ਦੇ ਇਸ ਅਹਿਮ ਅਧਿਆਏ ਬਾਰੇ ਜਾਣਕਾਰੀ ਮਿਲੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਤਿਹਾਸਕ ਵਿਰਾਸਤ ਪਹੁੰਚ ਸਕੇਗੀ। ਵਫ਼ਦ ਵਿੱਚ ਐਡਵੋਕੇਟ ਤਰਨਜੀਤ ਸਿੰਘ ਜੌਲੀ, ਅਮਰੀਕ ਸਿੰਘ ਬੱਬਰ, ਜੇ.ਐੱਸ. ਬੇਦੀ ਅਤੇ ਮਨਪ੍ਰੀਤ ਸਿੰਘ ਜੌਲੀ ਸਮੇਤ ਬਾਰ ਦੇ ਹੋਰ ਵਕੀਲ ਸ਼ਾਮਲ ਸਨ। ਸਿੱਖ ਐਡਵੋਕੇਟਸ ਆਫ਼ ਦਿੱਲੀ ਨੇ ਆਸ ਪ੍ਰਗਟਾਈ ਕਿ ਮੰਤਰੀ ਪ੍ਰਵੇਸ਼ ਵਰਮਾ ਇਸ ਮੰਗ ’ਤੇ ਜਲਦ ਕਾਰਵਾਈ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਨਗੇ।