ਐਸ.ਏ.ਐਸ. ਨਗਰ-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੁਲੀਸ ਵਲੋਂ ਮੁਕਤਸਰ ਦੇ ਇੱਕ ਵਕੀਲ ਉੱਤੇ ਅਣਮਨੁੱਖੀ ਤਸ਼ੱਦਦ ਕਰਨ ਦੀ ਘਟਨਾ ਦੀ ਸਖ਼ਤ ਨਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰ ਕੇ ਬਣਦੇ ਜੁਰਮ ਤਹਿਤ ਮੁਕੱਦਮਾ ਚਲਾਇਆ ਜਾਵੇ ਅਤੇ ਵਕੀਲ ਉਤੇ ਬਣਾਇਆ ਗਿਆ ਝੂਠਾ ਕੇਸ ਫੌਰੀ ਰੱਦ ਕੀਤਾ ਜਾਵੇ।
ਸ਼੍ਰੀ ਸਿੱਧੂ ਨੇ ਕਿਹਾ ਕਿ ਦੋਸ਼ੀ ਪੁਲੀਸ ਅਧਿਕਾਰੀਆਂ ਨੇ ਇਕ ਵਕੀਲ ਨੂੰ ਝੂਠੇ ਕੇਸ ਵਿਚ ਫਸਾਉਣ ਤੋਂ ਬਾਅਦ ਉਸ ਉੱਤੇ ਅਣਮਨੁੱਖੀ ਤਸ਼ੱਦਦ ਕਰ ਕੇ ਸਿਰਫ਼ ਸੰਗੀਨ ਅਪਰਾਧ ਹੀ ਨਹੀਂ ਕੀਤਾ ਬਲਕਿ ਸਮੁੱਚੀ ਪੰਜਾਬ ਪੁਲੀਸ ਦੇ ਅਕਸ ਨੂੰ ਵੀ ਢਾਹ ਲਾਈ ਹੈ ਇਸ ਲਈ ਉਹਨਾਂ ਉੱਤੇ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਬਣਦੀ ਹੈ। ਉਹਨਾਂ ਕਿਹਾ ਕਿ ਜਿਸ ਮੁਲਕ ਜਾਂ ਸੂਬੇ ਵਿਚ ਕਾਨੂੰਨ ਦੇ ਰਾਖੇ ਹੀ ਕਾਨੂੰਨ ਦੀਆਂ ਧਜੀਆਂ ਉਡਾਉਣ ਲੱਗ ਜਾਣ ਤਾਂ ਫਿਰ ਸਮਝ ਲੈਣਾ ਚਾਹੀਦਾ ਹੈ ਕਿ ਉਥੇ ਅਮਨ-ਕਾਨੂੰਨ ਦਾ ਬੰਦੋਬਸਤ ਢਹਿ ਢੇਰੀ ਹੋ ਗਿਆ ਹੈ।
ਭਾਜਪਾ ਆਗੂ ਨੇ ਕਿਹਾ ਕਿ ਸੂਬੇ ਵਿਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਮਨ-ਕਾਨੂੰਨ ਦੀ ਹਾਲਤ ਦਿਨੋ-ਦਿਨ ਬਦ ਤੋਂ ਬਦਤਰ ਹੋ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਹਾਲਤ ਇਹ ਬਣੀ ਹੋਈ ਹੈ ਕਿ ਕੋਈ ਦਿਨ ਵੀ ਅਜਿਹਾ ਨਹੀਂ ਜਾਂਦਾ ਜਦੋਂ ਪੰਜਾਬ ਵਿਚ ਕੋਈ ਕਤਲ ਨਾ ਹੋਇਆ ਹੋਵੇ। ਉਹਨਾਂ ਹੋਰ ਕਿਹਾ ਕਿ ਨਾਮੀ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਵਿਚ ਬੈਠ ਕੇ ਲੋਕਾਂ ਤੋਂ ਫਿਰੌਤੀਆਂ ਵਸੂਲ ਰਹੇ ਹਨ, ਮੀਡੀਆ ਨੂੰ ਇੰਟਰਵਿਊਆਂ ਦੇ ਰਹੇ ਹਨ ਅਤੇ ਇਥੋਂ ਤੱਕ ਕਿ ਕਬੱਡੀ ਟੂਰਨਾਮੈਂਟ ਵਿਚ ਚੱਲ ਰਹੇ ਮੈਚਾਂ ਦੀ ਜਿੱਤ ਹਾਰ ਦਾ ਫੈਸਲਾ ਵੀ ਕਰ ਰਹੇ ਹਨ।
ਸ਼੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਇਸ ਕਰ ਕੇ ਨਿਘਰਦੀ ਜਾ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਕੋਲ ਕੋਈ ਅਜਿਹਾ ਆਗੂ ਨਹੀਂ ਹੈ ਜਿਸ ਕੋਲ ਸੂਬੇ ਦੀ ਸਰਕਾਰ ਚਲਾਉਣ ਦਾ ਤਜ਼ਰਬਾ ਹੋਵੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿਚ ਸੂਬੇ ਦੀ ਅਫਸਰਸ਼ਾਹੀ ਤੋਂ ਕੰਮ ਲੈਣ ਲਈ ਨਾ ਤਾਂ ਲੋਂੜੀਦੀ ਰਾਜਨੀਤਕ ਇੱਛਾ ਸ਼ਕਤੀ ਹੈ ਅਤੇ ਨਾ ਹੀ ਯੋਗਤਾ, ਜਿਸ ਕਾਰਨ ਪ੍ਰਸ਼ਾਸ਼ਨ ਵਿਚ ਆਪਾਧਾਪੀ ਪਈ ਹੋਈ ਹੈ। ਭਾਜਪਾ ਆਗੂ ਨੇ ਪੰਚਾਇਤਾਂ ਭੰਗ ਕਰ ਕੇ ਬਹਾਲ ਕਰਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਸਰਕਾਰ ਨੂੰ ਆਪਣੇ ਕਿਨ੍ਹੇ ਹੀ ਫੈਸਲੇ ਵਾਪਸ ਲੈਣੇ ਪਏ ਹਨ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਦੋਸ਼ੀ ਪੁਲੀਸ ਅਧਿਕਾਰੀਆਂ ਵਿਰੁੱਧ ਤੁਰੰਤ ਬਣਦੀ ਕਾਰਵਾਈ ਨਾ ਕੀਤੀ ਤਾਂ ਲੋਕਾਂ ਦਾ ਅਮਨ-ਕਾਨੂੰਨ ਦੇ ਰਾਜ ਤੋਂ ਭਰੋਸਾ ਖ਼ਤਮ ਹੋ ਜਾਵੇਗਾ ਅਤੇ ਸੂਬੇ ਵਿਚ ਅਰਾਜਕਤਾ ਫੈਲ ਜਾਵੇਗੀ।