ਨਵੀਂ ਦਿੱਲੀ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਦਸਤਾਰਧਾਰੀ ਸਿੱਖਾਂ ਨੂੰ ਇਹ ਕਹਿਣਾ ਕਿ ਕੋਈ ਵੀ ਦਸਤਾਰਧਾਰੀ ਸਿੱਖ ਜਦੋਂ ਮੇਰਠ ਵਿਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਘੋੜਿਆਂ ਦਾ ਚੋਰ ਸਮਝਿਆ ਜਾਂਦਾ ਹੈ, ਕਹਿਣ ਵਾਲੇ ਬਿਆਨ ’ਤੇ ਸਖਤ ਇਤਰਾਜ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਦੀ ਇਸਤਰੀ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਤੁਰੰਤ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੇ ਭਗਵੰਤ ਮਾਨ ਨੇ ਚੇਤੇ ਕਰਵਾਇਆ ਕਿ ਤੂਹਾਡੇ ਵਲੋਂ ਦਿੱਤੇ ਗਏ ਬਿਆਨ ਵਿਚ ਸਾਰੇ ਦਸਤਾਰਧਾਰੀ ਸਿੱਖਾਂ ਨੂੰ ਚੋਰ ਸਮਝਿਆ ਜਾ ਰਿਹਾ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਸ ਨਾਲ ਸਿੱਖ ਹਿਰਦਿਆਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ । ਉਨ੍ਹਾਂ ਕਿਹਾ ਕਿ ਦਸਤਾਰਧਾਰੀ ਸਿੱਖ ਨੇ ਦਸਤਾਰ ਦੀ ਸ਼ਾਨ ਲਈ ਅਨੇਕਾ ਕੁਬਾਨੀਆਂ ਕੀਤੀਆਂ ਹਨ ਤੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਵੀਂ ਉਨ੍ਹਾਂ ਦਾ ਰੋਲ ਬਹੁਤ ਵੱਡਾ ਹੈ । ਵਿਦੇਸ਼ਾਂ ਅੰਦਰ ਝਾਤ ਮਾਰੋ ਪਤਾ ਲਗੇਗਾ ਉੱਥੇ ਦਸਤਾਰਧਾਰੀ ਸਿੱਖਾਂ ਨੇ ਆਪਣੇ ਬਲਬੁਤੇ ਤੇ ਕਿੰਨੇ ਝੰਡੇ ਗੱਡੇ ਹਨ ਜਿਨ੍ਹਾਂ ਦਾ ਦੁਨੀਆਂ ਅਤਿ ਸਤਿਕਾਰ ਕਰਦੀ ਹੈ । ਉਹਨਾਂ ਦਸਿਆ ਕਿ ਮੁੱਖ ਮੰਤਰੀ ਕਦੇ ਵਿਧਾਨ ਸਭਾ ਵਿਚ ਸਿੱਖ ਕੱਕਾਰਾਂ ਦਾ ਅਪਮਾਨ ਕਰਦੇ ਹਨ, ਕਦੇ ਦਸਤਾਰ ਨੂੰ ਟੋਪੀ ਦੱਸ ਦੇਂਦੇ ਹਨ, ਕਦੇ ਕੁਝ ਤੇ ਕਦੇ ਕੁਝ ਕਰਦਿਆਂ ਸਿੱਖ ਸੰਸਥਾਵਾਂ ਤੇ ਟਿਪਣੀਆਂ ਕਰਨ ਦੇ ਨਾਲ ਸਿੱਖ ਪ੍ਰੰਪਰਾਵਾਂ ਤੇ ਸਿੱਖ ਚਿੰਨਾਂ ਬਾਰੇ ਵੀ ਤੰਜ ਕੱਸਦੇ ਰਹਿਣਾ ਤੁਹਾਡੀ ਅਤਿ ਛੋਟੀ ਮਾਨਸਿਕਤਾ ਨੂੰ ਦਰਸਾਉਂਦਾ ਹੈ। । ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦੇਂਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਪੜ੍ਹੋ ਪਤਾ ਲਗੇਗਾ ਕਿ ਪੂਰੇ ਸੰਸਾਰ ਅੰਦਰ ਇਕ ਮਾਤਰ ਸਿੱਖ ਕੌਮ ਹੀ ਇਕ ਮਾਣ ਤੇ ਸਤਿਕਾਰ ਵਾਲੀ ਕੌਮ ਹੈ । ਅੰਤ ਵਿਚ ਉਨ੍ਹਾਂ ਨੇ ਕਿਹਾ ਕਿ ਚੋਣਾਂ ਵਾਲੇ ਰਾਜਾਂ ਵਿਚ ਆਮ ਆਦਮੀ ਪਾਰਟੀ ਲਈ ਇਸ਼ਤਿਹਾਰਬਾਜ਼ੀ ’ਤੇ ਸੈਂਕੜੇ ਕਰੋੜ ਰੁਪਏ ਬਰਬਾਦ ਕਰਨ ਮਗਰੋਂ ਵੀਂ ਲੋਕਾਂ ਨੇ ਤੁਹਾਡੀ ਪਾਰਟੀ ਨੂੰ ਮੂੰਹ ਨਹੀਂ ਲਗਾਇਆ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਤਿਥੀ ਨਹੀਂ ਸਗੋਂ ਤੁਹਾਡੀ ਪਾਰਟੀ ਦੀ ਸਤਿਥੀ ਦਾ ਬੇੜਾ ਡੁੱਬਣ ਕਿਨਾਰੇ ਪਹੁੰਚ ਚੁੱਕਿਆ ਹੈ ।