ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦਾ ਕੌਮੀ ਸਕੱਤਰ ਬਣਨ ’ਤੇ ਰਾਜਸਥਾਨ ਦੇ ਅਲਵਰ ਤੇ ਭਰਤਪੁਰ ਤੋਂ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਕੌਮੀ ਰਾਜਧਾਨੀ ਦਿੱਲੀ ਪਹੁੰਚ ਕੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਸਨਮਾਨ ਕੀਤਾ ਤੇ ਭਾਜਪਾ ਦੀ ਕੌਮੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਇਹ ਅਹੁਦਾ ਸਿਰਫ ਤੇ ਸਿਰਫ ਸਿੱਖ ਕੌਮ ਦੀ ਸੇਵਾ ਕਰਨ ਦੀ ਬਦੌਲਤ ਮਿਲਿਆ ਹੈ ਤੇ ਇਹ ਅਹੁਦਾ ਉਹਨਾਂ ਦਾ ਨਹੀਂ ਬਲਕਿ ਸਿੱਖ ਕੌਮ ਦਾ ਹੈ। ਉਹਨਾਂ ਕਿਹਾ ਕਿ ਉਹ ਸਮੁੱਚੀ ਕੌਮ ਨੂੰ ਭਰੋਸਾ ਦੁਆਉਂਦੇ ਹਨ ਕਿ ਉਹ ਹਮੇਸ਼ਾ ਸੱਚੇ ਦਿਲੋਂ ਤੇ ਪੂਰੀ ਤਨਦੇਹੀ ਨਾਲ ਸਿੱਖ ਕੌਮ ਦੀ ਸੇਵਾ ਕਰਦੇ ਰਹਿਣਗੇ।
ਉਹਨਾਂ ਕਿਹਾ ਕਿ ਬੇਸ਼ੱਕ ਬੀਤੇ ਸਮੇਂ ਵਿਚ ਵੀ ਸਿੱਖ ਕੌਮ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਵੀ ਚੁਣੌਤੀਆਂ ਸਾਡੇ ਸਾਹਮਣੇ ਖੜ੍ਹੀਆਂ ਹਨ ਪਰ ਅਸੀਂ ਡੱਟ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਾਂਗੇ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਗਵਾਈ ਵਿਚ ਕੇਂਦਰ ਸਰਕਾਰ ਸਾਡੀ ਹਰ ਸੰਭਵ ਮਦਦ ਕਰਨ ਵਾਸਤੇ ਤਿਆਰ ਹੈ।
ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਹੁਤ ਜਲਦੀ ਰਾਜਸਥਾਨ ਦੀਆਂ ਚੋਣਾਂ ਦਾ ਐਲਾਨ ਹੋ ਜਾਣਾ ਹੈ। ਉਹਨਾਂ ਕਿਹਾ ਕਿ ਅਸੀਂ ਉਮੀਦਵਾਰਾਂ ਦਾ ਸਾਥ ਇਸ ਸ਼ਰਤ ’ਤੇ ਦਿਆਂਗੇ ਕਿ ਸਿੱਖ ਦੀ ਵੋਟ ਭਾਵੇਂ ਇਕ ਹੈ ਪਰ ਤਾਕਤ ਸਵਾਲ ਲੱਖ ਵਰਗੀ ਹੈ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ ਸੀ ਤੇ ਉਹ ਸਿੱਖ ਮਸਲਿਆਂ ਦੇ ਹੱਲ ਵਾਸਤੇ ਹਮੇਸ਼ਾ ਸੰਜੀਦਗੀ ਨਾਲ ਕੰਮ ਕਰਨਗੇ।
ਉਹਨਾਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਡੱਟ ਕੇ ਕੀਤਾ ਹੈ ਤੇ ਅੱਗੇ ਵੀ ਕਰੇਗੀ ਤੇ ਇਹਨਾਂ ਚੁਣੌਤੀਆਂ ਨਾਲ ਨਜਿੱਠੇਗੀ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ, ਸਰਦਾਰ ਅਮਨਦੀਪ ਸਿੰਘ ਥਾਪਰ, ਸਰਦਾਰ ਰਮਨਪ੍ਰੀਤ ਸਿੰਘ, ਸਰਦਾਰ ਹਰਵਿੰਦਰ ਸਿੰਘ ਘੁੱਗੀ, ਸਰਦਾਰ ਸਰਬਜੀਤ ਸਿੰਘ ਵਿਰਕ ਅਤੇ ਸਰਦਾਰ ਜਗਤਾਰ ਸਿੰਘ ਪ੍ਰਧਾਨ ਵੀ ਹਾਜ਼ਰ ਸਨ।